Tuesday, December 16, 2014

ਸ਼ਹਿਰ ਦੀ ਜੂਹ ਅੰਦਰ / Hardam Singh Maan


                   ਬਣੇ  ਖ਼ੁਦਾ  ਨੇ  ਪੱਥਰ  ਸ਼ਹਿਰ ਦੀ ਜੂਹ ਅੰਦਰ
                        ਰੁਲਦੇ ਫਿਰਦੇ  ਅੱਖਰ  ਸ਼ਹਿਰ ਦੀ ਜੂਹ ਅੰਦਰ

                        ਕਿੱਥੇ   ਜਾਵਣ   ਭੋਲੇ-ਭਾਲੇ    ਇਹ    ਇਨਸਾਨ
                        ਥਾਂ ਥਾਂ ਮਸਜਿਦ ਮੰਦਰ ਸ਼ਹਿਰ ਦੀ ਜੂਹ ਅੰਦਰ

                        ਲਿਸ਼ਕੇ  ਪੁਸ਼ਕੇ  ਜਿਸਮਾਂ  ਦੇ  ਮਨਮੋਹਣੇ ਮਹਿਲ
                        ਰੂਹਾਂ  ਦੇ  ਨੇ  ਖੰਡਰ  ਸ਼ਹਿਰ  ਦੀ  ਜੂਹ ਅੰਦਰ

                        ਲੂਣ  ਤੇਲ  ਦੀ  ਬਾਜੀ  ਜਿੱਤ  ਕੇ  ਬਣਨ ਮਹਾਨ
                        ਘਰ ਘਰ ਕਈ ਸਿਕੰਦਰ ਸ਼ਹਿਰ ਦੀ ਜੂਹ ਅੰਦਰ

                        ਉਚੇ  ਬੰਗਲੇਦੌਲਤਰੁਤਬੇਵੱਡੇ  ਲੋਕ
                        ਨਿੱਕੇ ਨਿੱਕੇ ਅੰਬਰ ਸ਼ਹਿਰ ਦੀ ਜੂਹ ਅੰਦਰ
                   
                   ਨਾ  ਸੁਪਨੇਨਾ   ਰੀਝਾਂ  ਤੇ   ਨਾ  ਰੰਗ  ਤਰੰਗ
                        ਵਿਛੇ ਮਨਾਂ ਵਿਚ ਸੱਥਰ ਸ਼ਹਿਰ ਦੀ ਜੂਹ ਅੰਦਰ
                  
                    ਮੈਂ  ਸ਼ਾਇਰ  ਹਾਂਕੋਮਲ  ਜਜ਼ਬੇਕੋਮਲ ਮਨ
                        ਭਾਰੇ  ਭਾਰੇ  ਪੱਥਰ  ਸ਼ਹਿਰ  ਦੀ  ਜੂਹ  ਅੰਦਰ 
                                                         -ਹਰਦਮ ਸਿੰਘ ਮਾਨ





Sunday, September 28, 2014

ਥਲਾਂ ਦੀ ਰੇਤ ਇਹ ਗ਼ਜ਼ਲਾਂ.../ Hardam Singh Maan

ਥਲਾਂ ਦੀ ਰੇਤ ਇਹ ਗ਼ਜ਼ਲਾਂ, ਨਦੀ ਦਾ ਵਹਿਣ ਇਹ ਗ਼ਜ਼ਲਾਂ।
ਬੜਾ ਖਾਮੋਸ਼ ਰਹਿ ਕੇ ਵੀ ਬੜਾ ਕੁਝ ਕਹਿਣ ਇਹ ਗ਼ਜ਼ਲਾਂ।

ਸਮੇਂ ਦੀ ਤਪਸ਼ ਆਪਣੇ ਜਿਸਮ ਉਤੇ ਸਹਿਣ ਇਹ ਗ਼ਜ਼ਲਾਂ।
ਖ਼ੁਦਾਇਆ ਫੇਰ ਵੀ ਇਉਂ ਹਸਦੀਆਂ ਹੀ ਰਹਿਣ ਇਹ ਗ਼ਜ਼ਲਾਂ।

ਇਨ੍ਹਾਂ ਦੇ ਹਰ ਸ਼ਿਅਰ ਅੰਦਰ ਮੇਰਾ ਹੀ ਖੂਨ ਵਗਦਾ ਹੈ
ਮੇਰੇ ਹੀ ਵਾਂਗ ਟਿਕ ਕੇ ਨਾ ਕਦੇ ਵੀ ਬਹਿਣ ਇਹ ਗ਼ਜ਼ਲਾਂ।

ਫਹਾ ਬਣ ਕੇ ਹੀ ਲੱਗੀਆਂ ਨੇ ਕਿਤੇ ਵੀ ਜ਼ਖ਼ਮ ਜਦ ਡਿੱਠਾ
ਸੁਨੇਹਾ ਜ਼ਿੰਦਗੀ ਦਾ ਵੰਡਦੀਆਂ ਹੀ ਰਹਿਣ ਇਹ ਗ਼ਜ਼ਲਾਂ।

ਹਵਾਵਾਂ ਖਚਰੀਆਂ ਨੇ ਹਰ ਘੜੀ ਕੰਨ ਭਰਨ ਮੌਸਮ ਦੇ
ਹਮੇਸ਼ਾ ਮਸਤ ਆਪਣੀ ਚਾਲ ਵਿਚ ਹੀ ਰਹਿਣ ਇਹ ਗ਼ਜ਼ਲਾਂ।

ਇਨ੍ਹਾਂ ਦੇ ਹਰਫ਼ ਕੂਲੇ ਨੇ, ਇਨ੍ਹਾਂ ਦੇ ਅਰਥ ਸੂਖਮ ਨੇ
ਬੜੇ ਬੇਰਹਿਮ ਮੌਸਮ ਨਾਲ ਫਿਰ ਵੀ ਖਹਿਣ ਇਹ ਗ਼ਜ਼ਲਾਂ।
-ਹਰਦਮ ਸਿੰਘ ਮਾਨ