Wednesday, October 6, 2010

ਹਲਚਲ ਨਹੀਂ

ਗ਼ਜ਼ਲ/ਹਰਦਮ ਸਿੰਘ ਮਾਨ
ਭੀੜ ਹੈ, ਬਾਜ਼ਾਰ ਹੈ, ਪਰ ਕਿਧਰੇ ਵੀ ਹਲਚਲ ਨਹੀਂ।
ਕਿਸ ਤਰਾਂ ਦਾ ਸ਼ਹਿਰ ਹੈ, ਦਿਸਦੀ ਕੋਈ ਮਹਿਫ਼ਿਲ ਨਹੀਂ।

ਜੇ ਲਹੂ ਵਿਚ ਭਿੱਜ ਗਏ ਨੇ ਬੋਲ ਸਾਰੇ ਸ਼ਹਿਰ ਦੇ
ਕਿੰਜ ਕਹਾਂ ਫਿਰ ਦੋਸਤੋ ! ਮੈਂ ਕਤਲ ਵਿਚ ਸ਼ਾਮਿਲ ਨਹੀਂ।

ਬਿਸਤਰੇ ਵਿਚ ਲੇਟ ਕੇ ਅਕਸਰ ਬੜਾ ਮੈਂ ਸੋਚਦਾਂ
ਮੇਰਿਆਂ ਕਦਮਾਂ 'ਚ ਆ ਕੇ ਰੁਕਦੀ ਕਿਉਂ ਮੰਜ਼ਿਲ ਨਹੀਂ।

ਬਾਗ ਅੰਦਰ ਚਾਰੇ ਪਾਸੇ ਕਾਵਾਂ ਰੌਲੀ ਪੈ ਰਹੀ
ਹੁਣ ਕਿਸੇ ਵੀ ਟਹਿਣੀ ਉਤੇ ਕੂਕਦੀ ਕੋਇਲ ਨਹੀਂ।

ਮੁੱਦਤਾਂ ਤੋਂ ਤਰ ਰਹੇ ਹਾਂ ਏਸ ਨੂੰ ਚੁਪ ਚਾਪ ਹੀ
ਦਰਦ ਦੇ ਇਸ ਦਰਿਆ ਦਾ ਦਿਸਦਾ ਕਿਤੇ ਸਾਹਿਲ ਨਹੀਂ।

ਖਾਹ ਮਖਾਹ ਨਾ ਕਰ ਜਮ੍ਹਾਂ ਤੂੰ ਮੈਨੂੰ ਆਪਣੇ ਆਪ ਵਿਚ
ਮੈਂ ਅਜਿਹਾ ਹਿੰਦਸਾ ਹਾਂ ਜਿਸ ਦਾ ਕੋਈ ਹਾਸਿਲ ਨਹੀਂ।

Friday, August 20, 2010

ਦਲਦਲ

ਗ਼ਜ਼ਲ/ਹਰਦਮ ਸਿੰਘ ਮਾਨ
ਚਾਰ ਚੁਫੇਰੇ ਦਲਦਲ ਦਲਦਲ।
ਯਾਰੋ! ਤੁਰਨਾ ਸੰਭਲ ਸੰਭਲ।

ਰੁੱਤਾਂ ਸਖਤ ਕੁਰੱਖਤ ਨੇ ਬਹੁਤ
ਜਜ਼ਬੇ ਸਾਡੇ ਕੋਮਲ ਕੋਮਲ।

ਰਖਵਾਲੇ ਕੌਣ, ਲੁਟੇਰੇ ਕੌਣ?
ਸਾਰੇ ਸ਼ਹਿਰ 'ਚ ਮੱਚੀ ਹਲਚਲ।

ਵਿਸ਼ਵਾਸ, ਵਫ਼ਾ ਤਾਂ ਵਸਤਰ ਨੇ
ਲੋਕ ਬਦਲਦੇ ਛਿਣ ਛਿਣ, ਪਲ ਪਲ।

ਖ਼ੁਦਗਰਜ਼ੀ ਦੇ ਅੰਨ੍ਹੇ ਯੁਗ ਵਿਚ
ਹਰ ਬੰਦਾ ਹੈ ਦੌੜ 'ਚ ਸ਼ਾਮਲ।

ਪੈਸਾ, ਪਦਵੀ, ਚੌਧਰ, ਸ਼ੁਹਰਤ
ਹਾਏ! ਸਾਡੇ ਕਿੰਨੇ ਕਾਤਲ।

Wednesday, July 21, 2010

ਬੂਹੇ ਬਾਰੀਆਂ

ਗ਼ਜ਼ਲ/ਹਰਦਮ ਸਿੰਘ ਮਾਨ
ਬਹੁਤ ਕੁਝ ਇਹ ਕਹਿਣ ਬੂਹੇ ਬਾਰੀਆਂ।
ਮਾਰ ਅੰਦਰ ਤੂੰ ਕਦੇ ਤਾਂ ਝਾਤੀਆਂ।

ਪੈਰ ਧਰਨੇ ਸਿੱਖ ਪਹਿਲਾਂ ਧਰਤ 'ਤੇ
ਅੰਬਰਾਂ ਵਿਚ ਫੇਰ ਲਾਈਂ ਤਾਰੀਆਂ।

ਸੁਪਨਿਆਂ ਦੀ ਸਰਜ਼ਮੀਂ ਜ਼ਰਖੇਜ ਹੈ
ਬੈਠ ਨਾ ਤੂੰ ਢਾਹ ਕੇ ਏਦਾਂ ਢੇਰੀਆਂ।

ਬਦਲਿਆ ਮੌਸਮ ਹੈ ਏਨਾ ਸ਼ਹਿਰ ਦਾ
ਠੰਡੀਆਂ ਪੌਣਾਂ ਵੀ ਅਕਸਰ ਲੂੰਹਦੀਆਂ।

ਕੰਧਾਂ ਦਾ ਵੀ ਆਪਣਾ ਇਤਿਹਾਸ ਹੈ
ਹਰ ਸਮੇਂ ਖਾਮੋਸ਼ ਨਾ ਇਹ ਰਹਿੰਦੀਆਂ।

ਬੰਦਾ ਪੂਰਾ ਹੋ ਗਿਆ, ਹੁਣ ਸ਼ਾਂਤ ਹੈ
ਖਾਹਿਸ਼ਾਂ ਹਾਏ! ਨਾ ਹੋਈਆਂ ਪੂਰੀਆਂ।

Monday, May 17, 2010

ਸਮੇਂ ਦੀ ਅੱਖ

ਗ਼ਜ਼ਲ/ਹਰਦਮ ਸਿੰਘ ਮਾਨ
ਸੁਪਨਿਆਂ ਦੀ ਧਰਤ ਬੰਜਰ ਇਸ ਸਮੇਂ ਦੀ ਅੱਖ ਵਿਚ।
ਦੂਰ ਤੱਕ ਖੰਡਰ ਹੀ ਖੰਡਰ ਇਸ ਸਮੇਂ ਦੀ ਅੱਖ ਵਿਚ।

ਉਪਜਦੇ ਨੇ ਦਰਦ, ਪੀੜਾਂ, ਹੌਕੇ, ਹੰਝੂ ਨਿਤ ਨਵੇਂ
ਬੀਜ ਦਿੱਤੇ ਕਿਸ ਨੇ ਕੰਕਰ ਇਸ ਸਮੇਂ ਦੀ ਅੱਖ ਵਿਚ।

ਮੋਤੀਆਂ ਦੇ ਢੇਰ ਉਤੇ ਕਾਵਾਂ ਰੌਲੀ ਪੈ ਰਹੀ
ਚੁਗ ਰਹੇ ਨੇ ਹੰਸ ਪੱਥਰ ਇਸ ਸਮੇਂ ਦੀ ਅੱਖ ਵਿਚ।

ਕਿਸ ਹਵਾ ਨੇ ਡਸ ਲਿਆ ਹੈ ਇਹਨਾਂ ਦਾ ਅਣਖੀ ਜਲੌਅ
ਸ਼ਾਂਤ ਕਿਉਂ ਨੇ ਸਭ ਇਹ ਅੱਖਰ ਇਸ ਸਮੇਂ ਦੀ ਅੱਖ ਵਿਚ।

ਹੁਣ ਤਾਂ ਚਿਹਰੇ ਨਿਕਲਦੇ ਨੇ ਪਹਿਨ ਕੇ ਹਰ ਪਲ ਨਕਾਬ
ਗ਼ੈਰ ਹੁਣ ਲਗਦੇ ਨੇ ਮਿੱਤਰ ਇਸ ਸਮੇਂ ਦੀ ਅੱਖ ਵਿਚ।

ਉਹ ਮਨਾਉਂਦੇ ਨੇ ਜਸ਼ਨ, ਕਹਿੰਦੇ ਨਵਾਂ ਇਹ ਦੌਰ ਹੈ
ਵਿਛ ਰਹੇ ਨੇ ਥਾਂ ਥਾਂ ਸੱਥਰ ਇਸ ਸਮੇਂ ਦੀ ਅੱਖ ਵਿਚ।

ਆਓ ਰਲ ਮਿਲ ਡੀਕ ਜਾਈਏ ਇਸ ਦਾ ਕਤਰਾ ਕਤਰਾ 'ਮਾਨ'
ਦਰਦ ਦਾ ਵਗਦਾ ਸਮੁੰਦਰ ਇਸ ਸਮੇਂ ਦੀ ਅੱਖ ਵਿਚ।