Wednesday, October 7, 2009

ਚੰਦ ਪਲਾਂ ਦੀ ਖੁਸ਼ਬੂ

ਗ਼ਜ਼ਲ/ਹਰਦਮ ਸਿੰਘ ਮਾਨ
ਹੋਇਆ ਕੀ ਜੇ ਚਾਰ ਚੁਫੇਰੇ ਨੇਰ੍ਹਾ ਹੈ।
ਨੇਰ੍ਹੇ ਦੀ ਕੁੱਖ ਵਿਚ ਹੀ ਸੋਨ ਸਵੇਰਾ ਹੈ।

ਚੰਦ ਪਲਾਂ ਦੀ ਖੁਸ਼ਬੂ ਹੈ, ਅਹੁ ਜਿਸਮਾਂ ਦੀ
ਆਹ ਮੁੜ੍ਹਕੇ ਦਾ ਜੀਵਨ ਬਹੁਤ ਲੰਮੇਰਾ ਹੈ।

ਝੀਥਾਂ ਵਿਚਦੀ ਵੇਖਣ ਜੀਵਨ ਚਿੱਤਰ ਜੋ
ਉਹ ਕੀ ਜਾਣਨ ਇਸ ਦਾ ਕੌਣ ਚਿਤੇਰਾ ਹੈ।

ਬੱਦਲਾਂ ਦੀ ਛਾਂ ਉਤੇ ਤੈਨੂੰ ਮਾਣ ਬੜਾ
ਬੋਹੜਾਂ ਦੀ ਛਾਂ ਵਰਗਾ ਸਾਡਾ ਜੇਰਾ ਹੈ।

ਬੂਹੇ ਉਤੇ ਫੁੱਲਾਂ ਲੱਦੀ ਵੇਲ ਸਜੇ
ਘਰ ਅੰਦਰ ਤਾਂ ਪਤਝੜ ਦਾ ਬਸੇਰਾ ਹੈ।

ਮੜ੍ਹੀਆਂ ਵਿਚ ਨੇ ਜੋਤਾਂ ਲਟ ਲਟ ਬਲ ਰਹੀਆਂ
ਦੀਵੇ ਬਾਝੋਂ ਸੱਖਣਾ ਪਿਆ ਬਨੇਰਾ ਹੈ।

ਦੌਲਤਮੰਦਾਂ ਦੀ ਬਸਤੀ ਵਿਚ ਰਹਿੰਦੈ 'ਮਾਨ'
ਉਸ ਦਾ ਤਾਂ ਹਰ ਪਲ ਹੀ ਡਾਂਗ ਤੇ ਡੇਰਾ ਹੈ।

2 comments:

  1. ਹੋਇਆ ਕੀ ਜੇ ਚਾਰ ਚੁਫੇਰੇ ਨੇਰ੍ਹਾ ਹੈ।
    ਨੇਰ੍ਹੇ ਦੀ ਕੁੱਖ ਵਿਚ ਹੀ ਸੋਨ ਸਵੇਰਾ ਹੈ।

    ਚੰਦ ਪਲਾਂ ਦੀ ਖੁਸ਼ਬੂ ਹੈ, ਅਹੁ ਜਿਸਮਾਂ ਦੀ
    ਆਹ ਮੁੜ੍ਹਕੇ ਦਾ ਜੀਵਨ ਬਹੁਤ ਲੰਮੇਰਾ ਹੈ।

    waah....waah.....har she'r lajwaab hai ji .....!!

    ReplyDelete