Monday, May 20, 2019

ਗ਼ਜ਼ਲ


ਮਜਲਿਸਾਂ  ਅੰਦਰ  ਜਦੋਂ  ਮਸਲੇ  ਉਠਾਏ ਜਾਣਗੇ। 
 ਆਪਣੀ  ਹਉਮੇ  ਦੇ  ਫਿਰ  ਝੰਡੇ  ਝੁਲਾਏ ਜਾਣਗੇ।

ਸੋਚ ਦਾ ਦੀਵਾ ਤਾਂ ਜਗਦਾ ਰੱਖ ਸਕੇ ਨਾ ਰਾਤ ਭਰ 

ਸ਼ਾਇਰੀ  ਅੰਦਰ  ਕਈ  ਸੂਰਜ  ਚੜ੍ਹਾਏ  ਜਾਣਗੇ।


ਵਗਦੀਆਂ  ਪੌਣਾਂ  ਨੂੰ  ਹੋਈ  ਕੈਦ  ਤੇ ਅੱਗਾਂ ਬਰੀ

ਫੈਸਲੇ  ਹੁਣ  ਇਸ  ਤਰ੍ਹਾਂ  ਏਥੇ  ਸੁਣਾਏ ਜਾਣਗੇ।

ਕੀ  ਪਤਾ  ਕਿੰਨੇਂ  ਵਸੇਬੇ  ਜਾਣਗੇ  ਉੱਜੜ  ਉਦੋਂ

ਬਸਤੀਆਂ ਖਾਤਰ ਜਦੋਂ ਜੰਗਲ ਕਟਾਏ ਜਾਣਗੇ।

ਯਾਦ  ਰੱਖ  ਓਨੇ ਹੀ  ਕੰਡੇ  ਪੈਣਗੇ ਚੁਗਣੇ  ਕਦੇ

ਤੇਰਿਆਂ ਰਾਹਾਂ ਚ ਜਿੰਨੇ ਫੁੱਲ ਵਿਛਾਏ ਜਾਣਗੇ। 



No comments:

Post a Comment