ਬਣੇ ਖ਼ੁਦਾ ਨੇ ਪੱਥਰ ਸ਼ਹਿਰ ਦੀ ਜੂਹ ਅੰਦਰ।
ਰੁਲਦੇ ਫਿਰਦੇ ਅੱਖਰ ਸ਼ਹਿਰ ਦੀ ਜੂਹ ਅੰਦਰ।
ਕਿੱਥੇ ਜਾਵਣ ਭੋਲੇ-ਭਾਲੇ ਇਹ ਇਨਸਾਨ
ਥਾਂ ਥਾਂ ਮਸਜਿਦ ਮੰਦਰ ਸ਼ਹਿਰ ਦੀ ਜੂਹ ਅੰਦਰ।
ਲਿਸ਼ਕੇ ਪੁਸ਼ਕੇ ਜਿਸਮਾਂ ਦੇ ਮਨਮੋਹਣੇ ਮਹਿਲ
ਰੂਹਾਂ ਦੇ ਨੇ ਖੰਡਰ ਸ਼ਹਿਰ ਦੀ ਜੂਹ ਅੰਦਰ।
ਲੂਣ ਤੇਲ ਦੀ ਬਾਜੀ ਜਿੱਤ ਕੇ ਬਣਨ ਮਹਾਨ
ਘਰ ਘਰ ਕਈ ਸਿਕੰਦਰ ਸ਼ਹਿਰ ਦੀ ਜੂਹ ਅੰਦਰ।
ਉਚੇ ਬੰਗਲੇ, ਦੌਲਤ, ਰੁਤਬੇ, ਵੱਡੇ ਲੋਕ
ਨਿੱਕੇ ਨਿੱਕੇ ਅੰਬਰ ਸ਼ਹਿਰ ਦੀ ਜੂਹ ਅੰਦਰ।
ਨਾ ਸੁਪਨੇ, ਨਾ ਰੀਝਾਂ ਤੇ ਨਾ ਰੰਗ ਤਰੰਗ
ਵਿਛੇ ਮਨਾਂ ਵਿਚ ਸੱਥਰ ਸ਼ਹਿਰ ਦੀ ਜੂਹ ਅੰਦਰ।
ਮੈਂ ਸ਼ਾਇਰ ਹਾਂ, ਕੋਮਲ ਜਜ਼ਬੇ, ਕੋਮਲ ਮਨ
ਭਾਰੇ ਭਾਰੇ ਪੱਥਰ ਸ਼ਹਿਰ ਦੀ ਜੂਹ ਅੰਦਰ।
-ਹਰਦਮ ਸਿੰਘ ਮਾਨ
No comments:
Post a Comment