ਰਿਸ਼ਤਾ/ ਹਰਦਮ ਸਿੰਘ ਮਾਨ
ਪਿੰਡ ਦੇ ਬੱਸ ਅੱਡੇ ਤੇ ਟਾਵੀਂ ਟਾਵੀਂ ਸਵਾਰੀ ਸੀ। ਸ਼ਹਿਰ ਜਾਣ ਵਾਲੀ ਬੱਸ ਆਉਣ ਵਿਚ ਅਜੇ ਕਾਫੀ ਸਮਾਂ ਪਿਆ ਸੀ। ਬੱਸ ਅੱਡੇ ਦੇ ਇਕ ਪਾਸੇ ਇਕ ਨੌਜਵਾਨ ਇਕ ਬਿਰਧ ਔਰਤ ਦੀ ਸੇਵਾ ਵਿਚ ਜੁਟਿਆ ਹੋਇਆ ਸੀ। ਕਦੇ ਉਹ ਆਪਣੇ ਥੈਲੇ ਚੋਂ ਕੱਢ ਕੇ ਉਸ ਔਰਤ ਨੂੰ ਕੋਕ ਪਿਆਉਂਦਾ, ਕਦੇ ਕੋਈ ਫਲ ਫੜਾਉਂਦਾ ਤੇ ਕਦੇ ਮਠਿਆਈ ਕੱਢ ਕੇ ਦਿੰਦਾ। ਬਿਰਧ ਔਰਤ ਤੋਂ ਇਸ ਤਰਾਂ ਆਪਾ ਵਾਰਨ ਦੀ ਸੇਵਾ-ਭਾਵਨਾ ਵੇਖ ਰਹੇ ਇਕ ਅਧਖੜ ਜਿਹੇ ਵਿਅਕਤੀ ਤੋਂ ਰਿਹਾ ਨਾ ਗਿਆ ਅਤੇ ਨੌਜਵਾਨ ਦੇ ਕੋਲ ਜਾ ਕੇ ਆਖਿਰ ਉਸ ਨੇ ਪੁੱਛ ਹੀ ਲਿਆ 'ਇਹ ਤੇਰੀ ਭੂਆ ਲਗਦੀ ਐ'
'ਹਾਂ' ਨੌਜਵਾਨ ਨੇ ਇਕ ਦਮ ਕਹਿ ਤਾਂ ਦਿੱਤਾ ਪਰ ਨਾਲ ਹੀ ਤ੍ਰਬਕ ਪਿਆ ਕਿ ਇਸ ਓਪਰੇ ਆਦਮੀ ਨੂੰ ਇਹ ਕਿਵੇਂ ਪਤਾ ਲੱਗਿਆ।
'ਤੁਸੀਂ ਕਚਹਿਰੀ ਜਾਣੈ?' ਅੱਧਖੜ੍ਹ ਜਿਹੇ ਵਿਅਕਤੀ ਨੇ ਫੇਰ ਪੁੱਛਿਆ।
'ਹਾਂ...ਪਰ ਥੋਨੂੰ ਇਹ ਕੀਹਨੇ ਦੱਸਿਐ?' ਨੌਜਵਾਨ ਤੇ ਚਿਹਰੇ 'ਤੇ ਹੈਰਾਨੀ ਸੀ।
'ਮੈਨੂੰ ਤਾਂ ਇਹ ਵੀ ਪਤੈ ਕਿ ਉਥੇ ਜਾ ਕੇ ਨੂੰ ਇਸ ਔਰਤ ਤਾ 'ਗੂਠਾ' ਲਵਾਉਣੈ।'
'ਹੈਂਅ ... ਥੋਨੂੰ ਇਹ ਸਭ ਕੁਛ ਕਿਵੇਂ ਪਤਾ ਲੱਗਾ।' ਨੌਜਵਾਨ ਅਚੰਭਿਤ ਸੀ।
'ਪਤਾ... ਲੈ ਇਹ ਵੀ ਕੋਈ ਅਲੋਕਾਰ ਗੱਲ ਐ... ਹਰ ਸਿਆਣਾ ਬੰਦਾ ਜਾਣਦੈ ਕਿ ਬੁੱਢੇ-ਵਾਰੇ ਭੂਆ ਦੀ ਟਹਿਲ ਸੇਵਾ ਸਿਰਫ ਕਚਹਿਰੀ ਵਿਚ ਗੂਠਾ ਲਵਾਉਣ ਵਾਸਤੇ ਈ ਕੀਤੀ ਜਾਂਦੀ ਹੈ ਤਾਂ ਕਿ ਉਹ ਆਵਦੇ ਹਿੱਸੇ ਦੀ ਜੈਦਾਦ...।' ਅਧਖੜ੍ਹ ਵਿਅਕਤੀ ਬੋਲ ਰਿਹਾ ਸੀ ਪਰ ਨੌਜਵਾਨ ਸੁੰਨ ਹੋਇਆ ਖੜ੍ਹਾ ਸੀ।
No comments:
Post a Comment