Wednesday, July 21, 2010

ਬੂਹੇ ਬਾਰੀਆਂ

ਗ਼ਜ਼ਲ/ਹਰਦਮ ਸਿੰਘ ਮਾਨ
ਬਹੁਤ ਕੁਝ ਇਹ ਕਹਿਣ ਬੂਹੇ ਬਾਰੀਆਂ।
ਮਾਰ ਅੰਦਰ ਤੂੰ ਕਦੇ ਤਾਂ ਝਾਤੀਆਂ।

ਪੈਰ ਧਰਨੇ ਸਿੱਖ ਪਹਿਲਾਂ ਧਰਤ 'ਤੇ
ਅੰਬਰਾਂ ਵਿਚ ਫੇਰ ਲਾਈਂ ਤਾਰੀਆਂ।

ਸੁਪਨਿਆਂ ਦੀ ਸਰਜ਼ਮੀਂ ਜ਼ਰਖੇਜ ਹੈ
ਬੈਠ ਨਾ ਤੂੰ ਢਾਹ ਕੇ ਏਦਾਂ ਢੇਰੀਆਂ।

ਬਦਲਿਆ ਮੌਸਮ ਹੈ ਏਨਾ ਸ਼ਹਿਰ ਦਾ
ਠੰਡੀਆਂ ਪੌਣਾਂ ਵੀ ਅਕਸਰ ਲੂੰਹਦੀਆਂ।

ਕੰਧਾਂ ਦਾ ਵੀ ਆਪਣਾ ਇਤਿਹਾਸ ਹੈ
ਹਰ ਸਮੇਂ ਖਾਮੋਸ਼ ਨਾ ਇਹ ਰਹਿੰਦੀਆਂ।

ਬੰਦਾ ਪੂਰਾ ਹੋ ਗਿਆ, ਹੁਣ ਸ਼ਾਂਤ ਹੈ
ਖਾਹਿਸ਼ਾਂ ਹਾਏ! ਨਾ ਹੋਈਆਂ ਪੂਰੀਆਂ।

Monday, May 17, 2010

ਸਮੇਂ ਦੀ ਅੱਖ

ਗ਼ਜ਼ਲ/ਹਰਦਮ ਸਿੰਘ ਮਾਨ
ਸੁਪਨਿਆਂ ਦੀ ਧਰਤ ਬੰਜਰ ਇਸ ਸਮੇਂ ਦੀ ਅੱਖ ਵਿਚ।
ਦੂਰ ਤੱਕ ਖੰਡਰ ਹੀ ਖੰਡਰ ਇਸ ਸਮੇਂ ਦੀ ਅੱਖ ਵਿਚ।

ਉਪਜਦੇ ਨੇ ਦਰਦ, ਪੀੜਾਂ, ਹੌਕੇ, ਹੰਝੂ ਨਿਤ ਨਵੇਂ
ਬੀਜ ਦਿੱਤੇ ਕਿਸ ਨੇ ਕੰਕਰ ਇਸ ਸਮੇਂ ਦੀ ਅੱਖ ਵਿਚ।

ਮੋਤੀਆਂ ਦੇ ਢੇਰ ਉਤੇ ਕਾਵਾਂ ਰੌਲੀ ਪੈ ਰਹੀ
ਚੁਗ ਰਹੇ ਨੇ ਹੰਸ ਪੱਥਰ ਇਸ ਸਮੇਂ ਦੀ ਅੱਖ ਵਿਚ।

ਕਿਸ ਹਵਾ ਨੇ ਡਸ ਲਿਆ ਹੈ ਇਹਨਾਂ ਦਾ ਅਣਖੀ ਜਲੌਅ
ਸ਼ਾਂਤ ਕਿਉਂ ਨੇ ਸਭ ਇਹ ਅੱਖਰ ਇਸ ਸਮੇਂ ਦੀ ਅੱਖ ਵਿਚ।

ਹੁਣ ਤਾਂ ਚਿਹਰੇ ਨਿਕਲਦੇ ਨੇ ਪਹਿਨ ਕੇ ਹਰ ਪਲ ਨਕਾਬ
ਗ਼ੈਰ ਹੁਣ ਲਗਦੇ ਨੇ ਮਿੱਤਰ ਇਸ ਸਮੇਂ ਦੀ ਅੱਖ ਵਿਚ।

ਉਹ ਮਨਾਉਂਦੇ ਨੇ ਜਸ਼ਨ, ਕਹਿੰਦੇ ਨਵਾਂ ਇਹ ਦੌਰ ਹੈ
ਵਿਛ ਰਹੇ ਨੇ ਥਾਂ ਥਾਂ ਸੱਥਰ ਇਸ ਸਮੇਂ ਦੀ ਅੱਖ ਵਿਚ।

ਆਓ ਰਲ ਮਿਲ ਡੀਕ ਜਾਈਏ ਇਸ ਦਾ ਕਤਰਾ ਕਤਰਾ 'ਮਾਨ'
ਦਰਦ ਦਾ ਵਗਦਾ ਸਮੁੰਦਰ ਇਸ ਸਮੇਂ ਦੀ ਅੱਖ ਵਿਚ।

Thursday, April 1, 2010

ਪਰਦਾ

ਗ਼ਜ਼ਲ/ਹਰਦਮ ਸਿੰਘ ਮਾਨ
ਮਨਾਂ ਅੰਦਰ, ਘਰਾਂ ਅੰਦਰ, ਹਰਿਕ ਥਾਂ ਫੈਲਿਆ ਪਰਦਾ।
ਇਵੇਂ ਲਗਦੈ ਕਿ ਅੱਜ ਕੱਲ੍ਹ ਆਦਮੀ ਵੀ ਹੈ ਨਿਰਾ ਪਰਦਾ।

ਬੜਾ ਹੀ ਫ਼ਖ਼ਰ ਸੀ ਉਸ ਨੂੰ ਕਿ ਕੱਜਦੈ ਆਬਰੂ ਸਭ ਦੀ
ਗਏ ਜਾਂ ਵਿਹੜੇ ਫੈਸ਼ਨ ਦੇ ਤਾਂ ਪਾਣੀ ਹੋ ਗਿਆ ਪਰਦਾ।

ਰਤਾ ਵੀ ਨਾ ਰਿਹਾ ਈਮਾਨ ਸਾਡੇ ਰਿਸ਼ਤਿਆਂ ਅੰਦਰ
ਚੁਰਾਹੇ ਵਿਚ ਹੈ ਲੀਰੋ ਲੀਰ ਨਿੱਤ ਦਿਨ ਹੋ ਰਿਹਾ ਪਰਦਾ।

ਤੇਰੇ ਪਰਦੇ 'ਚ ਕਿੰਨੇ ਹੋਰ ਪਰਦੇ ਜਾਣਦਾ ਹਾਂ ਮੈਂ
ਜਦੋਂ ਪਰਦੇ 'ਚ ਆਪਾ ਫੋਲਿਆ ਤਾਂ ਬੋਲਿਆ ਪਰਦਾ।

ਲਕੀਰਾਂ ਹੱਥ ਦੀਆਂ ਚੁੰਮਦੇ ਰਹੇ ਹਰ ਪਲ ਅਸੀਂ ਤਾਂ 'ਮਾਨ'
ਹਮੇਸ਼ਾ ਜ਼ਿੰਦਗੀ ਨੇ ਤਾਂ ਹੀ ਸਾਥੋਂ ਰੱਖਿਆ ਪਰਦਾ।

Monday, March 8, 2010

ਅਜੋਕੇ ਦੌਰ ਵਿਚ

ਗ਼ਜ਼ਲ/ਹਰਦਮ ਸਿੰਘ ਮਾਨ
ਵਧੀ ਹੈ ਨੇੜਤਾ ਜਿਉਂ ਜਿਉਂ, ਦਿਲਾਂ ਵਿਚ ਫ਼ਾਸਲਾ ਹੋਇਆ।
ਅਜੋਕੇ ਦੌਰ ਵਿਚ ਇਹ ਕਿਸ ਤਰਾਂ ਦਾ ਹਾਦਸਾ ਹੋਇਆ।

ਮਨਾਂ 'ਤੇ ਸਹਿਮ ਦਾ ਪਰਛਾਵਾਂ ਵਧਦਾ ਜਾ ਰਿਹਾ ਹਰ ਪਲ
ਅਸਾਥੋਂ ਬੀਤੇ ਮੌਸਮ ਤੇ ਨਾ ਕੋਈ ਤਬਸਰਾ ਹੋਇਆ।

ਹਨੇਰੀ ਰਾਤ ਹੈ, ਕਾਤਿਲ ਹੈ ਤੇ ਮਾਸੂਮ ਤਾਰੇ ਨੇ,
ਤੇਰੇ ਹੀ ਸ਼ਹਿਰ ਦਾ ਮੁਨਸਿਫ਼ ਹੈ ਕਿਧਰੇ ਲਾਪਤਾ ਹੋਇਆ।

ਹਨੇਰਾ ਸੰਘਣਾ ਹੈ ਹੋ ਰਿਹਾ ਹਰ ਪਲ ਘਰਾਂ ਅੰਦਰ
ਬਨੇਰੇ ਆਪਣੇ 'ਤੇ ਸਾਥੋਂ ਨਾ ਦੀਵਾ ਜਗਾ ਹੋਇਆ।

ਖ਼ਬਰ ਪਹਿਲੇ ਸਫੇ 'ਤੇ ਛਪ ਰਹੀ ਹੈ 'ਠੀਕ ਹੈ ਸਭ ਕੁੱਝ'
ਨਗਰ ਆਪਣੇ 'ਚ ਵੇਖਾਂ ਹਰ ਬਸ਼ਰ ਮੈਂ ਵਿਲਕਦਾ ਹੋਇਆ।

Sunday, February 7, 2010

ਕਿਰਦਾਰ ਨੇ ਵਿਕਾਊ

ਗ਼ਜ਼ਲ/ਹਰਦਮ ਸਿੰਘ ਮਾਨ
ਕਿਰਦਾਰ ਨੇ ਵਿਕਾਊ, ਈਮਾਨ ਵਿਕ ਰਹੇ ਨੇ।
ਹੁਣ ਤਾਂ ਸ਼ਰੇ-ਬਜ਼ਾਰੀਂ ਇਨਸਾਨ ਵਿਕ ਰਹੇ ਨੇ।

ਨਾ ਦਰਦ ਕੋਈ ਜਾਣੇ, ਨਾ ਰੋਗ ਨੂੰ ਪਛਾਣੇ
ਇਸ ਸ਼ਹਿਰ ਵਿਚ ਮਸੀਹਾ, ਲੁਕਮਾਨ ਵਿਕ ਰਹੇ ਨੇ।

ਹਵਸਾਂ ਦੇ ਦੌਰ ਅੰਦਰ ਇਹ ਹਾਦਸਾ ਸੀ ਹੋਣਾ
ਦਿਲ, ਜਾਨ, ਰੀਝਾਂ, ਸੱਧਰਾਂ, ਅਰਮਾਨ ਵਿਕ ਰਹੇ ਨੇ।

ਇਹ ਸ਼ਹਿਰ ਪੱਥਰਾਂ ਦਾ, ਪੱਥਰ ਹੀ ਪੂਜਦਾ ਹੈ
ਏਥੇ ਗਲੀ ਗਲੀ ਵਿਚ ਭਗਵਾਨ ਵਿਕ ਰਹੇ ਨੇ।

ਤੂੰ, ਮੈਂ ਤਾਂ ਆਮ ਵਸਤੂ, ਕੀ ਆਪਣੀ ਹੈ ਹਸਤੀ
ਚਾਂਦੀ ਦੇ ਪੰਨਿਆਂ 'ਤੇ ਵਿਦਵਾਨ ਵਿਕ ਰਹੇ ਨੇ।

ਸਿਰਤਾਜ, ਤਖ਼ਤ, ਸ਼ੁਹਰਤ, ਸਨਮਾਨ 'ਮਾਨ' ਕੀ ਕੀ
ਥਾਂ ਥਾਂ ਟਕੇ ਟਕੇ ਵਿਚ ਧਨਵਾਨ ਵਿਕ ਰਹੇ ਨੇ।