Sunday, June 19, 2011

ਭਾਰਤੀ ਸਿਆਸਤ ਦੇ ਨਾਂ / Hardam Singh Maan

ਨਿਗਲ ਲਏ ਇਨਸਾਨੀ ਕਿਰਦਾਰ ਸਿਆਸਤ ਨੇ।
ਕੀਤੇ ਲੋਕ ਨਕਾਰਾ, ਲਾਚਾਰ ਸਿਆਸਤ ਨੇ।

ਲਿਖ'ਤੀ ਭੁੱਖ, ਗਰੀਬੀ ਹਰ ਘਰ ਦੇ ਮੱਥੇ 'ਤੇ
ਖ਼ੁਦ ਲਈ ਲਾਏ ਧਨ ਦੇ ਅੰਬਾਰ ਸਿਆਸਤ ਨੇ।

ਬੇਈਮਾਨੀ, ਧੋਖਾ, ਠੱਗੀ, ਚੋਰੀ, ਨਫਰਤ
ਲੋਕ-ਲਹੂ ਵਿਚ ਕੀਤੇ ਸੰਚਾਰ ਸਿਆਸਤ ਨੇ।

ਲਹੂ-ਲੁਹਾਨ ਨੇ ਹੋਏ ਵਿਸ਼ਵਾਸ, ਵਫ਼ਾ, ਈਮਾਨ
ਸ਼ਰਮ, ਹਯਾ ਦੇ ਲਾਹ'ਤੇ ਲੰਗਾਰ ਸਿਆਸਤ ਨੇ।

ਝੂਠ, ਫਰੇਬ ਦੇ ਸਿਰ 'ਤੇ ਸਿਹਰੇ, ਮੁਕਟ ਸਜੇ ਹਨ
ਰੋਲੀ ਹਰ ਥਾਂ ਸੱਚ ਦੀ ਦਸਤਾਰ ਸਿਆਸਤ ਨੇ।

ਮਾਂ-ਪਿਓ, ਭੈਣ-ਭਰਾ ਨੇ ਅੱਜ ਕੱਲ੍ਹ ਵੋਟਰ ਪਰਚੀ
ਰਿਸ਼ਤਿਆਂ ਦੇ ਇਉਂ ਛਾਂਗੇ ਆਕਾਰ ਸਿਆਸਤ ਨੇ।

ਫਿਰਕੂ ਰੰਗ ਚੜ੍ਹਾ ਕੇ, ਜਜ਼ਬੇ ਸਾਨ 'ਤੇ ਲਾ ਕੇ,
ਧਰਮ ਦਾ ਚਿਹਰਾ ਕੀਤਾ ਖੂੰਖਾਰ ਸਿਆਸਤ ਨੇ।

ਇਸ ਦੀ ਕੈਰੀ ਅੱਖ ਤੋਂ ਕੋਈ ਬਚ ਨਾ ਸਕਿਆ
ਪਲ ਵਿਚ ਕਰੇ ਨਿਹੱਕੇ, ਹੱਕਦਾਰ ਸਿਆਸਤ ਨੇ।

ਜੇ ਨਾ ਲੋਕ-ਮਨਾਂ ਵਿਚ ਚਾਨਣ ਦੀ ਪਹੁ ਫੁੱਟੀ
ਲੁੱਟਣੈਂ ਇਸੇ ਤਰਾਂ ਹੀ ਹਰ ਵਾਰ ਸਿਆਸਤ ਨੇ।
-ਹਰਦਮ ਸਿੰਘ ਮਾਨ

1 comment:

  1. ਜੇ ਨਾ ਲੋਕ-ਮਨਾਂ ਵਿਚ ਚਾਨਣ ਦੀ ਪਹੁ ਫੁੱਟੀ
    ਲੁੱਟਣੈਂ ਇਸੇ ਤਰਾਂ ਹੀ ਹਰ ਵਾਰ ਸਿਆਸਤ ਨੇ।

    ਸ਼ਾਇਦ ਬਹੁਤ ਸਮਾਂ ਲੱਗੇ ਅਤੇ ਆਪਾਂ ਦੇਖ ਵੀ ਨਾ ਸਕੀਏ ਉਹ ਸਮਾਂ
    ਮਾਨ ਸਾਹਿਬ,ਜਦ ਲੋਕਾਂ ਦੀ ਅੱਖ ਖੁੱਲੇਗੀ।

    ReplyDelete