Saturday, October 17, 2009

ਵਕਤ ਦੇ ਦਾਅ-ਪੇਚ

ਗ਼ਜ਼ਲ/ਹਰਦਮ ਸਿੰਘ ਮਾਨ
ਵਕਤ ਦੇ ਦਾਅ-ਪੇਚ ਸਾਰੇ ਜੇ ਮੈਂ ਹੁੰਦਾ ਜਾਣਦਾ।
ਮੈਂ ਵੀ ਤਾਂ ਹੋ ਜਾਵਣਾ ਸੀ ਜ਼ਿੰਦਗੀ ਦੇ ਹਾਣਦਾ।

ਉਸ ਨੇ ਕੇਰਾਂ ਸੁਪਨੇ ਅੰਦਰ ਵੇਖੀ ਸੀ ਵਗਦੀ ਨਦੀ
ਰਾਤ ਦਿਨ ਉਹ ਫਿਰ ਰਿਹਾ ਹੈ ਟਿੱਬਿਆਂ ਨੂੰ ਛਾਣਦਾ।

ਸ਼ੋਖ਼ ਰੰਗਾਂ ਦੀ ਅਦਾ ਤੋਂ ਹਰ ਕੋਈ ਕੁਰਬਾਨ ਹੈ
ਕੌਣ ਏਥੇ ਫੁੱਲਾਂ ਦੀ ਖੁਸ਼ਬੋਈ ਨੂੰ ਹੈ ਮਾਣਦਾ।

ਕੀ ਪਤਾ ਸੀ ਲਾਸ਼ ਉਸ ਦੀ ਧੁੱਪ 'ਚ ਇਉਂ ਸੜਦੀ ਰਹੂ
ਆਪਣੇ ਪਰਛਾਵੇਂ ਤੇ ਵੀ ਜੋ ਸੀ ਛਤਰੀ ਤਾਣਦਾ।

ਕਦ ਕਿਸੇ ਨੇ ਸਮਝਿਆ ਹੈ ਟਾਹਣੀਆਂ ਦੇ ਦਰਦ ਨੂੰ
ਧੁੱਪ 'ਚ ਸੜਦੇ ਰੁੱਖਾਂ ਦੀ ਛਾਂ ਹਰ ਕੋਈ ਹੈ ਮਾਣਦਾ।

No comments:

Post a Comment