Sunday, December 6, 2009

ਰਾਹਬਰੀ ਦੇ ਪੱਥਰ

ਗ਼ਜ਼ਲ/ਹਰਦਮ ਸਿੰਘ ਮਾਨ
ਰਾਹਬਰੀ ਦੇ ਪੂਜ ਕੇ ਨਿੱਤ ਪੱਥਰ ਨਵੇਂ ਨਵੇਂ।
ਗਾਹੁਣਾ ਚਾਹੇ ਆਦਮੀ ਨਿੱਤ ਅੰਬਰ ਨਵੇਂ ਨਵੇਂ।

ਸੁਪਨਿਆਂ ਵਿਚ ਵੇਖਦਾਂ ਹਾਂ ਮੰਜ਼ਰ ਨਵੇਂ ਨਵੇਂ।
ਅੱਖ ਖੁੱਲ੍ਹੇ, ਨਜ਼ਰ ਆਵਣ ਖੰਡਰ ਨਵੇਂ ਨਵੇਂ।

ਹੁਣ ਪੁਰਾਣੇ ਯਾਰ ਦਾ ਖ਼ਤ ਮਿਲਦੈ ਜਦੋਂ ਕਦੇ
ਮੇਰੀਆਂ ਅੱਖਾਂ 'ਚ ਚੁਭਦੇ ਅੱਖਰ ਨਵੇਂ ਨਵੇਂ।

ਤੂੰ ਹੀ ਦੱਸ ਕਿ ਕਿਹੜੇ ਦਰ ਤੇ ਦਸਤਕ ਦਿਆਂ ਮੈਂ ਯਾਰ!
ਉੱਗੇ ਨੇ ਹਰ ਦੇਹਲੀ ਉਤੇ ਖੰਜਰ ਨਵੇਂ ਨਵੇਂ।

ਭਟਕਣਾ ਦੇ ਦੌਰ ਦਾ ਅੰਤ ਦਿਸਦਾ ਨਹੀਂ ਕਿਤੇ
ਹਰ ਕਦਮ ਤੇ ਬਣ ਰਹੇ ਨੇ ਰਾਹਬਰ ਨਵੇਂ ਨਵੇਂ।

ਸ਼ੀਸ਼ਿਆਂ ਦੇ ਪਹਿਨ ਵਸਤਰ ਤੁਰਦਾਂ ਜਦੋਂ ਵੀ 'ਮਾਨ'
ਜ਼ਿਹਨ ਵਿਚ ਵਜਦੇ ਬੜੇ ਨੇ ਪੱਥਰ ਨਵੇਂ ਨਵੇਂ।

2 comments:

  1. ਹਰਦਮ ਸਿੰਘ ਮਾਨ , ਤੁਹਾਡੇ ਬਲੋਗ ਤੇ ਪਹਿਲੀ ਵਾਰ ਆਇਆ ਤੇ ਬਲੋਗ ਮੈਨੂੰ ਪੰਜਾਬੀ ਦੀ ਬਹੁਤ ਹੀ ਪਿਆਰੀ ਕਵਿਤਾਵਾਂ ਨਾਲ ਭਰਿਆ ਮਿਲਿਆ
    ਬਹੁਤ ਹੀ ਚੁਣਵੇ ਸ਼ਬਦ ਲਗਾਏ ਹਨ ਪਰ ਤੁਸੀ ਅਪਣੇ ਬਾਰੇ ਵਿਚ ਪਰੋਫਾਇਲ ਵਿਚ ਕੁਝ ਨਹੀ ਦਸੀਆ ਕਿਰਪਾ ਕਰੇ ਅਪਣੇ ਬਾਰੇ ਪੜਨ ਵਾਲਿਆ ਨੂੰ ਜਾਣੁ ਕਰਾਉ

    ਤੁਹਾਡਾ ਨਵਾ

    ਦੋਸਤ
    ਵਿਨੋਦ ( ਪੰਜਾਬੀ ਮੇਰੀ ਅਵਾਜ http://punjabirajpura.blogspot.com )

    ReplyDelete
  2. ਸੁਪਨਿਆਂ ਵਿਚ ਵੇਖਦਾਂ ਹਾਂ ਮੰਜ਼ਰ ਨਵੇਂ ਨਵੇਂ।
    ਅੱਖ ਖੁੱਲ੍ਹੇ, ਨਜ਼ਰ ਆਵਣ ਖੰਡਰ ਨਵੇਂ ਨਵੇਂ।

    ਮੈਂ ਢੂੰਡਤਾ ਹੂੰ ਜਿਨਕੋ ਰਾਤੋਂ ਕੋ ਖਿਆਲੋਂ ਮੇ
    ਵੋ ਮੁਝ ਕੋ ਮਿਲ ਸਕੇ ਨਾ ਸੁਬ੍ਹਾ ਕੇ ਉਜਾਲੋਂ ਮੇਂ

    ਸੁਪਨਿਆਂ ਤੂੰ ਸਰਤਾਜ ਹੈਂ ਤੇ ਉਤਮ ਤੇਰੀ ਜਾਤ
    ਸੌ ਜਨਮਾਂ ਦੇ ਵਿਛੜੇ ਤੂੰ ਆਣ ਮਿਲਾਵੇਂ ਰਾਤ

    ReplyDelete