Sunday, June 19, 2011

ਭਾਰਤੀ ਸਿਆਸਤ ਦੇ ਨਾਂ / Hardam Singh Maan

ਨਿਗਲ ਲਏ ਇਨਸਾਨੀ ਕਿਰਦਾਰ ਸਿਆਸਤ ਨੇ।
ਕੀਤੇ ਲੋਕ ਨਕਾਰਾ, ਲਾਚਾਰ ਸਿਆਸਤ ਨੇ।

ਲਿਖ'ਤੀ ਭੁੱਖ, ਗਰੀਬੀ ਹਰ ਘਰ ਦੇ ਮੱਥੇ 'ਤੇ
ਖ਼ੁਦ ਲਈ ਲਾਏ ਧਨ ਦੇ ਅੰਬਾਰ ਸਿਆਸਤ ਨੇ।

ਬੇਈਮਾਨੀ, ਧੋਖਾ, ਠੱਗੀ, ਚੋਰੀ, ਨਫਰਤ
ਲੋਕ-ਲਹੂ ਵਿਚ ਕੀਤੇ ਸੰਚਾਰ ਸਿਆਸਤ ਨੇ।

ਲਹੂ-ਲੁਹਾਨ ਨੇ ਹੋਏ ਵਿਸ਼ਵਾਸ, ਵਫ਼ਾ, ਈਮਾਨ
ਸ਼ਰਮ, ਹਯਾ ਦੇ ਲਾਹ'ਤੇ ਲੰਗਾਰ ਸਿਆਸਤ ਨੇ।

ਝੂਠ, ਫਰੇਬ ਦੇ ਸਿਰ 'ਤੇ ਸਿਹਰੇ, ਮੁਕਟ ਸਜੇ ਹਨ
ਰੋਲੀ ਹਰ ਥਾਂ ਸੱਚ ਦੀ ਦਸਤਾਰ ਸਿਆਸਤ ਨੇ।

ਮਾਂ-ਪਿਓ, ਭੈਣ-ਭਰਾ ਨੇ ਅੱਜ ਕੱਲ੍ਹ ਵੋਟਰ ਪਰਚੀ
ਰਿਸ਼ਤਿਆਂ ਦੇ ਇਉਂ ਛਾਂਗੇ ਆਕਾਰ ਸਿਆਸਤ ਨੇ।

ਫਿਰਕੂ ਰੰਗ ਚੜ੍ਹਾ ਕੇ, ਜਜ਼ਬੇ ਸਾਨ 'ਤੇ ਲਾ ਕੇ,
ਧਰਮ ਦਾ ਚਿਹਰਾ ਕੀਤਾ ਖੂੰਖਾਰ ਸਿਆਸਤ ਨੇ।

ਇਸ ਦੀ ਕੈਰੀ ਅੱਖ ਤੋਂ ਕੋਈ ਬਚ ਨਾ ਸਕਿਆ
ਪਲ ਵਿਚ ਕਰੇ ਨਿਹੱਕੇ, ਹੱਕਦਾਰ ਸਿਆਸਤ ਨੇ।

ਜੇ ਨਾ ਲੋਕ-ਮਨਾਂ ਵਿਚ ਚਾਨਣ ਦੀ ਪਹੁ ਫੁੱਟੀ
ਲੁੱਟਣੈਂ ਇਸੇ ਤਰਾਂ ਹੀ ਹਰ ਵਾਰ ਸਿਆਸਤ ਨੇ।
-ਹਰਦਮ ਸਿੰਘ ਮਾਨ

Sunday, February 13, 2011

ਦੁਨੀਆਂ ਇਉਂ ਖੁਸ਼ ਹੈ / Hardam Singh Maan

ਕਾਲਖ਼ ਸੰਗ ਨਹਾਓ ਦੁਨੀਆਂ ਇਉਂ ਖੁਸ਼ ਹੈ।
ਦੁੱਧ ਧੋਤੇ ਬਣ ਜਾਓ ਦੁਨੀਆਂ ਇਉਂ ਖੁਸ਼ ਹੈ।

ਥੁੱਕੀਂ ਵੜੇ ਪਕਾਓ ਦੁਨੀਆਂ ਇਉਂ ਖੁਸ਼ ਹੈ।
'ਨੇਤਾ ਜੀ' ਅਖਵਾਓ ਦੁਨੀਆਂ ਇਉਂ ਖੁਸ਼ ਹੈ।

ਧੋਖਾ, ਠੱਗੀ, ਬੇਈਮਾਨੀ ਕਰ ਲਓ ਖੂਬ
ਪੂਜਾ ਪਾਠ ਕਰਾਓ ਦੁਨੀਆਂ ਇਉਂ ਖੁਸ਼ ਹੈ।

ਸੱਚ, ਈਮਾਨ ਦਾ ਪੱਲਾ ਛੱਡੋ, ਸੁਖ ਮਾਣੋ!
ਕੂੜ ਦੇ ਸੋਹਲੇ ਗਾਓ ਦੁਨੀਆਂ ਇਉਂ ਖੁਸ਼ ਹੈ।

ਕਿਹੜੇ ਭਾਈਚਾਰੇ ਦੀ ਗੱਲ ਕਰਦੇ ਹੋ
ਘਰੀਂ ਚੁਆਤੀ ਲਾਓ ਦੁਨੀਆਂ ਇਉਂ ਖੁਸ਼ ਹੈ।

ਚਿਹਰੇ ਉਤੇ ਨੂਰ ਹਮੇਸ਼ਾ ਝਲਕੇਗਾ
ਭਗਵਾਂ ਭੇਸ ਬਣਾਓ ਦੁਨੀਆਂ ਇਉਂ ਖੁਸ਼ ਹੈ।

ਤੋਲ-ਤੁਕਾਂਤ ਮਿਲਾ ਕੇ, ਲਿਖ ਕੇ ਸਤਰਾਂ ਚਾਰ
'ਮਾਨ' ਕਵੀ ਬਣ ਜਾਓ ਦੁਨੀਆਂ ਇਉਂ ਖੁਸ਼ ਹੈ।
-ਹਰਦਮ ਸਿੰਘ ਮਾਨ