Sunday, January 3, 2010

ਮਿੰਨੀ ਕਹਾਣੀ
ਜ਼ਿੰਦਗੀ / ਹਰਦਮ ਸਿੰਘ ਮਾਨ
ਸੱਠਾਂ ਨੂੰ ਢੁੱਕ ਚੁੱਕੇ ਭਜਨ ਸਿਹੁੰ ਨੇ ਪੂਰੇ ਪੈਂਤੀ ਸਾਲ ਸਮਾਜ ਸੇਵਾ ਦੇ ਕੰਮਾਂ ਨੂੰ ਸਮੱਰਿਪਤ ਕਰ ਦਿੱਤੇ ਸਨ। ਉਸ ਦੇ ਆਂਢ-ਗੁਆਂਢ, ਰਿਸ਼ਤੇਦਾਰੀ ਜਾਂ ਸੱਜਣ-ਮਿੱਤਰਾਂ ਦੇ ਦਾਇਰੇ ਵਿਚ ਕਿਸੇ ਨੂੰ ਕੋਈ ਦੁੱਖ ਤਕਲੀਫ਼ ਹੁੰਦੀ ਤਾਂ ਉਹ ਹਰ ਕਿਸੇ ਲਈ ਦਾਰੂ ਬਣ ਕੇ ਬਹੁੜਦਾ। ਦੂਜਿਆਂ ਦੀ ਖੁਸ਼ੀ ਮੌਕੇ ਵੀ ਉਹ ਖੀਵਾ ਹੋ ਜਾਂਦਾ। ਨਾ ਉਹ ਥਕਦਾ ਸੀ ਅਤੇ ਨਾ ਹੀ ਕਦੇ ਅਕਦਾ। ਦਿਨ ਹੋਵੇ ਜਾਂ ਰਾਤ ਉਸ ਨੂੰ ਕਿਸੇ ਨੇ ਕਿਸੇ ਲੋਕ-ਕਾਜ ਲਈ ਆਵਾਜ਼ ਮਾਰ ਲਈ ਤਾਂ ਉਹ ਝੱਟ ਉਠ ਕੇ ਨਾਲ ਤੁਰ ਪੈਂਦਾ।
ਇਕ ਰਾਤ ਜਦੋਂ ਉਹ ਆਪਣੇ ਗੁਆਂਢੀ ਪ੍ਰੀਤਮ ਸਿੰਘ ਨੂੰ ਬੀਮਾਰੀ ਦੀ ਹਾਲਤ ਵਿਚ ਚੰਡੀਗੜ੍ਹ ਹਸਪਤਾਲ ਲਈ ਲਿਜਾ ਰਿਹਾ ਸੀ ਤਾਂ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਭਜਨ ਸਿੰਘ ਦੀ ਜਾਨ ਤਾਂ ਬਚ ਗਈ ਪਰ ਉਹ ਦੋਹਾਂ ਅੱਖਾਂ ਤੋਂ ਮੁਥਾਜ ਹੋ ਗਿਆ। ਉਹ ਮੰਜੇ ਨਾਲ ਜੁੜ ਕੇ ਰਹਿ ਗਿਆ। ਉਸ ਦੀ ਦੁਨੀਆਂ ਵਿਚ ਹਨੇਰ ਪਸਰਿਆਂ ਪੰਜ ਸਾਲ ਬੀਤ ਗਏ ਸਨ ਪਰ ਉਸ ਦੀ ਦਮਦਾਰ ਆਵਾਜ਼ ਅਜੇ ਵੀ ਉਸ ਦੀ ਜ਼ਿੰਦਾਦਿਲੀ ਦੀ ਹਾਮੀ ਭਰਦੀ ਸੀ। ਲੋਕ ਆਉਂਦੇ, ਉਹਦਾ ਹਲਾ ਚਾਲ ਪੁਛਦੇ ਤਾਂ ਉਸ ਦਾ ਅੱਗੋਂ ਜਵਾਬ ਹੁੰਦਾ 'ਮੈਨੂੰ ਕੀ ਹੋਇਐ। ਮੈਂ ਤਾਂ ਘੋੜੇ ਅਰਗਾ ਕਾਇਮ ਐਂ।'
ਇਕ ਦਿਨ ਅਚਾਨਕ ਭਜਨ ਸਿਹੁੰ ਨੂੰ ਦਿਲ ਵਾਲੇ ਪਾਸੇ ਦਰਦ ਦੀ ਸ਼ਿਕਾਇਤ ਹੋਈ। ਤੁਰੰਤ ਡਾਕਟਰ ਬੁਲਾਇਆ ਪਰ ਖਤਰੇ ਵਾਲੀ ਕੋਈ ਗੱਲ ਨਹੀਂ ਸੀ। ਪਿੰਡ ਵਿਚ ਪਤਾ ਲਗਦਿਆਂ ਹੀ ਉਸ ਦੀ ਖ਼ਬਰਸਾਰ ਲੈਣ ਦੀ ਵਾਲਿਆਂ ਦੀ ਗਿਣਤੀ ਹੋਰ ਵਧ ਗਈ। ਸ਼ਾਮ ਵੇਲੇ ਉਹ ਬਿਸਤਰੇ ਦਾ ਢੋਅ ਲਾ ਕੇ ਮੰਜੇ ਤੇ ਬੈਠਾ ਸੀ ਕਿ ਪਿੰਡ ਚੋਂ ਉਸ ਦੀ ਭਰਜਾਈ ਤੇਜ਼ ਕੌਰ ਵੀ ਉਸ ਦਾ ਪਤਾ ਲੈਣ ਆਈ 'ਵੇ ਭਜਨਿਆਂ!... ਦਿਸਦਾ ਤੈਨੂੰ ਨੀਂ, ਗੁਰਦੇ ਤੇਰੇ ਨੀਂ ਕੰਮ ਕਰਦੇ। ਲਕਵੇ ਤੋਂ ਤੂੰ ਮਸਾਂ ਬਚਿਐਂ ਤੇ ਦਿਲ ਦਾ ਦੌਰੇ ਦੀ ਕਸਰ ਸੀ ਉਹ ਵੀ ਪੂਰੀ ਹੋ ਗਈ। ਹੁਣ ਤਾਂ ਬੱਸ ਮੂੰਹ ਢਕਣਾ ਈ ਬਾਕੀ ਰਹਿ ਗਿਆ...' ਤੇਜ਼ ਕੌਰ ਅਜੇ ਬੋਲ ਹੀ ਰਹੀ ਸੀ ਕਿ ਭਜਨ ਸਿੰਘ ਨੇ ਆਪਣੇ ਵੱਡੇ ਮੁੰਡੇ ਨੂੰ ਆਵਾਜ਼ ਦਿੱਤੀ 'ਆਹ ਕੁਲਹਿਣੀ ਨੂੰ ਮੇਰੇ ਕਮਰੇ ਚੋਂ ਦਫਾ ਕਰ ਓਏ। ਇਹ ਮੇਰਾ ਪਤਾ ਲੈਣ ਆਈ ਐ ਕਿ...।'

No comments:

Post a Comment