Monday, January 11, 2010

ਜ਼ਿੰਦਗੀ ਦੀ ਸ਼ਾਨ

ਗ਼ਜ਼ਲ/ਹਰਦਮ ਸਿੰਘ ਮਾਨ
ਖੁਸ਼ਕ ਲਿਖ, ਬੇਨੂਰ ਲਿਖ ਤੇ ਉਡ ਗਈ ਮੁਸਕਾਨ ਲਿਖ।
ਪਹਿਲਾਂ ਵਾਲੀ ਨਾ ਰਹੀ ਹੁਣ ਜ਼ਿੰਦਗੀ ਦੀ ਸ਼ਾਨ ਲਿਖ।

ਡਲ੍ਹਕਦੇ ਨੈਣਾਂ 'ਚ ਸੁਪਨੇ ਹੋ ਰਹੇ ਨੀਲਾਮ ਨੇ
ਕੱਚੀਆਂ ਲਗਰਾਂ ਦੇ ਥਾਂ ਥਾਂ ਸਿਸਕਦੇ ਅਰਮਾਨ ਲਿਖ।

ਤਿੜਕਦਾ ਵਿਸ਼ਵਾਸ ਤੱਕ, ਨਹੁੰਆਂ ਤੋਂ ਟੁੱਟਦਾ ਮਾਸ ਤੱਕ
ਪਿੰਡ ਵਿਚ ਅੱਜ ਕੱਲ੍ਹ ਕੋਈ ਹੁੰਦਾ ਨਹੀਂ ਹੈਰਾਨ ਲਿਖ।

ਯਾਰ ਨੂੰ, ਦਿਲਦਾਰ ਨੂੰ, ਸਰਕਾਰ ਨੂੰ ਖ਼ਤ ਲਿਖਦੇ ਵਕਤ
ਖਾਹਿਸ਼ਾਂ ਵਿਚ ਜ਼ਜਬ ਹੋਈ ਬੰਦੇ ਦੀ ਪਹਿਚਾਨ ਲਿਖ।

ਜ਼ਰਦ ਚਿਹਰੇ, ਸਹਿਮ, ਡਰ ਤੇ ਚਾਰੇ ਪਾਸੇ ਚੁੱਪ ਚਾਂ
ਸ਼ਹਿਰ ਵੀ ਹੁਣ ਜਾਪਦੇ ਨੇ ਜਿਉਂ ਕੋਈ ਸ਼ਮਸ਼ਾਨ ਲਿਖ।

ਮੁੱਠ ਹੱਡੀਆਂ ਸਾਂਭ ਕੇ, ਸਾਹਾਂ ਦੀ ਪੂੰਜੀ ਜੋੜ ਕੇ
ਜ਼ਿੰਦਗੀ ਤੇ ਕਰ ਰਿਹੈ ਹਰ ਆਦਮੀ ਅਹਿਸਾਨ ਲਿਖ।

ਜੇ ਗ਼ਜ਼ਲ ਦੀ ਮਹਿਕ ਚਾਹੁਨੈ ਪਿੰਡ ਦੀ ਹਰ ਜੂਹ ਤੀਕ
ਕਿਰਤ ਲਿਖ, ਈਮਾਨ ਲਿਖ, ਮਜ਼ਦੂਰ ਲਿਖ, ਕਿਰਸਾਨ ਲਿਖ।

2 comments:

  1. Maan Sahib, bahut hi sunder ghazal likhi hai tusi, har she'r laajwaab hai.....
    Surinder

    ਖੁਸ਼ਕ ਲਿਖ, ਬੇਨੂਰ ਲਿਖ ਤੇ ਉਡ ਗਈ ਮੁਸਕਾਨ ਲਿਖ।
    ਪਹਿਲਾਂ ਵਾਲੀ ਨਾ ਰਹੀ ਹੁਣ ਜ਼ਿੰਦਗੀ ਦੀ ਸ਼ਾਨ ਲਿਖ।

    ਡਲ੍ਹਕਦੇ ਨੈਣਾਂ 'ਚ ਸੁਪਨੇ ਹੋ ਰਹੇ ਨੀਲਾਮ ਨੇ
    ਕੱਚੀਆਂ ਲਗਰਾਂ ਦੇ ਥਾਂ ਥਾਂ ਸਿਸਕਦੇ ਅਰਮਾਨ ਲਿਖ।

    ReplyDelete
  2. ਜ਼ਰਦ ਚਿਹਰੇ, ਸਹਿਮ, ਡਰ ਤੇ ਚਾਰੇ ਪਾਸੇ ਚੁੱਪ ਚਾਂ
    ਸ਼ਹਿਰ ਵੀ ਹੁਣ ਜਾਪਦੇ ਨੇ ਜਿਉਂ ਕੋਈ ਸ਼ਮਸ਼ਾਨ ਲਿਖ।

    ਮੁੱਠ ਹੱਡੀਆਂ ਸਾਂਭ ਕੇ, ਸਾਹਾਂ ਦੀ ਪੂੰਜੀ ਜੋੜ ਕੇ
    ਜ਼ਿੰਦਗੀ ਤੇ ਕਰ ਰਿਹੈ ਹਰ ਆਦਮੀ ਅਹਿਸਾਨ ਲਿਖ।

    ਮਾਨ ਸਾਹਿਬ,ਅੱਜ ਦੇ ਸੰਦਰਭ ਵਿਚ ਆਮ ਆਦਮੀ ਦੀ ਸਮਾਜਿਕ,ਆਰਥਿਕ ਅਤੇ ਰਾਜਨੀਤਕ ਅਸੁਰੱਖਿਆ ਦੀ ਸੱਚੀ ਬਿਆਨਬਾਜੀ ਹੈ

    ReplyDelete