ਗ਼ਜ਼ਲ/ਹਰਦਮ ਸਿੰਘ ਮਾਨ
ਸਿਦਕ ਦੇ ਸਾਹਵੇਂ ਸਿਤਮ ਉਹਦੇ ਨੇ ਹਰਨਾ ਹੈ ਹਰ ਹਾਲ।
ਰਿਸਦੇ ਜ਼ਖ਼ਮਾਂ ਨੇ ਵੀ ਇਕ ਦਿਨ ਭਰਨਾ ਹੈ ਹਰ ਹਾਲ।
ਨੰਗੇ ਪੈਰੀਂ, ਤੱਤੀ ਰੇਤ ਦਾ ਕਣ ਕਣ ਛਾਣ ਲਵੀਂ
ਜੀਵਨ ਦਾ ਇਹ ਮਾਰੂਥਲ ਸਰ ਕਰਨਾ ਹੈ ਹਰ ਹਾਲ।
ਹਰ ਪਾਸੇ ਨੇ ਖੁਸ਼ਕ ਹਵਾਵਾਂ, ਉਤੋਂ ਲੰਮੀ ਔੜ
ਨੈਣਾਂ ਦੇ ਸਾਵਣ ਨੇ ਐਪਰ ਵਰਨ੍ਹਾ ਹੈ ਹਰ ਹਾਲ।
ਡਰ ਨਾ ਏਸ ਹਨੇਰੇ ਤੋਂ, ਜਾਰੀ ਰੱਖ ਇਹ ਪਰਵਾਜ਼
ਕਾਲੀ ਰਾਤ ਦੀ ਹਿੱਕ ਤੇ ਸੂਰਜ ਧਰਨਾ ਹੈ ਹਰ ਹਾਲ।
'ਹਰਦਮ' ਝੁਲਦਾ ਰੱਖਿਆ ਜਿਸ ਨੇ ਜੀਵਨ ਦਾ ਪਰਚਮ
'ਮਾਨ' ਓਸ ਸੁਪਨੇ ਨੂੰ ਸਿਜਦਾ ਕਰਨਾ ਹੈ ਹਰ ਹਾਲ।
No comments:
Post a Comment