ਗ਼ਜ਼ਲ/ਹਰਦਮ ਸਿੰਘ ਮਾਨ
ਆਪਣੇ ਘਰ ਦੀ ਪਤਝੜ ਏਦਾਂ ਦੂਰ ਭਜਾਵਾਂ ਮੈਂ।
ਮਨ ਦੇ ਵਿਹੜੇ ਨਿੱਤ ਨਵੇਂ ਕੁੱਝ ਫੁੱਲ ਸਜਾਵਾਂ ਮੈਂ।
ਰੋਜ਼ ਸਵੇਰੇ ਵੇਖਾਂ ਉੱਗੇ, ਦਸ ਸਿਰ ਹੋਰ ਨਵੇਂ
ਆਪਣੇ ਮਨ ਦਾ ਰਾਵਣ ਸ਼ਾਮੀਂ ਰੋਜ਼ ਜਲਾਵਾਂ ਮੈਂ।
ਤਨ-ਧਰਤੀ ਦਾ ਕੋਨਾ ਕੋਨਾ ਇਕ ਪਲ 'ਚ ਗਾਹ ਲਵਾਂ
ਮਨ-ਅੰਬਰ ਦੀ ਪਰਕਰਮਾ ਦੀ ਥਾਹ ਨਾ ਪਾਵਾਂ ਮੈਂ।
ਉਸ ਪੱਥਰ ਦਾ ਮਨ ਵੀ ਸ਼ਾਇਦ ਕਦੇ ਤਾਂ ਪਿਘਲ ਪਵੇ
ਸ਼ਾਮ ਸਵੇਰੇ ਕਿੰਨੇ ਹੀ ਫੁੱਲ ਬਲੀ ਚੜ੍ਹਾਵਾਂ ਮੈਂ।
ਭਟਕੇ ਸੁਪਨੇ ਜਿੱਥੇ ਬਹਿ ਕੇ ਕੁਝ ਪਲ ਕਰਨ ਆਰਾਮ
ਮਨ ਦੀ ਦੁਨੀਆਂ ਅੰਦਰ ਲੱਭਾਂ ਉਹ ਸਿਰਨਾਵਾਂ ਮੈਂ।
ਸ਼ੀਸ਼ਾ ਮੈਨੂੰ 'ਮੁਜਰਿਮ ਮੁਜਰਿਮ' ਆਖੇ ਅਕਸਰ 'ਮਾਨ'
ਨੇਰ੍ਹੇ ਦੀ ਸੱਥ ਅੰਦਰ ਬਹਿ ਕੇ 'ਜੱਜ' ਕਹਾਵਾਂ ਮੈਂ।
ਇਨਸਾਨਾਂ ਦੀ ਖੁਸ਼ਬੂ ਲੱਭਦੈ ਇਸ ਨਗਰੀ ਚੋਂ 'ਮਾਨ'
ਬੱਚਿਆਂ ਵਰਗੇ ਭੋਲੇ ਮਨ ਨੂੰ ਕਿੰਜ ਸਮਝਾਵਾਂ ਮੈਂ।
ਮਾਨ ਸਾਹਿਬ,ਆਪ ਜੀ ਦੀ ਉਪਰੋਕਤ ਗਜ਼ਲ ਪੰਜਾਬੀ ਲੇਖਕ ਤੇ ਹੁਣੇ ਪੜ੍ਹੀ ਹੈ,ਝੂਠ ਨਹੀਂ ਬੋਲਦਾ ਅਨੰਦਿਤ ਹੋ ਗਿਆ ਹਾਂ। ਬਿਲਕੁਲ ਉਸੇ ਤਰਾਂ ਜਿਵੇਂ ਕਿਸੇ ਕਿਹਾ "ਤੁਮ ਤਨਹਾ ਦੁਨੀਆਂ ਸੇ ਲੜੋਗੇ ? ਬੱਚੋਂ ਸੀ ਬਾਤੇਂ ਕਰਤੇ ਹੋ !!" ਲਿਖਦੇ ਰਹੋ,ਗੁਣਗੁਣਾਉਂਦੇ ਰਹੋ,ਮਿਲਦੇ ਰਹੋ, ਖਿਆਲਾਂ ਵਿਚ ਆਉਂਦੇ ਰਹੋ।
ReplyDelete