Tuesday, December 11, 2012

ਗ਼ਜ਼ਲ / Hardam Singh Maan




ਦਮਗਜੇ ਤਾਂ ਦੋਸਤੀ ਦੇ ਮਾਰਦਾ ਹੈ ਆਦਮੀ।
ਸੀਨੇ ਅੰਦਰ ਨਫਰਤਾਂ ਉਂਜ ਪਾਲਦਾ ਹੈ ਆਦਮੀ।

ਰਾਤ ਦਿਨ ਰਹਿੰਦਾ ਹੈ ਭਾਵੇਂ ਪਾਣੀਆਂ ਨੂੰ ਰਿੜਕਦਾ
ਫੇਰ ਵੀ ਮੱਖਣ ਦੇ ਪੇੜੇ ਭਾਲਦਾ ਹੈ ਆਦਮੀ।

ਜ਼ਿਹਨ ਦੇ ਹਰ ਕੋਨੇ ਅੰਦਰ ਸਜ ਰਹੇ ਬਾਜ਼ਾਰ ਨੇ
ਰਿਸ਼ਤਿਆਂ ਨੂੰ ਭਾਨ ਵਾਗੂੰ ਖਰਚਦਾ ਹੈ ਆਦਮੀ।

ਖੂਬਸੂਰਤ ਮਹਿਲ ਨੇ, ਸੁਖ, ਐਸ਼ ਦੇ ਸਾਧਨ ਅਨੇਕ
ਫੇਰ ਵੀ ਬਣਨਾ ਪਰਿੰਦਾ ਲੋਚਦਾ ਹੈ ਆਦਮੀ।

ਦੌਲਤਾਂ ਤੇ ਸ਼ੁਹਰਤਾਂ ਦੀ ਤਾਂਘ ਰਹਿੰਦੀ ਹਰ ਸਮੇਂ
'ਮਾਨ' ਕਿੰਨਾ ਸਾਧ, ਫੱਕਰ ਜਾਪਦਾ ਹੈ ਆਦਮੀ।
-ਹਰਦਮ ਸਿੰਘ ਮਾਨ

Sunday, August 19, 2012

ਸਾਡੇ ਸਮਿਆਂ ਵਿਚ / Hardam Singh Maan



ਕੇਹੀ ਪਤਝੜ ਆਈ , ਸਾਡੇ ਸਮਿਆਂ ਵਿਚ।
ਹਰ ਸੱਧਰ ਮੁਰਝਾਈ , ਸਾਡੇ ਸਮਿਆਂ ਵਿਚ।
*
ਹੌਕੇ, ਹੰਝੂ, ਪੀੜਾਂ ਵਰਗੇ ਤੋਹਫੇ ਬਹੁਤ
ਹਰ ਬੰਦਾ ਫਿਰੇ ਛੁਪਾਈ , ਸਾਡੇ ਸਮਿਆਂ ਵਿਚ।
*
ਚਾਰ ਚੁਫੇਰੇ ਭੀੜ ਹੈ, ਫਿਰ ਵੀ ਡਸਦੀ ਹੈ
ਪਲ ਪਲ ਕਿਉਂ ਤਨਹਾਈ , ਸਾਡੇ ਸਮਿਆਂ ਵਿਚ।
*
ਚਾਨਣ ਦੇ ਦਾਅਵੇਦਾਰਾਂ ਨੂੰ ਇਹ ਆਖੇ ਕੌਣ?
ਕਾਲੀ ਰਾਤ ਹੈ ਛਾਈ , ਸਾਡੇ ਸਮਿਆਂ ਵਿਚ।
*
ਅੱਜ ਕੱਲ੍ਹ ਹਰ ਰਿ਼ਸ਼ਤੇ ਚੋਂ ਰਿਸਦਾ ਲਹੂ ਸਫੈਦ
ਕਿਸਨੇ ਜ਼ਹਿਰ ਪਿਲਾਈ , ਸਾਡੇ ਸਮਿਆਂ ਵਿਚ।
**********ਹਰਦਮ ਸਿੰਘ ਮਾਨ

Saturday, August 4, 2012

ਮੌਸਮੀ ਮਿਜ਼ਾਜ ’ਤੇ ਗ਼ਜ਼ਲ / Hardam Singh Maan




ਸਾਵਣ ਦੇ ਵੀ ਬੁੱਲ੍ਹ ਤਿਰਹਾਏ, ਏਸ ਵਰ੍ਹੇ।

ਖ਼ਾਬਾਂ ਵਿਚ ਮਾਰੂਥਲ ਛਾਏ, ਏਸ ਵਰ੍ਹੇ।


ਸਾਡੇ ਨੈਣੀਂ ਲੰਮੀਆਂ ਝੜੀਆਂ ਲੱਗੀਆਂ ਨੇ

ਹਾਏ ! ਸਾਵਣ ਸੁੱਕਾ ਜਾਏ, ਏਸ ਵਰ੍ਹੇ।


ਖੇਤਾਂ ਵਿਚ ਹਰਿਆਲੀ ਸੁੱਟੀ ਬੈਠੀ ਧੌਣ

ਘਰਾਂ ’ਚ ਰੀਝਾਂ, ਚਾਅ ਮੁਰਝਾਏ, ਏਸ ਵਰ੍ਹੇ।


ਖੂਬ ਵਰ੍ਹਾਂਗੇ ਇਸ ਵਾਰੀ ਜੋ ਕਹਿੰਦੇ ਸੀ

ਸਾਵਣ ਵਿਚ ਵੀ ਉਹ ਨਾ ਆਏ, ਏਸ ਵਰ੍ਹੇ।


ਕੋਇਲ ਵਿਚਾਰੀ ਕੂਕ ਕੂਕ ਕੇ ਹਾਰ ਗਈ

ਕਿਹੜਾ ਮਹਿਰਮ ਪਿਆਸ ਬੁਝਾਏ, ਏਸ ਵਰ੍ਹੇ।


ਸਾਵਣ ਦੇ ਅੰਨ੍ਹੇ ਤਾਂ ਭੋਲੇ - ਭਾਲੇ ਨੇ

ਇਹਨਾਂ ਨੂੰ ਕਿਹੜਾ ਸਮਝਾਏ, ਏਸ ਵਰ੍ਹੇ।


ਸੱਤਰੰਗੀ ਇਹ ਪੀਂਘ ਅਸੀਂ ਵੀ ਤੱਕਣੀ ਸੀ

ਪਲਕਾਂ ’ਤੇ ਹੰਝੂ ਲਟਕਾਏ, ਏਸ ਵਰ੍ਹੇ।

-ਹਰਦਮ ਸਿੰਘ ਮਾਨ

Wednesday, October 5, 2011

ਮਿੰਨੀ ਕਹਾਣੀ ਪੀੜ / Hardam Singh Maan

ਬੈਂਕ ਵਿਚ ਪੈਨਸ਼ਨ ਲੈਣ ਵਾਲਿਆਂ ਦੀ ਕਾਫੀ ਭੀੜ ਸੀ। ਲੰਮੀ ਲਾਈਨ ਲੱਗੀ ਹੋਈ ਸੀ। ਰੌਲਾ ਰੱਪਾ ਪੈ ਰਿਹਾ ਸੀ। ਢਾਈ ਢਾਈ ਸੌ ਬੁਢਾਪਾ ਪੈਨਸ਼ਨ ਪ੍ਰਾਪਤ ਕਰਨ ਵਾਲੇ ਬਜ਼ੁਰਗ ਇਕੇ ਦੂਜੇ ਤੋਂ ਅੱਗੇ ਹੋਣ ਲਈ ਕਾਹਲੇ ਸਨ। ਇਕ ਕਾਊਂਟਰ 'ਤੇ ਬੈਠਾ ਬੈਂਕ ਅਧਿਕਾਰੀ ਅੰਗੂਠਾ ਲਵਾ ਕੇ ਜਾਂ ਦਸਤਖਤ ਕਰਵਾ ਕੇ ਪੈਨਸ਼ਨ ਦੀ ਰਾਸ਼ੀ ਬਜ਼ੁਰਗਾਂ ਨੂੰ ਫੜਾ ਰਿਹਾ ਸੀ।
ਲਾਈਨ 'ਚ ਖੜ੍ਹਾ ਨਰੈਣਾ ਪਹਿਲੀ ਵਾਰ ਪੈਨਸ਼ਨ ਲੈਣ ਆਇਆ ਸੀ। ਉਸ ਦੇ ਮੂਹੋਂ ਆਪ ਮੁਹਾਰੇ ਕਦੇ ਕਦੇ 'ਹਾਇ, ਹਾਇ' ਨਿਕਲ ਜਾਂਦੀ। ਆਖਿਰ ਉਹਦੀ ਵਾਰੀ ਵੀ ਆ ਗਈ। ਅਫਸਰ ਨੇ ਉਸ ਨੂੰ ਫਾਰਮ 'ਤੇ ਅੰਗੂਠਾ ਲਾਉਣ ਲਈ ਕਿਹਾ ਤਾਂ ਨਰੈਣੇ ਨੇ ਲੰਮਾ ਹੌਕਾ ਭਰਿਆ 'ਜਾਇਦਾਦ ਦਾ ਮਾਲਕ ਸੀ ਮੈਂ ਵੀ। ਮਹਿੰ ਦੇ ਖੁਰ ਜਿੱਡੇ ਜਿੱਡੇ 10- 12 ਗੂਠੇ ਲਵਾ ਲਏ ਪੁੱਤ ਨੇ ਮੈਥੋਂ ਤੇ ਸਾਨੂੰ ਦੋਹਾਂ ਜੀਆਂ ਨੂੰ ਘਰੋਂ ਕੱਢ 'ਤਾ। ... ਨਹੀਂ ਮੈਂ ਆਹ ਨਿਗੂਣੀ ਪੈਂਸ਼ਨ ਖਾਤਰ ਐਂ ਲੈਨ 'ਚ ਖੜ੍ਹਦਾ?' ਉਹਦਾ ਗੱਚ ਭਰ ਆਇਆ।
'ਤੂੰ ਗੂਠਾ ਲਾ ਗੂਠਾ... ਐਵੇਂ ਫੋੜੇ ਆਂਗੂੰ ਹਰੇਕ ਕੋਲੇ ਫਿੱਸ ਪੈਂਨੈਂ। ਤੂੰ 'ਕੱਲਾ ਨੀਂ ਆਹ ਮਗਰ ਵੇਖ ਲੈ ਕਿੰਨੇ ਖੜ੍ਹੇ ਐ ਤੇਰੇ ਅਰਗੇ।' ਪਿੱਛੇ ਖੜ੍ਹੀ ਨਰੈਣੇ ਦੀ ਘਰ ਵਾਲੀ ਬੋਲੀ। ਨਰੈਣੇ ਨੇ ਸੋਟੀ 'ਤੇ ਭਾਰ ਦਿੰਦਿਆਂ ਪਿੱਛੇ ਨੂੰ ਮੂੰਹ ਭੰਵਾਇਆ ਤਾਂ ਉਸ ਦੀ ਨਜ਼ਰ ਪਟਵਾਰੀਆਂ ਦੇ ਪਿਓ ਜਾਗਰ ਸਿੰਘ ਨਾਲ ਜਾ ਟਕਰਾਈ ਜੋ ਉਸ ਦੀ ਘਰ ਵਾਲੀ ਦੇ ਮਗਰ ਖੜ੍ਹਾ ਸੀ।
'ਕੋਈ ਨੀਂ ਨਰੈਣ ਸਿੰਆਂ! ਦੜ ਵੱਟ ਦੜ। ਇਹ ਪੀੜ 'ਕੱਲੇ ਤੈਨੂੰ ਈ ਨਹੀਂ। ਜ਼ਮਾਨਾ ਈ ਐਸਾ ਆ ਗਿਐ। ਇਹ ਹਵਾ ਚਾਰੇ ਪਾਸੇ ਈ ਵਗ 'ਗੀ।' ਜਾਗਰ ਸਿੰਘ ਨੇ ਇਹ ਲਫ਼ਜ਼ ਕਹਿੰਦਿਆਂ ਖੱਬਾ ਹੱਥ ਛਾਤੀ 'ਤੇ ਰੱਖ ਲਿਆ।
-ਹਰਦਮ ਸਿੰਘ ਮਾਨ

Sunday, June 19, 2011

ਭਾਰਤੀ ਸਿਆਸਤ ਦੇ ਨਾਂ / Hardam Singh Maan

ਨਿਗਲ ਲਏ ਇਨਸਾਨੀ ਕਿਰਦਾਰ ਸਿਆਸਤ ਨੇ।
ਕੀਤੇ ਲੋਕ ਨਕਾਰਾ, ਲਾਚਾਰ ਸਿਆਸਤ ਨੇ।

ਲਿਖ'ਤੀ ਭੁੱਖ, ਗਰੀਬੀ ਹਰ ਘਰ ਦੇ ਮੱਥੇ 'ਤੇ
ਖ਼ੁਦ ਲਈ ਲਾਏ ਧਨ ਦੇ ਅੰਬਾਰ ਸਿਆਸਤ ਨੇ।

ਬੇਈਮਾਨੀ, ਧੋਖਾ, ਠੱਗੀ, ਚੋਰੀ, ਨਫਰਤ
ਲੋਕ-ਲਹੂ ਵਿਚ ਕੀਤੇ ਸੰਚਾਰ ਸਿਆਸਤ ਨੇ।

ਲਹੂ-ਲੁਹਾਨ ਨੇ ਹੋਏ ਵਿਸ਼ਵਾਸ, ਵਫ਼ਾ, ਈਮਾਨ
ਸ਼ਰਮ, ਹਯਾ ਦੇ ਲਾਹ'ਤੇ ਲੰਗਾਰ ਸਿਆਸਤ ਨੇ।

ਝੂਠ, ਫਰੇਬ ਦੇ ਸਿਰ 'ਤੇ ਸਿਹਰੇ, ਮੁਕਟ ਸਜੇ ਹਨ
ਰੋਲੀ ਹਰ ਥਾਂ ਸੱਚ ਦੀ ਦਸਤਾਰ ਸਿਆਸਤ ਨੇ।

ਮਾਂ-ਪਿਓ, ਭੈਣ-ਭਰਾ ਨੇ ਅੱਜ ਕੱਲ੍ਹ ਵੋਟਰ ਪਰਚੀ
ਰਿਸ਼ਤਿਆਂ ਦੇ ਇਉਂ ਛਾਂਗੇ ਆਕਾਰ ਸਿਆਸਤ ਨੇ।

ਫਿਰਕੂ ਰੰਗ ਚੜ੍ਹਾ ਕੇ, ਜਜ਼ਬੇ ਸਾਨ 'ਤੇ ਲਾ ਕੇ,
ਧਰਮ ਦਾ ਚਿਹਰਾ ਕੀਤਾ ਖੂੰਖਾਰ ਸਿਆਸਤ ਨੇ।

ਇਸ ਦੀ ਕੈਰੀ ਅੱਖ ਤੋਂ ਕੋਈ ਬਚ ਨਾ ਸਕਿਆ
ਪਲ ਵਿਚ ਕਰੇ ਨਿਹੱਕੇ, ਹੱਕਦਾਰ ਸਿਆਸਤ ਨੇ।

ਜੇ ਨਾ ਲੋਕ-ਮਨਾਂ ਵਿਚ ਚਾਨਣ ਦੀ ਪਹੁ ਫੁੱਟੀ
ਲੁੱਟਣੈਂ ਇਸੇ ਤਰਾਂ ਹੀ ਹਰ ਵਾਰ ਸਿਆਸਤ ਨੇ।
-ਹਰਦਮ ਸਿੰਘ ਮਾਨ