ਗ਼ਜ਼ਲ/ਹਰਦਮ ਸਿੰਘ ਮਾਨ
ਬਹੁਤ ਕੁਝ ਇਹ ਕਹਿਣ ਬੂਹੇ ਬਾਰੀਆਂ।
ਮਾਰ ਅੰਦਰ ਤੂੰ ਕਦੇ ਤਾਂ ਝਾਤੀਆਂ।
ਪੈਰ ਧਰਨੇ ਸਿੱਖ ਪਹਿਲਾਂ ਧਰਤ 'ਤੇ
ਅੰਬਰਾਂ ਵਿਚ ਫੇਰ ਲਾਈਂ ਤਾਰੀਆਂ।
ਸੁਪਨਿਆਂ ਦੀ ਸਰਜ਼ਮੀਂ ਜ਼ਰਖੇਜ ਹੈ
ਬੈਠ ਨਾ ਤੂੰ ਢਾਹ ਕੇ ਏਦਾਂ ਢੇਰੀਆਂ।
ਬਦਲਿਆ ਮੌਸਮ ਹੈ ਏਨਾ ਸ਼ਹਿਰ ਦਾ
ਠੰਡੀਆਂ ਪੌਣਾਂ ਵੀ ਅਕਸਰ ਲੂੰਹਦੀਆਂ।
ਕੰਧਾਂ ਦਾ ਵੀ ਆਪਣਾ ਇਤਿਹਾਸ ਹੈ
ਹਰ ਸਮੇਂ ਖਾਮੋਸ਼ ਨਾ ਇਹ ਰਹਿੰਦੀਆਂ।
ਬੰਦਾ ਪੂਰਾ ਹੋ ਗਿਆ, ਹੁਣ ਸ਼ਾਂਤ ਹੈ
ਖਾਹਿਸ਼ਾਂ ਹਾਏ! ਨਾ ਹੋਈਆਂ ਪੂਰੀਆਂ।
ਪੈਰ ਧਰਨੇ ਸਿੱਖ ਪਹਿਲਾਂ ਧਰਤ 'ਤੇ
ReplyDeleteਅੰਬਰਾਂ ਵਿਚ ਫੇਰ ਲਾਈਂ ਤਾਰੀਆਂ.....
ਬਹੁਤ ਹੀ ਵਧੀਆ ਕਵਿਤਾ....
ਠੀਕ ਕਿਹਾ ਸਾਨੂੰ ਹਮੇਸ਼ਾਂ ਧਰਾਤਲ ਨਾਲ਼....ਆਵਦੇ ਪਿੱਛੋਕੜ ਨਾਲ਼ ਜੁੜ ਕੇ ਰਹਿਣਾ ਚਾਹੀਦਾ ਹੈ.....ਐਵੇਂ ਫੁਰਕਬਾਜ਼ੀ ਤੇ ਸ਼ੇਖੀਆਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਕੰਧਾਂ ਦਾ ਵੀ ਆਪਣਾ ਇਤਿਹਾਸ ਹੈ
ReplyDeleteਹਰ ਸਮੇਂ ਖਾਮੋਸ਼ ਨਾ ਇਹ ਰਹਿੰਦੀਆਂ....
ਬਹੁਤ ਹੀ ਵਧੀਆ ਅਹਿਸਾਸ...
ਹਾਂ...ਜੇ ਕੰਧਾਂ ਦੇ ਕੰਨ ਹੋ ਸਕਦੇ ਨੇ....
ਤਾਂ ਜ਼ੁਬਾਨ ਵੀ ਤਾਂ ਹੋ ਸਕਦੀ ਹੈ....
ਕੰਧਾਂ ਵੀ ਆਪਣੇ ਬੀਤੇ ਦੀ ਗੱਲ ਦੱਸ ਸਕਦੀਆਂ ਨੇ!!!
ਬਹੁਤ ਬਹੁਤ ਧੰਨਵਾਦ ਡਾ. ਸਾਹਿਬ!
ReplyDelete