Tuesday, September 15, 2009

ਮਿੰਨੀ ਕਹਾਣੀਆਂ

ਕਾਲੀਆਂ ਚਿੱਟੀਆਂ ਚਿੱਠੀਆਂ/ ਹਰਦਮ ਸਿੰਘ ਮਾਨ
ਚੋਣਾਂ ਦਾ ਬਿਗਲ ਵਜਦਿਆਂ ਹੀ 'ਨੇਤਾ' ਨੇ ਆਪਣੇ 'ਖਾਸ' ਸਾਥੀਆਂ ਦੀ ਵਿਸ਼ੇਸ਼ ਮੀਟਿੰਗ ਬੁਲਾਈ ਅਤੇ ਹਲਕੇ ਵਿਚ ਜਾ ਕੇ ਵਰਕਰਾਂ ਦੀਆਂ ਮੀਟਿੰਗਾਂ ਕਰਨ ਅਤੇ ਲੋਕਾਂ ਦੀ ਨਬਜ਼ ਨੇੜਿਓਂ ਹੋ ਕੇ ਟਟੋਲਣ ਦੀਆਂ ਡਿਊਟੀਆਂ ਲਾ ਦਿੱਤੀਆਂ। 'ਖਾਸ' ਸਾਥੀ ਪੂਰੇ ਹਲਕੇ ਵਿਚ ਸਰਗਰਮ ਹੋ ਗਏ। ਇਕ ਸਾਥੀ ਨੇ ਆਪਣੇ ਦਾਇਰੇ ਦੇ ਵਰਕਰਾਂ ਦਾ ਇਕੱਠ ਬੁਲਾ ਲਿਆ। ਨੇਤਾ ਵੱਲੋਂ ਚੋਣ ਲੜਨ ਦੀ ਇੱਛਾ ਉਸ ਨੇ ਸਭ ਦੇ ਸਾਹਮਣੇ ਰੱਖੀ ਤਾਂ ਵਰਕਰ ਆਪਸ ਵਿਚ ਘੁਸਰ ਫੁਸਰ ਕਰਨ ਲੱਗ ਪਏ। ਹੌਲੀ ਹੌਲੀ ਵਰਕਰਾਂ ਦੀ ਆਵਾਜ਼ ਉਚੀ ਹੁੰਦੀ ਗਈ ਅਤੇ ਆਖਿਰ ਇਕ ਵਰਕਰ ਖੜ੍ਹਾ ਹੋ ਗਿਆ 'ਨੇਤਾ ਜੀ ਨੇ ਪਿਛਲੇ ਪੰਜ ਸਾਲ ਤਾਂ ਵਰਕਰਾਂ ਦੀ ਬਾਤ ਨੀਂ ਪੁੱਛੀ। ਕਦੇ ਹਲਕੇ 'ਚ ਗੇੜਾ ਨੀਂ ਮਾਰਿਆ ਤੇ ਹੁਣ ਸਾਡਾ ਖ਼ਿਆਲ ਆ ਗਿਆ...।'
ਫਿਰ ਕਈ ਅਵਾਜ਼ਾਂ ਹੋਰ ਉਭਰੀਆਂ। 'ਖਾਸ' ਸਾਥੀ ਚੁੱਪ ਚਾਪ ਬੈਠਾ ਸੁਣਦਾ ਰਿਹਾ।
ਮਾਹੌਲ ਕੁੱਝ ਸ਼ਾਂਤ ਹੋਇਆ ਤਾਂ ਉਹ ਬੜੇ ਠਰੰਮੇ ਨਾਲ ਬੋਲਿਆ 'ਵੇਖੋ! ਨੇਤਾ ਜੀ ਦੇ ਰੁਝੇਵਿਆਂ ਨੂੰ ਤਾਂ ਆਪਾਂ ਸਾਰੇ ਈ ਜਾਣਦੇ ਆਂ। ਉਚਕੋਟੀ ਦੇ ਲੀਡਰ ਐ। ਹਰ ਥਾਂ ਆ ਜਾ ਵੀ ਨਹੀਂ ਸਕਦੇ। ਹਾਂ, ਏਨਾ ਜ਼ਰੂਰ ਹੈ ਕਿ ਸਾਡੇ ਸੁਝਾਅ ਤੇ ਅਮਲ ਕਰਦਿਆਂ ਇਸ ਵਾਰ ਨੇਤਾ ਜੀ ਨੇ ਚਿੱਟੇ ਤੇ ਕਾਲੇ ਰੰਗ ਦੀਆਂ ਦੋ ਚਿੱਠੀਆਂ ਜ਼ਰੂਰ ਛਪਵਾ ਲਈਐਂ। ਹੁਣ ਨੇਤਾ ਜੀ ਤਾਂ ਭਾਵੇਂ ਨਾ ਆ ਸਕਣ ਪਰ ਦੁੱਖ ਸਮੇਂ ਕਾਲੀ ਚਿੱਠੀ ਅਤੇ ਖੁਸ਼ੀ ਸਮੇਂ ਚਿੱਟੀ ਚਿੱਠੀ ਤੁਹਾਡੇ ਦਰਾਂ ਤੀਕ ਜ਼ਰੂਰ ਪੁੱਜਿਆ ਕਰੂਗੀ।'
ਪਿੱਛੇ ਬੈਠੇ ਇਕ ਵਰਕਰ ਦੀ ਆਵਾਜ਼ ਆਈ 'ਨੇਤਾ ਜੀ ਜ਼ਿੰਦਾਬਾਦ!' ਅਤੇ ਫਿਰ ਸਾਰਾ ਮਾਹੌਲ 'ਜ਼ਿੰਦਾਬਾਦ' ਦੇ ਨਾਅਰਿਆਂ ਨਾਲ ਗੂੰਜ ਉਠਿਆ।


ਨਵਾਂ ਹਲਕਾ/ ਹਰਦਮ ਸਿੰਘ ਮਾਨ
ਚੋਣਾਂ ਦਾ ਐਲਾਨ ਹੋ ਗਿਆ। ਦੇਸ਼ ਦੀ ਪ੍ਰਮੁੱਖ ਪਾਰਟੀ ਦੀ ਟਿਕਟ ਹਾਸਲ ਕਰਨ ਲਈ ਲੀਡਰਾਂ ਦੀ ਦੌੜ ਤੇਜ਼ ਹੋ ਗਈ। ਪਾਰਟੀ ਹਾਈ ਕਮਾਨ ਹਰ ਲੀਡਰ ਦੀ ਕਾਰਗੁਜ਼ਾਰੀ ਵਾਚਣ ਲੱਗੀ। ਟਿਕਟਾਂ ਦੇ ਦਾਅਵੇਦਾਰਾਂ ਦੀ ਇੰਟਰਵਿਊ ਸ਼ੁਰੂ ਹੋ ਗਈ। ਚਾਹਵਾਨ ਉਮੀਦਵਾਰ ਵਾਰੋ ਵਾਰੀ ਹਾਈ ਕਮਾਨ ਕੋਲ ਪੇਸ਼ ਹੋਣ ਲੱਗੇ। ਘਾਗ ਨੇਤਾ ਦੀ ਵਾਰੀ ਵੀ ਆ ਗਈ। ਇੰਟਰਵਿਊ ਕਮੇਟੀ ਦੇ ਆਗੂਆਂ ਨੇ ਉਸ ਸਬੰਧੀ ਰਤਾ ਵੀ ਦੇਰੀ ਨਾ ਲਾਉਂਦਿਆਂ ਫੈਸਲਾ ਸੁਣਾਇਆ 'ਹਲਕੇ ਵਿਚ ਜਾ ਕੇ ਮੁਹਿੰਮ ਸ਼ੁਰੂ ਕਰੋ। ਤੁਹਾਡੀ ਟਿਕਟ ਪਿਛਲੇ ਹਲਕੇ ਤੋਂ ਹੀ ਇਸ ਵਾਰ ਵੀ ਪੱਕੀ।'
'ਮੈਂ ਇਕ ਅਰਜੋਈ ਕਰਨਾ ਚਾਹੁਨੈਂ...।' ਘਾਗ ਨੇਤਾ ਹੱਥ ਜੋੜ ਕੇ ਖੜ੍ਹ ਗਿਆ।
'ਕਹੋ ਕੀ ਕਹਿਣੈਂ?' ਇੰਟਰਵਿਊ ਕਮੇਟੀ ਦਾ ਇਕ ਆਗੂ ਬੋਲਿਆ।
'ਅਰਜ ਇਹੋ ਹੈ ਕਿ ਇਸ ਵਾਰ ਮੇਰਾ ਹਲਕਾ ਬਦਲ ਦਿਓ!... ਪੁਰਾਣੇ ਹਲਕੇ ਦੇ ਵੋਟਰ ਮੇਰੇ ਸਾਰੇ ਭੇਤ ਜਾਣ ਚੁੱਕੇ ਐ। ਇਸ ਵਾਰ ਉਨ੍ਹਾਂ ਮੇਰੀ ਦਾਲ ਨੀਂ ਗਲਣ ਦੇਣੀ। ਐਤਕੀਂ ਨਵਾਂ ਹਲਕਾ ਦਿਓ ਤੇ ਮੇਰੀ ਜਿੱਤ ਪੱਕੀ।'


ਨਸਲ/ ਹਰਦਮ ਸਿੰਘ ਮਾਨ
ਨੇਤਾ ਜੀ ਨੇ ਸ਼ਹਿਰ ਦੇ ਪਾਰਕ ਵਿਚ ਇਕ ਸਮਾਜ ਸੇਵੀ ਕਲੱਬ ਦੇ ਸਮਾਗਮ ਦਾ ਉਦਘਾਟਨ ਆਪਣੇ ਕਰ ਕਮਲਾ ਨਾਲ ਕੀਤਾ। ਪੰਡਾਲ ਵਿਚ ਇਕੱਤਰ ਲੋਕਾਂ ਨੂੰ ਉਨ੍ਹਾਂ ਆਪਣੇ ਵੱਡਮੁੱਲੇ ਵਿਚਾਰਾਂ ਨਾਲ ਨਿਹਾਲ ਕੀਤਾ। ਖੂਬ ਤਾੜੀਆਂ ਵੱਜੀਆਂ। ਬਾਅਦ ਵਿਚ ਕਲੱਬ ਦੇ ਮੈਂਬਰ, ਸਤਿਕਾਰਤ ਨੇਤਾ ਜੀ ਨੂੰ ਆਓ-ਭਗਤ ਲਈ ਇਕ ਵਿਸ਼ੇਸ਼ ਤੌਰ ਤੇ ਸਜਾਏ ਖਾਣੇ ਦੇ ਮੇਜ਼ ਤੇ ਲੈ ਗਏ। ਨੇਤਾ ਜੀ ਕੁਰਸੀ ਤੇ ਬਿਰਾਜਮਾਨ ਹੋਏ ਤਾਂ ਉਨ੍ਹਾਂ ਦੀ ਨਿਗਾ੍ਹ ਸਾਹਮਣੇ ਦਰੱਖਤ ਤੇ ਬੈਠੇ ਪੰਛੀਆਂ ਤੇ ਪਈ। ਨੇਤਾ ਜੀ ਨੇ ਕਲੱਬ ਦੇ ਮੋਹਰੀਆਂ ਨੂੰ ਪੁੱਛਿਆ ਕਿ ਅਹੁ ਚਿੱਟੇ ਚਿੱਟੇ ਪੰਛੀਆਂ ਦਾ ਨਾਂ ਕੀ ਹੈ ? ਇਸ ਤੋਂ ਪਹਿਲਾਂ ਕਿ ਕਲੱਬ ਦੇ ਆਗੂ ਬੋਲਦੇ ਨੇਤਾ ਜੀ ਦੇ ਨਾਲ ਆਏ ਉਨ੍ਹਾਂ ਦੇ ਸਾਥੀ ਨੇ ਹੈਰਾਨੀ ਭਰੇ ਲਹਿਜ਼ੇ 'ਚ ਕਿਹਾ 'ਵਾਹ ਨੇਤਾ ਜੀ ਇਸ ਪੰਛੀ ਨੂੰ ਨੀਂ ਜਾਣਦੇ ? ਇਹ ਤਾਂ ਆਪਣੀ ਨਸਲ ਚੋਂ ਐ !'
'ਆਪਣੀ ਨਸਲ ਚੋਂ... ਮੈਂ ਸਮਝਿਆ ਨਈਂ ?'
'ਨੇਤਾ ਜੀ! ਇਹ ਬਗਲੇ ਨੇ ਬਗਲੇ।' ਸਾਥੀ ਬੋਲਿਆ। ...ਤੇ ਸਭਨਾਂ ਦੇ ਚਿਹਰਿਆਂ ਤੇ ਮੁਸਕਰਾਹਟ ਤੈਰ ਗਈ।


ਸੰਵਿਧਾਨਕ ਹੱਕ/ ਹਰਦਮ ਸਿੰਘ ਮਾਨ
ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਮੰਤਰੀ ਜੀ ਕਹਿ ਰਹੇ ਸਨ 'ਵੋਟ ਹਰ ਨਾਗਰਿਕ ਦਾ ਸੰਵਿਧਾਨਕ ਅਧਿਕਾਰ ਹੈ। ਵੋਟ ਇਕ ਸ਼ਕਤੀਸ਼ਾਲੀ ਹਥਿਆਰ ਹੈ। ਸਾਡੇ ਦੇਸ਼ ਭਗਤਾਂ ਵੱਲੋਂ ਕੀਤੀਆਂ ਵੱਡੀਆਂ ਕੁਰਬਾਨੀਆਂ ਸਦਕਾ ਹੀ ਸਾਨੂੰ ਇਹ ਤਾਕਤ ਹਾਸਲ ਹੋਈ ਹੈ। ਸਾਡੀ ਇਹ ਜ਼ਿੰਮੇਂਵਾਰੀ ਬਣਦੀ ਹੈ ਕਿ ਇਸ ਅਧਿਕਾਰ ਦੀ ਵਰਤੋਂ ਬਹੁਤ ਸੋਚ ਸਮਝ ਕੇ ਕਰੀਏ। ਕਿਸੇ ਦਬਾਅ ਜਾਂ ਲਾਲਚ ਵਿਚ ਨਾ ਆਈਏ।'
'ਮੰਤਰੀ ਜੀ! ਗੱਲ ਤਾਂ ਥੋਡੀ ਸੋਲਾਂ ਆਨੇ ਠੀਕ ਐ ਪਰ ਰਾਤ ਵਰਕਰਾਂ ਦੀ ਮੀਟਿੰਗ ਵਿਚ ਥੋਡੀ ਪਾਰਟੀ ਦਾ ਇਕ ਆਗੂ ਤਾਂ ਹਦਾਇਤਾਂ ਦੇ ਰਿਹਾ ਸੀ ਕਿ ਵਿਰੋਧੀ ਵੋਟਰਾਂ ਨੂੰ ਪੋਲਿੰਗ ਬੂਥਾਂ ਦੇ ਨੇੜੇ ਨਹੀਂ ਫਟਕਣ ਦੇਣਾ। ...ਫੇਰ ਉਨ੍ਹਾਂ ਦੇ ਸੰਵਿਧਾਨਕ ਹੱਕ ਦਾ ਕੀ ਬਣੂੰ?' ਇਕੱਠ ਚੋਂ ਇਕ ਵਿਅਕਤੀ ਉਠ ਕੇ ਕਹਿਣ ਲੱਗਿਆ। ਅਗਲੇ ਲਫ਼ਜ਼ ਅਜੇ ਉਸ ਦੇ ਮੂੰਹ ਵਿਚ ਹੀ ਸਨ ਕਿ ਪਿੱਛੋਂ ਇਕ ਹੱਟੇ ਕੱਟੇ ਆਦਮੀ ਦਾ ਜ਼ੋਰਦਾਰ ਧੱਫਾ ਵੱਜਿਆ ਅਤੇ ਉਹ ਮੂੰਹ ਪਰਨੇ ਡਿੱਗ ਪਿਆ। ਜਲਸੇ ਵਿਚ ਸਹਿਮ ਪਸਰ ਗਿਆ।
ਮੰਤਰੀ ਜੀ ਨੇ ਲੰਮੀ ਹੇਕ ਵਿਚ 'ਜੈ ਹਿੰਦ' ਕਿਹਾ ਅਤੇ ਅਗਲੇ ਪਿੰਡ ਹੋ ਰਹੇ ਚੋਣ ਜਲਸੇ ਲਈ ਰਵਾਨਾ ਹੋ ਗਏ।



ਡਰਨਾ/ ਹਰਦਮ ਸਿੰਘ ਮਾਨ
ਨੰਗੇ ਪੈਰ, ਤੇੜ ਨੀਕਰ, ਗਲ 'ਚ ਮੈਲਾ ਕੁਚੈਲਾ ਪਾਟਿਆ ਕੁੜਤਾ ਲਟਕਾ ਕੇ ਪੋਹ ਦੀ ਠੰਡੀ ਸੀਤ ਰਾਤ ਦੇ ਪਿਛਲੇ ਪਹਿਰ ਕਣਕ ਨੂੰ ਪਾਣੀ ਲਾਉਂਦੇ ਸਮੇਂ ਜਦੋਂ ਉਸ ਨੂੰ ਧੋਰੀ ਖਾਲ ਤੱਕ ਪਿੱਛੇ ਜਾ ਕੇ ਦੂਰ ਤੱਕ ਗੇੜਾ ਮਾਰਨ ਦਾ ਖਿਆਲ ਆਇਆ ਤਾਂ ਉਸ ਦੇ ਸਮੁੱਚੇ ਸਰੀਰ ਵਿਚ ਛਿੜੀ ਕੰਬਣੀ ਹੋਰ ਤੇਜ਼ ਹੋ ਗਈ। ਮੋਢੇ ਤੇ ਕਹੀ ਧਰ ਕੇ ਖਾਲ ਦੀ ਵੱਟੇ ਵੱਟ ਉਹ ਸਰਦਾਰਾਂ ਦੇ ਖੇਤ ਕੋਲੋਂ ਲੰਘਿਆ ਤਾਂ ਕਣਕ ਵਿਚ ਖੜ੍ਹੇ ਡਰਨੇ ਨੂੰ ਵੇਖ ਕੇ ਉਸ ਨੂੰ ਧੁਰ ਅੰਦਰ ਤੀਕ ਮਹਿਸੂਸ ਹੋਇਆ ਜਿਵੇਂ ਖੇਤ ਵਿਚ ਖੜ੍ਹਾ ਸਰਦਾਰ ਉਸ ਨੂੰ ਘੂਰ ਰਿਹਾ ਹੋਵੇ।
ਆਪਾ ਸਮੇਟ ਕੇ ਉਹ ਉਥੋਂ ਕਾਹਲੇ ਪੈਰੀਂ ਅੱਗੇ ਲੰਘ ਗਿਆ। ਮੁੜਦਾ ਆਉਂਦਾ ਫਿਰ ਜਦੋਂ ਡਰਨੇ ਦੇ ਨਜ਼ਦੀਕ ਆਇਆ ਤਾਂ ਉਸ ਦੇ ਮਨ ਵਿਚ ਪਹਿਲਾਂ ਵਾਲਾ ਭੈਅ ਨਹੀਂ ਸੀ। ਹੌਂਸਲਾ ਕਰਕੇ ਉਹ ਡਰਨੇ ਦੇ ਐਨ ਸਿਰ ਤੇ ਜਾ ਖੜ੍ਹਾ ਹੋਇਆ। ਕੁਝ ਪਲ ਡਰਨੇ ਨੂੰ ਗ਼ੌਰ ਨਾਲ ਤੱਕਦਾ ਰਿਹਾ ਤੇ ਫਿਰ ਉਥੋਂ ਤੁਰ ਪਿਆ। ਅਜੇ ਕੁਝ ਕਦਮ ਹੀ ਤੁਰਿਆ ਸੀ ਕਿ ਉਸ ਦੇ ਪੈਰ ਆਪ ਮੁਹਾਰੇ ਹੀ ਪਿਛਾਂਹ ਡਰਨੇ ਵੱਲ ਪਰਤ ਆਏ। ਉਸ ਦੀ ਹਿੰਮਤ ਨੇ ਅੰਗੜਾਈ ਲਈ। ਆਸ ਪਾਸ ਪਸਰੇ ਸੰਘਣੇ ਹਨੇਰੇ ਨੂੰ ਉਸ ਨੇ ਘੂਰਿਆ। ... ਤੇ ਅਗਲੇ ਪਲ ਉਸ ਨੇ ਆਪਣੇ ਗਲਮੇਂ 'ਚੋਂ ਲੀਰੋ ਲੀਰ ਹੋਇਆ ਕੁੜਤਾ ਉਤਾਰ ਕੇ ਡਰਨੇ ਤੇ ਟੰਗ ਦਿੱਤਾ ਅਤੇ ਡਰਨੇ ਤੇ ਟੰਗਿਆ ਸਰਦਾਰ ਦਾ ਕਲੀਆਂ ਵਾਲਾ ਕੁੜਤਾ ਪਹਿਨ ਕੇ ਉਹ ਕਿਆਰੇ ਦੇ ਮੂੰਹੇਂ ਕੋਲ ਅਜਬ ਫੁਰਤੀ ਨਾਲ ਪਹੁੰਚ ਗਿਆ।


ਜੋੜੀ ਬਨਾਮ ਜੋੜੀ/ ਹਰਦਮ ਸਿੰਘ ਮਾਨ
ਪਿੰਡ ਦਾ ਉਹ ਮੰਨਿਆਂ ਪ੍ਰਮੰਨਿਆਂ ਮੁਨਕਰ ਸੀ। ਪੈਸੇ ਉਧਾਰ ਲੈ ਕੇ ਮੁੱਕਰਨਾ ਅਤੇ ਹੋਰ ਚੀਜ਼ਾਂ ਵਸਤਾਂ ਮੰਗ ਕੇ ਵਾਪਸ ਨਾ ਕਰਨੀਆਂ ਉਸ ਦਾ ਨਿੱਤ ਦਾ ਕਸਬ ਸੀ। ਤੀਹਾਂ ਨੂੰ ਢੁੱਕ ਚੱਲਿਆ ਸੀ ਪਰ ਵਿਆਹ ਨਹੀਂ ਸੀ ਹੋਇਆ। ਆਖਿਰ ਇਕ ਦਿਨ ਵਿਆਹ ਸਬੰਧੀ ਉਸ ਦਾ ਤੀਰ ਵੀ ਨਿਸ਼ਾਨੇ ਤੇ ਜਾ ਲੱਗਿਆ। ਵਿਆਹ ਦਾ ਨਿਸ਼ਚਤ ਦਿਨ ਆ ਗਿਆ। ਚਾਰ ਕੁਆਇਸ ਗੱਡੀਆਂ ਵਿਚ ਬਰਾਤ ਸਜ ਕੇ ਤੁਰ ਪਈ। ਅਜੇ 4 ਕਿਲੋਮੀਟਰ ਦੂਰ ਹੀ ਗਏ ਸਨ ਕਿ ਇਕ ਗੱਡੀ ਪੰਚਰ ਹੋ ਗਈ। ਥੋੜ੍ਹੀ ਦੂਰ ਹੋਰ ਗਏ ਤਾਂ ਦੂਜੀ ਗੱਡੀ ਹੇਠ ਇਕ ਆਜੜੀ ਦੀ ਬੱਕਰੀ ਮਰ ਗਈ। ਗਰੀਬ ਆਜੜੀ ਨੂੰ ਪੈਸੇ ਦੇ ਕੇ ਖਹਿੜਾ ਛੁਡਾਇਆ। ਕਾਫਲਾ ਅੱਗੇ ਵਧ ਰਿਹਾ ਸੀ ਕਿ ਤੀਜੀ ਗੱਡੀ ਇਕਦਮ ਰੁਕ ਗਈ। ਬੜਾ ਜ਼ੋਰ ਲਾਇਆ ਪਰ ਗੱਡੀ ਸਟਾਰਟ ਹੋਣ ਦਾ ਨਾਂ ਨਹੀਂ ਸੀ ਲੈ ਰਹੀ। ਧੱਕਾ ਲਾ ਕੇ ਉਸ ਨੂੰ ਇਕ ਕਿਲੋਮੀਟਰ ਦੂਰ ਮਕੈਨਿਕ ਦੀ ਦੁਕਾਨ ਤੇ ਪੁਚਾਇਆ। ਉਥੋਂ ਤੁਰੇ ਤਾਂ ਵਿਆਹ ਵਾਲੀ ਗੱਡੀ ਵਿਚ ਨੁਕਸ ਪੈ ਗਿਆ। ਠੀਕ ਕਰਦੇ ਕਰਾਉਂਦੇ ਆਖਿਰ ਸ਼ਾਮ ਦੇ ਤਿੰਨ ਵਜੇ ਬਰਾਤ ਟਿਕਾਣੇ ਤੇ ਪਹੁੰਚੀ।
ਕੁੜੀ ਵਾਲਿਆਂ ਨੇ ਵੀ ਬਰਾਤ ਨੂੰ ਚਾਹ ਪਾਣੀ ਪਿਆਉਣ ਦੀ ਬਜਾਏ ਵਿਆਹ ਦੀਆਂ ਰਸਮਾਂ ਨਿਭਾਉਣ ਨੂੰ ਪਹਿਲ ਦਿੱਤੀ। ਬਾਅਦ ਵਿਚ ਬਰਾਤੀਆਂ ਨੇ ਚਾਹ ਪਾਣੀ ਪੀਤਾ। ਦਿਨ ਛਿਪਦਾ ਵੇਖ ਖਾਣਾ ਵੀ ਨਾ ਖਾਧਾ ਅਤੇ 'ਚਲੋ ਚਲੋ' ਕਰਦਿਆਂ ਬਰਾਤੀਆਂ ਨੇ ਵਾਪਸੀ ਦਾ ਰਸਤਾ ਫੜ ਲਿਆ। ਭੁੱਖੇ ਭਾਣੇ ਬਰਾਤੀ ਮਨ ਹੀ ਮਨ ਉਸ ਨੂੰ ਬੁਰਾ ਭਲਾ ਕਹਿਣ ਲੱਗੇ। ਲਾੜਾ ਫਿਰ ਵੀ ਖੁਸ਼ ਸੀ ਕਿ ਲਾੜੀ ਦੇ ਆਉਣ ਨਾਲ Àਸ ਦਾ ਘਰ ਸੁਭਾਗਾ ਹੋ ਗਿਆ ਸੀ। ਕਿਸੇ ਨੇ ਲਾੜੇ ਦੇ ਕੰਨ ਵਿਚ ਆ ਕੇ ਫੁਰਰ ਕੀਤੀ ਕਿ ਸੁਹਾਗ ਰਾਤ ਲਈ ਤਿਆਰ ਕੀਤੇ ਨਵੇਂ ਕਮਰੇ ਦਾ ਦਰਵਾਜ਼ਾ ਗ਼ਾਇਬ ਹੈ। ਲਾੜੇ ਦਾ ਚਿੰਤਤ ਹੋਣਾ ਸੁਭਾਵਿਕ ਸੀ। ਪਤਾ ਕਰਨ ਤੇ ਸਮਝ ਲੱਗੀ ਕਿ ਲੱਕੜ ਵਾਲੇ ਮਿਸਤਰੀ ਨੂੰ ਨਾ ਤਾਂ ਮਿਹਨਤਾਨਾ ਮਿਲਿਆ ਸੀ ਅਤੇ ਨਾ ਹੀ ਲੱਕੜ ਦੇ ਪੈਸੇ ਦੀ ਅਦਾਇਗੀ ਹੋਈ ਸੀ। ਮਿਸਤਰੀ ਨੇ ਮੌਕੇ ਦਾ ਫਾਇਦਾ ਉਠਾ ਕੇ ਕਮਰੇ ਦੀ ਜੋੜੀ ਲਾਹ ਲਈ ਸੀ। ਬਰਾਤੀਆਂ ਨੇ ਜਦੋਂ ਇਹ ਸਥਿਤੀ ਵੇਖੀ ਤਾਂ ਅੰਦਰੋ ਅੰਦਰੀ ਸਾਰੇ ਖੁਸ਼ ਹੋਣ ਲੱਗੇ। ਇਕ ਮਸਖ਼ਰੇ ਨੇ ਤਾਂ ਜਾਂਦੇ ਜਾਂਦੇ ਤੀਰ ਕਮਾਨੋਂ ਛੱਡ ਹੀ ਦਿੱਤਾ 'ਵਾਹ ਕਿਆ ਗ਼ਜ਼ਬ ਦੀ ਬਾਤ ਹੈ... ਵਿਆਂਦੜ ਜੋੜੀ ਆ ਗਈ ਤੇ ਘਰ ਵਾਲੀ ਜੋੜੀ ...ਗ਼ਾਇਬ।'

ਫਨੈਲ ਦੀਆਂ ਗੋਲੀਆਂ/ ਹਰਦਮ ਸਿੰਘ ਮਾਨ
ਲੇਖਕ ਨੇ ਕਿਤਾਬ ਛਪਵਾਉਣ ਲਈ ਤਿਆਰ ਕੀਤਾ ਖਰੜਾ ਪ੍ਰਕਾਸ਼ਿਕ ਦੇ ਹੱਥਾਂ ਵਿਚ ਸੌਂਪਿਆ ਅਤੇ ਪ੍ਰਕਾਸ਼ਿਕ ਦਾ ਪ੍ਰਤੀਕਰਮ ਜਾਣਨ ਲਈ
ਉਤਸੁਕਤਾ ਵਿਖਾਈ। ਪ੍ਰਕਾਸ਼ਿਕ ਨੇ ਖਰੜੇ ਦਾ ਇਕ ਇਕ ਪੰਨਾ ਬੜੇ ਗਹੁ ਨਾਲ ਵਾਚਿਆ।
'ਵਾਕਿਆ ਹੀ ਮੌਲਕਤਾ ਝਲਕਦੀ ਹੈ। ਵਿਸ਼ਾ ਵੀ ਨਵਾਂ ਹੈ।' ਪ੍ਰਕਾਸ਼ਿਕ ਦੇ ਇਹ ਲਫ਼ਜ਼ ਸੁਣ ਕੇ ਲੇਖਕ ਦਾ ਚਿਹਰਾ ਖਿੜ ਉਠਿਆ।
'ਕਿੰਨੇ ਕੁ ਦਿਨਾਂ ਵਿਚ ਛਾਪ ਦਿਓਗੇ?' ਉਹ ਝੱਟ ਬੋਲਿਆ
'ਕਿਤਾਬ ਤਾਂ ਤੁਹਾਡੀ ਹਫਤੇ 'ਚ ਈ ਤਿਆਰ ਸਮਝੋ, ਬੱਸ ਤੁਸੀਂ ਇਸ ਨੂੰ ਲਿਜਾਣ ਦਾ ਪ੍ਰਬੰਧ ਕਰ ਲਓ। ... ਤੇ ਹਾਂ 'ਫਨੈਲ' ਦੀਆਂ ਗੋਲੀਆਂ ਵੀ ਚਾਹੀਦੀਆਂ ਹੋਣਗੀਆਂ।' ਪ੍ਰਕਾਸ਼ਿਕ ਨੇ ਕਿਹਾ ਤਾਂ ਲੇਖਕ ਨੇ ਹੈਰਾਨੀ ਨਾਲ ਪੁੱਛਿਆ 'ਫਨੈਲ ਦੀਆਂ ਗੋਲੀਆਂ ਦਾ ਕੀ ਕੰਮ?'
'ਕਿਤਾਬਾਂ ਦੀ ਲੰਮੀ ਉਮਰ ਲਈ ਇਹ ਇਕ ਅਜ਼ਮਾਇਆ ਹੋਇਆ ਨੁਸਖਾ ਹੈ। ਅਸੀਂ ਵੀਹ ਵਰ੍ਹਿਆਂ ਤੋਂ ਏਹੀ ਧੰਦਾ ਕਰ ਰਹੇ ਹਾਂ। ਤੁਸੀਂ ਏਨੀ ਕੁ ਖੇਚਲ ਕਰਿਓ ਕਿ ਆਪਣੇ ਕਮਰੇ ਦੀ ਇਕ ਨੁੱਕਰ ਵਿਚ ਪਹਿਲਾਂ ਕੁਝ ਕਿਤਾਬਾਂ ਰੱਖ ਦਿਓ। ਫੇਰ ਉਪਰ ਫਨੈਲ ਦੀਆਂ ਗੋਲੀਆਂ। ਫੇਰ ਉਪਰ ਕਿਤਾਬਾਂ ਤੇ ਫੇਰ ਗੋਲੀਆਂ। ਫੇਰ ਕਿਤਾਬਾਂ ਤੇ ਫੇਰ... ਕਿਉਂਕਿ ਕਿਤਾਬਾਂ ਵੇਚਣ ਤੇ ਸਮਾਂ ਤਾਂ ਲੱਗ ਹੀ ਸਕਦਾ ਹੈ।' ਪ੍ਰਕਾਸ਼ਿਕ ਦੀਆਂ ਮੀਸਣੀਆਂ ਅੱਖਾਂ ਦੀ ਭਾਸ਼ਾ ਸਮਝਦਿਆਂ ਹੀ ਲੇਖਕ ਖੜ੍ਹਾ ਹੋ ਗਿਆ।
'ਹੱਛਾ ਹੱਛਾ...ਠੀਕ ਐ।' ਕਹਿ ਕੇ ਉਸ ਨੇ ਪ੍ਰਕਾਸ਼ਿਕ ਦੇ ਹੱਥੋਂ ਖਰੜਾ ਖੋਹ ਲਿਆ ਅਤੇ ਬੁੜ ਬੁੜ ਕਰਦਾ ਪ੍ਰਕਾਸ਼ਿਕ ਦੇ ਦਫਤਰ 'ਚੋਂ ਬਾਹਰ ਹੋ ਗਿਆ ।



ਚਾਹ ਦੀ ਪਿਆਲੀ/ ਹਰਦਮ ਸਿੰਘ ਮਾਨ
ਤੜਕਸਾਰ ਹੀ ਉਸ ਨੇ ਇਕ ਕੋਠੀ ਦਾ ਦਰ ਖੜਕਾਇਆ। ਕੋਠੀ ਅੰਦਰ ਘੁਸਰ ਫੁਸਰ ਹੋਈ। ਥੋੜ੍ਹੀ ਜਿਹੀ ਹਿਲਜੁਲ ਵੀ ਹੋਈ ਪਰ ਫਿਰ ਚੁੱਪ ਪਸਰ ਗਈ।
ਉਸ ਨੇ ਚਾਹ ਦੀ ਪਿਆਲੀ ਦੀ ਮੰਗ ਕਰਦਿਆਂ ਇਕ ਵਾਰ ਫੇਰ ਬੂਹੇ ਤੇ ਦਸਤਕ ਦਿੱਤੀ ਪਰ ਬੂਹਾ ਫੇਰ ਵੀ ਖਾਮੋਸ਼ ਰਿਹਾ। ਕਾਫੀ ਦੇਰ ਦੀ ਉਡੀਕ ਮਗਰੋਂ ਉਹ ਸੜਕ ਦੇ ਦੂਜੇ ਪਾਸੇ ਵਾਲੀ ਕੋਠੀ ਦੇ ਸਾਹਮਣੇ ਜਾ ਖੜ੍ਹਾ ਹੋਇਆ। ਚਾਹ ਦੀ ਪਿਆਲੀ ਲਈ ਸਵਾਲੀ ਬਣ ਕੇ ਉਸ ਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰੀ। ਕੋਈ ਜਵਾਬ ਨਾ ਮਿਲਿਆ। ਨੂੰਹ , ਪੋਤਰੇ ਦਾ ਨਾਂ ਲੈ ਕੇ ਤਰਲੇ ਕੱਢੇ ਪਰ ਕੋਠੀ ਅੰਦਰਲੇ ਬੋਲ ਗੂੰਗੇ ਹੋ ਗਏ।
ਖੜ੍ਹਿਆਂ ਖੜ੍ਹਿਆਂ ਉਸ ਨੂੰ ਚੱਕਰ ਜਿਹਾ ਆ ਗਿਆ ਅਤੇ ਡਿਗਦਾ ਡਿਗਦਾ ਮਸਾਂ ਸੰਭਲਿਆ। ਸਿਰ ਫੜ੍ਹ ਕੇ ਉਹ ਦੋਹਾਂ ਕੋਠੀਆਂ ਦੇ ਵਿਚਕਾਰ ਬੈਠ ਗਿਆ।
ਇਹ ਦੋਵੇਂ ਕੋਠੀਆਂ ਉਸ ਨੇ ਬੜੀ ਰੀਝ ਨਾਲ ਬਣਵਾਈਆਂ ਸਨ। ਹੁਣ ਇਨ੍ਹਾਂ ਵਿਚ ਉਸ ਦੇ ਪੁੱਤਰ ਆਪਣੇ ਪਰਿਵਾਰਾਂ ਸਮੇਤ ਰਹਿ ਰਹੇ ਸਨ। ਉਸ ਨੇ ਇਕ ਵਾਰ ਕੋਠੀਆਂ ਦੀ ਉਚੀ ਸ਼ਾਨ ਵੱਲ ਤੱਕਿਆ। ਛੇ ਮਹੀਨੇ ਪਹਿਲਾਂ ਸਦੀਵੀ ਵਿਛੋੜਾ ਦੇਣ ਵਾਲੀ ਪਤਨੀ ਨੂੰ ਯਾਦ ਕੀਤਾ। ਮਨ ਹੀ ਮਨ ਸੋਚਣ ਲੱਗਿਆ 'ਮੈਂ ਕੀ ਕੀ ਪਾਪੜ ਵੇਲੇ ਇਨ੍ਹਾਂ ਕੋਠੀਆਂ ਲਈ। ਠੱਗੀਆਂ ਮਾਰਨ ਤੋਂ ਵੀ ਗੁਰੇਜ਼ ਨਹੀਂ ਕੀਤਾ, ਕੁਫਰ ਵੀ ਤੋਲਿਆ, ਆਪਣੀ ਜ਼ਮੀਰ ਵੀ ਥਾਂ ਥਾਂ ਗਹਿਣੇ ਰੱਖੀ। ਕੀਹਦੇ ਲਈ? ਇਨ੍ਹਾਂ ਪੁੱਤਰਾਂ ਲਈ ਜਿਹੜੇ...।' ਉਸ ਨੇ ਲੰਮਾਂ ਹੌਕਾ ਭਰਿਆ ਅਤੇ ਗੋਡਿਆਂ ਵਿਚ ਸਿਰ ਦੇ ਕੇ ਡੁਸਕਣ ਲੱਗਿਆ।
ਏਨੇ ਨੂੰ ਇਕ ਮੰਗਤਾ ਉਸ ਕੋਲ ਆਇਆ। ਮੰਗਤੇ ਨੇ ਕਈ ਘਰਾਂ ਤੋਂ ਮੰਗ ਕੇ ਇਕੱਠੀ ਕੀਤੀ ਚਾਹ ਦੀ ਗੜਵੀ ਚੋਂ ਇਕ ਪਿਆਲੀ ਭਰ ਕੇ ਉਸ ਦੇ ਹੱਥ ਵਿਚ ਫੜਾ ਦਿੱਤੀ ਅਤੇ ਆਪ ਵੀ ਉਸ ਦੇ ਕੋਲ ਬੈਠ ਕੇ ਚਾਹ ਦੀਆਂ ਚੁਸਕੀਆਂ ਲੈਣ ਲੱਗ ਪਿਆ।


ਚੁੱਪ ਦਾ ਦਰਦ/ ਹਰਦਮ ਸਿੰਘ ਮਾਨ
ਘਰ ਦੇ ਜਿਸ ਕਮਰੇ ਵਿਚ ਉਸ ਨੇ ਆਪਣੀ ਸਾਰੀ ਉਮਰ ਬਿਤਾਈ ਸੀ, ਉਥੋਂ ਉਸ ਦਾ ਮੰਜਾ ਬਿਸਤਰਾ ਚੁੱਕ ਕੇ ਬਾਹਰਲੇ ਕਮਰੇ ਵਿਚ ਕਰ ਦਿੱਤਾ ਗਿਆ ਤਾਂ ਉਸ ਨੂੰ ਲੱਗਿਆ ਜਿਵੇਂ ਉਸ ਦੇ ਜਿਸਮ ਦਾ ਕੋਈ ਅੰਗ ਵੱਖਰਾ ਹੋ ਗਿਆ ਹੋਵੇ। ਉਸ ਨੂੰ ਕਈ ਦਿਨ ਕੁੱਝ ਵੀ ਖਾਣਾ ਪੀਣਾ ਚੰਗਾ ਨਾ ਲੱਗਿਆ। ਕੁੱਝ ਸਾਲਾਂ ਬਾਅਦ ਬਾਹਰਲਾ ਕਮਰਾ ਵੀ ਉਸ ਤੋਂ ਖੁੱਸ ਗਿਆ ਅਤੇ ਉਸ ਦਾ ਰੈਣ ਬਸੇਰਾ ਇਕ ਵਰਾਂਡੇ ਵਿਚ ਕਰ ਦਿੱਤਾ ਗਿਆ ਤਾਂ ਉਸ ਨੇ ਦਿਲ ਤੇ ਪੱਥਰ ਰੱਖ ਕੇ ਇਹ ਵੀ ਜਰ ਲਿਆ। ਪਰ ਜਦੋਂ ਤੋਂ ਉਸ ਦਾ ਮੰਜਾ ਡੰਗਰਾਂ ਵਾਲੇ ਵਾੜੇ ਵਿਚ ਆ ਗਿਆ ਸੀ ਤਾਂ ਉਹ ਸੁੰਨ ਜਿਹਾ ਹੋ ਗਿਆ ਸੀ। ਉਸ ਦੀ ਜ਼ੁਬਾਨ ਜਿਵੇਂ ਠਾਕੀ ਗਈ ਹੋਵੇ। ਪਰਿਵਾਰ ਦੇ ਕਿਸੇ ਵੀ ਮੈਂਬਰ ਨਾਲ ਉਹ ਨਹੀਂ ਸੀ ਬੋਲਦਾ। ਬੀਮਾਰਾਂ ਵਾਂਗ ਹਰ ਵੇਲੇ ਮੰਜੇ ਵਿਚ ਪਿਆ ਰਹਿੰਦਾ। ਰੋਟੀ ਪਾਣੀ ਤੋਂ ਵੀ ਮੂੰਹ ਫੇਰਨ ਲੱਗ ਪਿਆ। ਆਂਢੀ ਗੁਆਂਢੀ ਅਤੇ ਰਿਸ਼ਤੇਦਾਰ ਉਸ ਦਾ ਪਤਾ ਲੈਣ ਤਾਂ ਜ਼ਰੂਰ ਆਉਂਦੇ ਪਰ
ਉਸ ਦੀ ਚੁੱਪ ਦਾ ਦਰਦ ਕੋਈ ਵੀ ਮਹਿਸੂਸ ਨਾ ਕਰ ਸਕਿਆ। ਉਸ ਦੀ ਬਜ਼ੁਰਗ ਭੈਣ ਮਿਲਣ ਆਈ ਅਤੇ ਕਿੰਨਾ ਚਿਰ ਭਰਾ ਦੇ ਸਿਰ੍ਹਾਣੇ ਬੈਠ ਕੇ ਰੋਂਦੀ ਰਹੀ।
ਇਕ ਦਿਨ ਸਵੇਰੇ ਉਸ ਦੀ ਵੱਡੀ ਨੂੰਹ ਜਦੋਂ ਚਾਹ ਫੜਾਉਣ ਗਈ ਤਾਂ ਉਹ ਆਕੜਿਆ ਪਿਆ ਸੀ। ਸਾਰਾ ਪਰਿਵਾਰ ਉਹਦੇ ਮੰਜੇ ਦੁਆਲੇ ਹੋ ਗਿਆ। ਘਰ ਵਿਚ ਚੀਕ ਚਿਹਾੜਾ ਪੈ ਗਿਆ। ਕੁੱਝ ਦੇਰ ਬਾਅਦ ਉਸ ਦੇ ਛੋਟੇ ਪੁੱਤਰ ਨੇ ਰਿਸ਼ਤੇਦਾਰਾਂ ਨੂੰ ਫੋਨ ਰਾਹੀਂ ਸੁਨੇਹੇ ਲਾਉਣੇ ਸ਼ੁਰੂ ਕਰ ਦਿੱਤੇ। ਭੂਆ ਨੂੰ ਫੋਨ ਕਰਦਿਆਂ ਉਹ ਡੁਸਕਣ ਲੱਗਿਆ 'ਭੂਆ! ਬਾਪੂ ...ਪ ਪੂਰਾ ਹੋ ਗਿਆ...।' ਤਾਂ ਭੂਆ ਅੱਗੋਂ ਪੈ ਗਈ। 'ਥੋਨੂੰ ਅੱਜ ਪਤਾ ਲੱਗਿਐ ਬਈ ਪੂਰਾ ਹੋ ਗਿਆ। ...ਪੂਰਾ ਤਾਂ ਉਹ ਓਦੇਂ ਈ ਹੋ ਗਿਆ ਸੀ ਜਿੱਦੇਂ ਤੁਸੀਂ ਓਹਦਾ ਮੰਜਾ ਡੰਗਰਾਂ ਵਿਚ ਵਾੜੇ 'ਚ ਡਾਹਤਾ ਸੀ। ਖਬਰਦਾਰ ਹੁਣ ਰੋਏ ਤਾਂ। ... ਕੋਈ ਲੋੜ ਨੀਂ ਫੁੱਲੀਆਂ ਪਤਾਸਿਆਂ ਦੀ। ਭੋਗ ਤੇ ਲੱਡੂ ਜਲੇਬੀਆਂ ਪਕਾਉਣ ਦਾ ਨਾਂ ਵੀ ਲਿਆ ਤਾਂ ਮੈਥੋਂ ਬੁਰਾ ਕੋਈ ਨੀਂ ਹੋਣਾ... ਮੈਂ ਨੀਂ ਕਰਨ ਦੇਣੇ ਏਹੋ ਜੇ ਖੇਖਣ।'

ਜਿੱਤ/ ਹਰਦਮ ਸਿੰਘ ਮਾਨ
ਦੇਸ਼ ਦਾ ਭਵਿੱਖ ਤੈਅ ਕਰਨ ਵਾਲੀਆਂ ਅਹਿਮ ਚੋਣਾਂ ਲਈ ਵੋਟਾਂ ਪੈਣ ਦਾ ਕੰਮ ਮੁਕੰਮਲ ਹੋ ਚੁੱਕਿਆ ਸੀ ਪਰ ਨਤੀਜੇ ਆਉਣ ਅਜੇ ਬਾਕੀ ਸਨ। ਚੋਣ ਨਤੀਜਿਆਂ ਨੂੰ ਲੈ ਕੇ ਥਾਂ ਥਾਂ ਸ਼ਰਤਾਂ ਲੱਗ ਰਹੀਆਂ ਸਨ। ਸ਼ਹਿਰ ਦੇ ਇਕ ਚੌਕ ਵਿਚ ਮੁੱਖ ਪਾਰਟੀਆਂ ਦੇ ਦੋ ਕੱਟੜ ਸਮੱਰਥਕ ਚੋਣ ਨਤੀਜਿਆਂ ਦੇ ਮਸਲੇ ਤੇ ਆਪਸ ਵਿਚ ਟਕਰਾ ਗਏ। ਉਹ ਦੋਵੇਂ ਆਪੋ ਆਪਣੇ ਉਮੀਦਵਾਰ ਦੀ ਜਿੱਤ ਦਾ ਦਾਅਵਾ ਕਰ ਰਹੇ ਸਨ। ਦੋਹਾਂ ਚੋਂ ਕੋਈ ਵੀ ਝੁਕਣ ਨੂੰ ਤਿਆਰ ਨਹੀਂ ਸੀ। ਧੀਮੀ ਆਵਾਜ਼ ਤੋਂ ਸ਼ੁਰੂ ਹੋਈ ਉਨ੍ਹਾਂ ਦੀ ਵਾਰਤਾਲਾਪ ਹੁਣ ਉਚੀ ਤੇ ਭਖਵੀਂ ਤਕਰਾਰ ਵਿਚ ਬਦਲ ਚੁੱਕੀ ਸੀ। ਉਥੋਂ ਲੰਘਦੇ ਲੋਕ ਵੀ ਉਨ੍ਹਾਂ ਦੀ ਬਹਿਸ ਵਿਚ ਦਿਲਚਸਪੀ ਲੈਣ ਲੱਗੇ। ਮਦਾਰੀ ਦਾ ਤਮਾਸ਼ਾ ਵੇਖਣ ਵਾਂਗ ਪਲਾਂ ਵਿਚ ਹੀ ਉਥੇ ਵੱਡਾ ਇਕੱਠ ਹੋ ਗਿਆ। ਇਕ ਦੂਜੇ ਤੇ ਕੀਤਾ ਜਾ ਰਿਹਾ ਆਪਸੀ ਵਾਰ ਤਿੱਖਾ ਹੋ ਰਿਹਾ ਸੀ। ਇਕ ਦੋ ਵਿਅਕਤੀਆਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਬੇਕਾਰ ਗਈ।
ਕੁੱਝ ਸਮਾਂ ਇਹ ਨਜ਼ਾਰਾ ਤੱਕਣ ਤੋਂ ਬਾਅਦ ਇਕੱਠ ਵਿਚੋਂ ਇਕ ਲੰਮ-ਸ-ਲੰਮਾਂ ਨੌਜਵਾਨ ਅੱਗੇ ਆਇਆ। ਉਹ ਕਾਫੀ ਪੜ੍ਹਿਆ ਲਿਖਿਆ ਲੱਗ ਰਿਹਾ ਸੀ। 'ਕੀ ਰੌਲਾ ਹੈ? ਹਾਰ ਜਿੱਤ ਦਾ ਹੀ ਹੈ ਨਾ?' ਰੋਅਬਦਾਰ ਆਵਾਜ਼ ਵਿਚ ਉਹ ਬੋਲਿਆ।
'ਹਾਂ' ਉਹ ਦੋਵੇਂ ਇਕੱਠੇ ਬੋਲੇ ਜਿਵੇਂ ਸਹਿਮ ਗਏ ਹੋਣ।
'ਮੈਂ ਮੁਕਾਵਾਂ ਥੋਡਾ ਝਗੜਾ?'
'ਮੁਕਾ ਦੇ' ਉਹਨਾਂ ਝੰਜਟ ਮੁਕਾਉਣ ਵਿਚ ਹੀ ਭਲਾਈ ਸਮਝੀ।
'ਤੁਸੀਂ ਦੋਵੇਂ ਈ ਭੋਲੇ ਹੋ ... ਥੋਨੂੰ ਐਨੀ ਵੀ ਨਈਂ ਸਮਝ ਬਈ ਚੋਣਾਂ 'ਚ ਓਸ ਉਮੀਦਵਾਰ ਦੀ ਜਿੱਤ ਹੋਊਗੀ ਜਿਹੜਾ ਸਭ ਤੋਂ ਵੱਡਾ ਚੋ...ਰ।' ਉਸ ਨੇ ਕਿਹਾ ਤਾਂ ਭੀੜ ਚੋਂ 'ਹੋ ਓ' ਦਾ ਸ਼ੋਰ ਉਠਿਆ ਅਤੇ ਹੌਲੀ ਹੌਲੀ ਸਾਰੇ ਉਥੋਂ ਖਿਸਕ ਗਏ।


ਫਰਜ਼/ ਹਰਦਮ ਸਿੰਘ ਮਾਨ
ਪਵਨ ਤੇ ਉਸ ਦੀ ਪਤਨੀ ਖਾਣਾ ਖਾ ਰਹੇ ਸਨ। ਲਾਗਲੇ ਕਮਰੇ ਵਿਚ ਮੰਜੇ ਵਿਚ ਪਈ ਪਵਨ ਦੀ ਬਜ਼ੁਰਗ ਮਾਤਾ ਦੀ ਆਵਾਜ਼ ਆਈ। ਉਸ ਨੇ ਉਠਣ ਲਈ ਸਹਾਰਾ ਮੰਗਿਆ ਅਤੇ ਗੁਸਲਖਾਨੇ ਤੱਕ ਲਿਜਾਣ ਲਈ ਕਿਹਾ। ਪਵਨ ਨੇ ਆਪਣੇ ਨੌਜਵਾਨ ਬੇਟੇ ਅਤੁੱਲ ਨੂੰ ਤਾਕੀਦ ਕੀਤੀ 'ਬੇਟਾ ਅਸੀਂ ਖਾਣਾ ਖਾ ਰਹੇ ਹਾਂ, ਤੂੰ ਜ਼ਰਾ ਮਾਤਾ ਨੂੰ ਸਹਾਰਾ ਦੇਈਂ!'
'ਨਾ ਪਾਪਾ ਨਾ... ਇਹ ਗੱਲ ਗਲਤ। ਉਹ ਥੋਡੇ ਮਾਤਾ ਨੇ। ਉਹਨਾਂ ਦੀ ਸੇਵਾ ਕਰਨਾ ਤੁਹਾਡਾ ਫਰਜ਼ ਹੈ।... ਹਾਂ ਤੁਸੀਂ ਮੇਰੇ ਮਾਤਾ ਪਿਤਾ ਹੋ, ਜਦੋਂ ਬੁਢਾਪੇ 'ਚ ਥੋਨੂੰ ਲੋੜ ਪਈ ਤਾਂ ਉਦੋਂ ਮੈਂ ਆਪਣਾ ਫਰਜ਼ ਜ਼ਰੂਰ ਨਿਭਾਵਾਂਗਾ।' ਕਹਿ ਕੇ ਉਹ ਘਰੋਂ ਬਾਹਰ ਹੋ ਗਿਆ। ਪਵਨ ਨੂੰ ਲੱਗਿਆ ਜਿਵੇਂ ਬੁਰਕੀ ਉਸ ਦੇ ਸੰਘ ਵਿਚ ਫੁੱਲ ਗਈ ਹੋਵੇ। ਉਸ ਦੀ ਪਤਨੀ ਵੀ ਇਕਦਮ ਸੁੰਨ ਹੋ ਗਈ।

ਸਾਦਾ ਪੱਤੀ, ਜੈਤੋ (ਫਰੀਦਕੋਟ)
94177-31091

ਕਾਵਿ ਵਿਅੰਗ

ਮਹਿੰਗਾਈ/ਹਰਦਮ ਸਿੰਘ ਮਾਨ
ਹੀਰ ਆਖਦੀ ਰਾਂਝਿਆ ਝੂਠ ਨਾਹੀਂ, ਪਾਈ ਜਾਵੇ ਮਹਿੰਗਾਈ ਧਮਾਲ ਅੱਜ ਕੱਲ੍ਹ।
ਸਰਦੇ-ਪੁਜਦਿਆਂ ਕੋਲ ਤਾਂ ਹੈ ਜਾਦੂ, ਸਾਡੇ ਲਈ ਤਾਂ ਪੈ ਗਿਆ ਕਾਲ ਅੱਜ ਕੱਲ੍ਹ।
ਦਰਿਆ ਪੈਸੇ ਦਾ ਉੱਛਲੇ ਅੰਬਾਨੀਆਂ ਕੋਲ, ਸਾਡੇ ਤੀਕ ਨਾ ਅੱਪੜੇ ਨਕਾਲ ਅੱਜ ਕੱਲ੍ਹ।
ਤੂੰ ਤਾਂ ਗਿੱਝਿਐਂ ਵੈਰੀਆ ਚੂਰੀਆਂ ਤੇ, ਧਰਨੀ ਔਖੀ ਹੈ ਡੰਗ ਦੀ ਦਾਲ ਅੱਜ ਕੱਲ੍ਹ।

ਕਬੀਲਦਾਰੀ/ਹਰਦਮ ਸਿੰਘ ਮਾਨ
ਝੰਜਟ ਬੜਾ ਬਣੀ ਕਬੀਲਦਾਰੀ, ਜਿਉਣਾ ਮਰਨਾ ਵੀ ਹੁਣ ਆਸਾਨ ਕਿੱਥੇ।
ਸਾਡੇ ਦੁੱਖਾਂ ਲਈ ਜਿਹੜਾ ਬਣੇ ਦਾਰੂ, ਲੁਕ ਗਿਆ ਹੈ ਉਹ ਲੁਕਮਾਨ ਕਿੱਥੇ।
ਜਾਈਏ ਗਰਕਦੇ ਅਸੀਂ ਪਾਤਾਲ ਅੰਦਰ, ਸਾਡੇ ਹਿੱਸੇ ਦਾ ਹੈ ਅਸਮਾਨ ਕਿੱਥੇ।
ਸਭ ਚਿਹਰੇ ਮਹਿੰਗਾਈ ਨੇ ਲੂਹ ਸੁੱਟੇ, ਖੁਸ਼ਕ ਬੁੱਲ੍ਹਾਂ ਤੇ ਹੁਣ ਮੁਸਕਾਨ ਕਿੱਥੇ।


ਕਿਰਦਾਰ/ਹਰਦਮ ਸਿੰਘ ਮਾਨ
ਫਰਜ਼ ਫੁਰਜ਼ ਦੀ ਨਹੀਂ ਪ੍ਰਵਾਹ ਸਾਨੂੰ, ਸਲਾਮਤ ਰਹਿਣ ਸਦਾ ਅਧਿਕਾਰ ਸਾਡੇ।
ਜਾਤ-ਪਾਤ, ਕੌਮ ਤੇ ਧਰਮ ਵਾਲੀ, ਨਿੱਤ ਉਸਰਦੀ ਕੰਧ ਵਿਚਕਾਰ ਸਾਡੇ।
ਜ਼ਖ਼ਮ ਜਿਸਮ ਦੇ ਰਹਿੰਦੇ ਤਰੋਤਾਜ਼ਾ, ਲਹੇ ਰੂਹ ਦੇ ਪਏ ਲੰਗਾਰ ਸਾਡੇ।
ਸਾਡੇ ਕਣ ਕਣ 'ਚ ਘੁਲਗੀ ਰਾਜਨੀਤੀ, ਕਿੰਨੇ ਨਿੱਘਰ ਗਏ ਕਿਰਦਾਰ ਸਾਡੇ।


ਰਿਸ਼ਵਤਖੋਰ/ਹਰਦਮ ਸਿੰਘ ਮਾਨ
ਸੇਵਾ ਪਾਣੀ ਨੂੰ ਆਪਣਾ ਹੱਕ ਦੱਸਣ, ਰਿਸ਼ਵਤਖੋਰੀ ਨੂੰ ਤੋਹਫ਼ਾ, ਇਨਾਮ ਆਖਣ।
ਪਹੀਆਂ ਬਾਝ ਨਾ ਇਹ ਅਗਾਂਹ ਤੁਰਦੀ, ਫਾਈਲ 'ਖਾਸ' ਚਾਹੇ ਕੋਈ 'ਆਮ' ਆਖਣ।
ਪਊਆ ਲਾ ਕੇ ਲੰਚ ਟਾਈਮ ਵੇਲੇ, ਤਿੱਖੜ ਦੁਪਹਿਰ ਨੂੰ ਸੁਰਮਈ ਸ਼ਾਮ ਆਖਣ।
ਬਣੇ ਦਫਤਰ ਆਰਾਮ-ਘਰ ਸਾਰੇ, ਕੰਮ ਕਰਨ ਨੂੰ 'ਬਾਊ' ਹਰਾਮ ਆਖਣ।




ਮਹਿਬੂਬ ਨੇਤਾ/ਹਰਦਮ ਸਿੰਘ ਮਾਨ
ਸਿੱਖ ਲੈ ਹੇਰਾਫੇਰੀ ਤੇ ਬੇਈਮਾਨੀ, ਗ਼ੈਰ-ਹੱਕਾਂ ਤੇ ਮਾਰਨੀ ਝਮੁੱਟ ਬੀਬਾ।
ਦਿਨੇ ਕਰ ਭਗਤੀ, ਨਹਾ ਤੀਰਥਾਂ ਤੇ, ਰਾਤੀਂ ਸ਼ਬਾਬ, ਸ਼ਰਾਬ 'ਚ ਗੁੱਟ ਬੀਬਾ।
ਆਪਣੇ ਹਿਤਾਂ ਦੀ ਸਦਾ ਕਰੀਂ ਪੂਜਾ, ਲੋਕ-ਸੇਵਾ ਨੂੰ ਪਰ੍ਹਾਂ ਤੂੰ ਸੁੱਟ ਬੀਬਾ।
ਝਾੜ ਭਾਸ਼ਣ ਤੇ ਬਣ ਮਹਿਬੂਬ ਨੇਤਾ, ਸਾਰੀ ਜ਼ਿੰਦਗੀ ਮੌਜਾਂ ਲੁੱਟ ਬੀਬਾ।



ਚੋਰ ਉਚੱਕੇ/ਹਰਦਮ ਸਿੰਘ ਮਾਨ
ਨਾਥ ਆਖਦਾ ਯਤਨ ਤੂੰ ਲੱਖ ਕਰ ਲੈ, ਹੋਣਾ ਵੱਲ ਨਹੀਂ ਤੇਰੇ ਸਮਾਜ ਕਾਕਾ।
ਭਾਵੇਂ ਬਣ ਦਾਰੂ ਦੀਨ ਦੁਖੀਆਂ ਲਈ, ਲੱਖ ਕਰ ਤੂੰ ਭਲਾਈ ਦੇ ਕਾਜ ਕਾਕਾ।
ਹੱਕ ਸੱਚ ਦਾ ਚਾਹੇ ਤੂੰ ਦੇ ਹੋਕਾ, ਸੁਣਨੀ ਕਿਸੇ ਨਹੀਂ ਤੇਰੀ ਆਵਾਜ਼ ਕਾਕਾ।
ਏਥੇ ਚੌਧਰ ਹੈ ਚੋਰ ਉਚੱਕਿਆਂ ਦੀ, ਲੁੱਚੇ ਲੰਡਿਆਂ ਦਾ ਏਥੇ ਹੈ ਰਾਜ ਕਾਕਾ।



ਸਮਾਜ ਸੇਵਕ/ਹਰਦਮ ਸਿੰਘ ਮਾਨ
ਸਮਾਜ ਸੇਵਕ ਅਸੀਂ, ਸੇਵਾ ਫਰਜ਼ ਸਾਡਾ, ਅਸੀਂ ਲੋਚਦੇ ਹਾਂ ਹੋਵੇ ਸਮਾਜ ਚੰਗਾ।
ਸਟਾਕ ਕਰੀਏ ਲੋਕ-ਭਲਾਈ ਖਾਤਰ, ਸਭ ਤਰਾਂ ਦਾ ਅਸੀਂ ਅਨਾਜ ਚੰਗਾ।
ਬੇਈਮਾਨੀ, ਮੱਕਾਰੀ, ਫਰੇਬ, ਧੋਖਾ, ਪਹਿਨੀਏ ਸਿਰ ਤੇ ਇਨ੍ਹਾਂ ਦਾ ਤਾਜ ਚੰਗਾ।
ਕੁੜੀ ਸੋਹਣੀ, ਕ-ਸੋਹਣੀ ਨਾ ਪਰਖੀਏ ਜੀ, ਮੂਹੋਂ ਮੰਗਿਆ ਮਿਲੇ ਜੇ ਦਾਜ ਚੰਗਾ।



ਸਰਕਾਰੀ ਲੋਰੀਆਂ/ਹਰਦਮ ਸਿੰਘ ਮਾਨ
ਕਿਹੜੇ ਹੱਕ ਇਨਸਾਫ ਦੀ ਗੱਲ ਕਰਦੇਂ, ਕਾਨੂੰਨ ਵਿਚ ਬਹੁਤ ਚੋਰ ਮੋਰੀਆਂ ਨੇ।
ਤਕੜਾ 'ਜਿਉਂਦੈ' ਸੀਨਾਜ਼ੋਰੀਆਂ ਤੇ, 'ਮਾੜਾ' ਮਾਰਿਐ ਸਦਾ ਕਮਜ਼ੋਰੀਆਂ ਨੇ।
ਕਾਲੀ ਰਾਤ 'ਚ ਉਹ ਹੈ ਦੁੱਧ-ਧੋਤਾ, ਬਾਹਾਂ ਵਿਚ ਜੀਹਦੇ ਚਾਰ ਗੋਰੀਆਂ ਨੇ।
ਸਾਡੀ ਅੱਖ ਖੁੱਲ੍ਹੇ ਤਾਂ ਕਿਵੇਂ ਖੁੱਲ੍ਹੇ, ਸਾਨੂੰ ਮਸਤ ਕੀਤੈ ਸਰਕਾਰੀ ਲੋਰੀਆਂ ਨੇ।


ਜ਼ਮੀਰ/ਹਰਦਮ ਸਿੰਘ ਮਾਨ
ਸ਼ਰਮ, ਹਯਾ ਨਹੀਂ ਨੇੜੇ ਢੁੱਕਣ ਦੇਣੀ, ਸਾਡੀ ਲੋਹੇ 'ਤੇ ਇਹ ਲਕੀਰ ਬਾਬਾ।
ਲੋਭ, ਲਾਲਚ ਦਾ ਪੱਲਾ ਛੱਡਣਾ ਨਹੀਂ, ਉਂਜ ਬਣ ਕੇ ਰਹਿਣੈਂ ਫਕੀਰ ਬਾਬਾ।
ਛੋਟੇ ਵੱਡੇ ਦੀ ਕਰਾਂਗੇ ਜੀ-ਹਜ਼ੂਰੀ, ਹੋਵੇ ਅਫਸਰ ਜਾਂ ਕੋਈ ਵਜ਼ੀਰ ਬਾਬਾ।
ਤਿਉਂ ਤਿਉਂ ਹੀ ਵਧੂ ਜ਼ਮੀਨ ਸਾਡੀ, ਜਿਉਂ ਜਿਉਂ ਵੇਚਾਂਗੇ ਅਸੀਂ ਜ਼ਮੀਰ ਬਾਬਾ।

Sunday, September 6, 2009

ਰੰਗ ਸਮੇਂ ਦੇ ਵੇਂਹਦਾ ਚੱਲ

ਗ਼ਜ਼ਲ/ਹਰਦਮ ਸਿੰਘ ਮਾਨ

ਰੰਗ ਸਮੇਂ ਦੇ ਵੇਂਹਦਾ ਚੱਲ।
ਸੰਗ ਸਮੇਂ ਦੇ ਤੁਰਿਆ ਚੱਲ।

ਕੰਡੇ, ਕੰਕਰ ਚੁਗਦਾ ਚੱਲ।
ਹਾਸੇ, ਖੁਸ਼ਬੂ ਵੰਡਦਾ ਚੱਲ।

ਉਚੀ ਸੋਚ 'ਤੇ ਪਹਿਰਾ ਰੱਖ
ਹੋ ਕੇ ਨਿਮਰ, ਨਿਮਾਣਾ ਚੱਲ।

ਜਿੱਥੇ ਕੂੜ ਹਨੇਰ ਦਿਸੇ
ਚਾਨਣ ਦੀ ਲੱਪ ਸੁਟਦਾ ਚੱਲ।

ਨਫਰਤ ਵੰਡਦੀ ਬਸਤੀ ਵਿਚ
ਗੀਤ ਪਿਆਰ ਦੇ ਗਾਉਂਦਾ ਚੱਲ।

ਸ਼ਾਇਦ ਗੂੰਗੇ ਹੋ ਗਏ ਲੋਕ
ਬੋਲ ਇਨ੍ਹਾਂ ਨੂੰ ਦਿੰਦਾ ਚੱਲ।

ਧੁੱਪ, ਤਸੀਹੇ ਜਿਸਮ ਉਤੇ
ਰੁੱਖਾਂ ਵਾਂਗੂੰ ਸਹਿੰਦਾ ਚੱਲ।

ਜੀਵਨ ਮਘਦਾ ਰੱਖਣੈ 'ਮਾਨ'
ਸੁਪਨੇ ਨਵੇਂ ਸਜਾਉਂਦਾ ਚੱਲ।

ਹਿੰਮਤਾਂ ਦਾ ਕਾਫਲਾ।

ਗ਼ਜ਼ਲ/ਹਰਦਮ ਸਿੰਘ ਮਾਨ
ਰੋਜ਼ ਸਾਡੇ ਦਰ ਤੇ ਆਵੇ ਮੁਸ਼ਕਿਲਾਂ ਦਾ ਕਾਫਲਾ।
ਆਫਤਾਂ ਨੂੰ ਪਰ ਕੀ ਜਾਣੇ ਹਿੰਮਤਾਂ ਦਾ ਕਾਫਲਾ।

ਫਿਰ ਕਿਸੇ ਵੀ ਕੋਨੇ ਅੰਦਰ ਠਹਿਰ ਨਹੀਂ ਸਕਣਾ ਹਨੇਰ
ਸਿਦਕ ਲੈ ਕੇ ਤੁਰ ਪਿਆ ਜਦ ਜੁਗਨੂੰਆਂ ਦਾ ਕਾਫਲਾ।

ਗਿੱਧਿਆਂ ਦੇ ਵਿਹੜਿਆਂ ਵਿਚ ਕਾਲ ਜਿਹਾ ਪੈ ਗਿਐ
ਕੋਠਿਆਂ ਤੇ ਸਿਸਕਦਾ ਹੈ ਝਾਂਜਰਾਂ ਦਾ ਕਾਫਲਾ।

ਏਸ ਰਸਮੀ ਦੌਰ ਵਿਚ ਰਲ ਕੇ ਕੋਈ ਕਰੀਏ ਉਪਾਅ
ਭਟਕਿਆ ਹੀ ਹੋਣੈਂ ਕਿਧਰੇ ਰਿਸ਼ਤਿਆਂ ਦਾ ਕਾਫਲਾ।

ਚੜ੍ਹਦੇ ਸੂਰਜ ਨੂੰ ਅਸੀਂ ਕਰਨਾ ਨਹੀਂ ਸਿੱਖੇ ਸਲਾਮ
ਤਾਂ ਹੀ ਸਾਡੇ ਵੱਲ ਹੈ ਆਉਂਦਾ ਤੁਹਮਤਾਂ ਦਾ ਕਾਫਲਾ।

ਦਰਦ ਦਾ ਇਕ ਗੀਤ ਹਾਂ

ਗ਼ਜ਼ਲ / ਹਰਦਮ ਸਿੰਘ ਮਾਨ
ਦਰਦ ਦਾ ਇਕ ਗੀਤ ਹਾਂ ਤੇ ਪੀੜ ਦਾ ਨਗ਼ਮਾ ਹਾਂ ਮੈਂ।
ਨੀਝ ਲਾ ਕੇ ਪੜ੍ਹ ਲਵੋ ਹਰ ਸ਼ਖ਼ਸ ਦਾ ਚਿਹਰਾ ਹਾਂ ਮੈਂ।

ਆਪਣਾ ਸਭ ਕੁੱਝ ਲੁਟਾ ਕੇ ਮੰਡੀ ਵਿਚ ਚੁਪ ਚਾਪ ਹੀ
ਘਰ ਨੂੰ ਵਾਪਸ ਪਰਤਦੇ ਕਿਰਸਾਨ ਦਾ ਹਉਕਾ ਹਾਂ ਮੈਂ।

ਸ਼ਹਿਰ ਦੇ ਇਸ ਚੌਕ ਵਿਚ ਅੱਜ ਗੂੰਜਦੇ ਨੇ ਕਹਿਕਹੇ
ਏਸ ਥਾਂ ਹੋਇਆ ਦਫ਼ਨ ਮਜ਼ਲੂਮ ਦਾ ਹਾਸਾ ਹਾਂ ਮੈਂ।

ਜ਼ਖ਼ਮ ਮੇਰੇ ਜਿਸਮ ਦੇ ਤੂੰ ਵੇਖ ਕੇ ਨਾ ਮੁਸਕਰਾ
ਆਸ਼ਿਕਾਂ ਦੇ ਇਸ ਨਗਰ ਵਿਚ ਇਸ਼ਕ ਦਾ ਜਜ਼ਬਾ ਹਾਂ ਮੈਂ।

ਕੂੜ ਦਾ ਵਿਓਪਾਰ ਕਰਦੇ ਜਲਸਿਆਂ ਦੇ ਰਾਹਬਰੋ!
ਭੀੜ ਦੇ ਹਰ ਜ਼ਿਹਨ ਵਿਚ ਇਕ ਸੁਲਘਦਾ ਨਾਅਰਾ ਹਾਂ ਮੈਂ।

ਮੈਂ ਨਹੀਂ ਸੂਰਜ ਤੇ ਨਾ ਹੀ ਮੈਂ ਕਦੇ ਦਾਅਵਾ ਕਰਾਂ
ਘੁੱਪ ਹਨੇਰੀ ਰਾਤ ਵਿਚ ਚਾਨਣ ਦਾ ਇਕ ਕਤਰਾ ਹਾਂ ਮੈਂ।

ਉਹ ਕਿਸੇ ਰੌਸ਼ਨ ਭਵਿੱਖ ਦੀ ਤਾਂਘ ਵਿਚ ਬੇਚੈਨ ਨੇ
ਵਰਤਮਾਨ ਦੀ ਹਰ ਘੜੀ ਵਿਚ ਮਸਤ ਹਾਂ, ਖੀਵਾ ਹਾਂ ਮੈਂ।

ਸ਼ੀਸ਼ੇ ਸਾਹਵੇਂ

ਗ਼ਜ਼ਲ / ਹਰਦਮ ਸਿੰਘ ਮਾਨ
ਸ਼ੀਸ਼ੇ ਸਾਹਵੇਂ ਜਾਣ ਤੋਂ ਮੈਂ ਘਬਰਾਉਂਦਾ ਹਾਂ।
ਵੈਸੇ ਤਾਂ ਮੈਂ ਸੱਜਣ ਪੁਰਸ਼ ਕਹਾਉਂਦਾ ਹਾਂ।

ਸ਼ਹਿਰ ਦੀ ਹਰ ਸ਼ੈਅ ਝੂਠੀ ਝੂਠੀ ਲਗਦੀ ਹੈ
ਕਦੇ ਕਦੇ ਜਦ ਪਿੰਡ ਜਾ ਕੇ ਮੈਂ ਆਉਂਦਾ ਹਾਂ।

ਮੇਰੇ ਮਨ ਦਾ ਨੇਤਾ ਨੱਚ ਨੱਚ ਕਰੇ ਕਮਾਲ
ਕਾਗਜ਼ ਉੱਤੇ ਜਦ ਵੀ ਕੁਰਸੀ ਵਾਹੁੰਦਾ ਹਾਂ।

ਮੇਰੇ ਖ਼ਾਬਾਂ ਵਿਚ ਨਫਰਤ ਕਿਉਂ ਹਰ ਪਾਸੇ
ਮੈਂ ਤਾਂ ਗੀਤ ਮੁਹੱਬਤ ਦੇ ਨਿਤ ਗਾਉਂਦਾ ਹਾਂ।

ਘੁੱਪ ਹਨੇਰਾ ਅਕਸਰ ਮੈਨੂੰ ਕਰੇ ਸਵਾਲ
ਚਾਨਣ ਚਾਨਣ ਚਾਨਣ ਕਿਉਂ ਕੁਰਲਾਉਂਦਾ ਹਾਂ।

ਕਮਰੇ ਵਿਚਲੇ ਫੁੱਲ ਬਣਾਉਟੀ, ਹਸਦੇ ਨੇ
ਮੈਂ ਖੁਸ਼ਬੂ ਦੀ ਰੀਝ ਜਦੋਂ ਦਫਨਾਉਂਦਾ ਹਾਂ।

ਗ਼ਰਜ਼ਾਂ, ਰਿਸ਼ਤੇ, ਪੈਸਾ, ਮਾਪੇ, ਭੈਣ ਭਰਾ
ਕੱਲਮ ਕੱਲਾ ਭੀੜ 'ਚ ਘਿਰਿਆ ਪਾਉਂਦਾ ਹਾਂ।

ਸਰਦਲ ਕਰੇ ਸਵਾਗਤ ਰਸਮੀ ਹਾਸੇ ਨਾਲ
ਦਫਤਰ ਤੋਂ ਘਰ ਵਾਪਸ ਜਦ ਮੈਂ ਆਉਂਦਾ ਹਾਂ।

ਖ਼ਾਹਿਸ਼ਾਂ ਦੀ ਭਾਲ ਕਰ

ਗ਼ਜ਼ਲ / ਹਰਦਮ ਸਿੰਘ ਮਾਨ
ਖ਼ਾਹਿਸ਼ਾਂ ਦੀ ਭਾਲ ਕਰ ਜਾਂ ਸੁਪਨਿਆਂ ਦੀ ਕਰ ਤਲਾਸ਼।
ਸਿੱਕਿਆਂ ਦੇ ਦੌਰ ਵਿਚ ਨਾ ਹਾਸਿਆਂ ਦੀ ਕਰ ਤਲਾਸ਼।

ਜ਼ਿੰਦਗੀ ਦੇ ਰੂਬਰੂ ਹੋਵਣ ਦੀ ਹੈ ਜੇ ਤਾਂਘ ਤਾਂ
ਨੇਰ੍ਹਿਆਂ ਦੇ ਸੀਨਿਆਂ ਚੋਂ ਜੁਗਨੂੰਆਂ ਦੀ ਕਰ ਤਲਾਸ਼।

ਦੋਸਤ ਮਿੱਤਰ ਨੇ ਬਥੇਰੇ, ਰਿਸ਼ਤਿਆਂ ਦੀ ਭੀੜ ਹੈ
ਐ ਮਨਾਂ ! ਹੁਣ ਦੂਰ ਜਾ ਕੇ ਆਪਣਿਆਂ ਦੀ ਕਰ ਤਲਾਸ਼।

ਲੋਕਾਂ ਦੀ ਇਸ ਭੀੜ ਨੇ ਤਾਂ ਬਿਖਰ ਜਾਣੈ ਮੋੜ ਤੇ
ਮੰਜ਼ਿਲਾਂ ਮਾਣਨ ਲਈ ਤਾਂ ਰਾਹਬਰਾਂ ਦੀ ਕਰ ਤਲਾਸ਼।

ਰੰਗ ਹੋਵਣ, ਮਹਿਕ ਹੋਵੇ, ਜ਼ਿੰਦਗੀ ਦੀ ਹੋਵੇ ਬਾਤ
ਸੁੰਨ-ਮ-ਸੁੰਨੇ ਇਸ ਨਗਰ ਵਿਚ ਮਹਿਫ਼ਿਲਾਂ ਦੀ ਕਰ ਤਲਾਸ਼।

ਪੱਥਰਾਂ ਦੇ ਸ਼ਹਿਰ ਵਿਚ ਸੰਗਮਰਮਰੀ ਵਸਨੀਕ ਨੇ
ਏਥੇ ਨਾ ਤੂੰ 'ਮਾਨ'ਐਵੈਂ ਦਿਲਬਰਾਂ ਦੀ ਕਰ ਤਲਾਸ਼।

ਡਲ੍ਹਕਦੇ ਨੈਣਾਂ ਚ ਸੁਪਨੇ

ਗ਼ਜ਼ਲ / ਹਰਦਮ ਸਿੰਘ ਮਾਨ
ਡਲ੍ਹਕਦੇ ਨੈਣਾਂ ਦੇ ਵਿਚ ਸੁਪਨੇ ਲਈ ਫਿਰਦੇ ਰਹੇ।
ਆਪਣੀ ਹੀ ਲਾਸ਼ ਦੇ ਟੁਕੜੇ ਲਈ ਫਿਰਦੇ ਰਹੇ।
ਵਕਤ ਦੀ ਸਾਜ਼ਿਸ਼ ਸੀ ਇਹ, ਨਾ ਜ਼ਿੰਦਗੀ ਨੂੰ ਵਰ ਸਕੇ
ਉਮਰ ਭਰ ਹੱਥਾਂ ਦੇ ਵਿਚ ਸਿਹਰੇ ਲਈ ਫਿਰਦੇ ਰਹੇ।
ਰੌਸ਼ਨੀ ਦੀ ਝਲਕ-ਮਾਤਰ ਵੀ ਨਹੀਂ ਹੋਈ ਨਸੀਬ
ਸੁੰਨੀਆਂ ਮੜ੍ਹੀਆਂ 'ਚ ਉਹ ਦੀਵੇ ਲਈ ਫਿਰਦੇ ਰਹੇ।
ਜ਼ਿੰਦਗੀ ਦੀ ਭੂਮਿਕਾ ਵੀ ਹਾਇ ਸੀ ਕਿੰਨੀ ਅਜੀਬ
ਦਿਲ 'ਗ਼ਮ ਪਰ ਬੁਲ੍ਹਾਂ ਤੇ ਹਾਸੇ ਲਈ ਫਿਰਦੇ ਰਹੇ।
ਜ਼ਖ਼ਮ, ਪੀੜਾਂ, ਹੌਕੇ, ਹੰਝੂ, ਰੋਸੇ-ਰੋਣੇ, ਦਰਦ, ਗ਼ਮ
ਇਸ ਤਰਾਂ ਦੇ ਕੁਝ ਅਸੀਂ ਤੋਹਫੇ ਲਈ ਫਿਰਦੇ ਰਹੇ।
ਮੌਤ ਵਾਂਗੂੰ ਨਾ ਕਿਸੇ ਨੇ ਲਾਇਆ ਸਾਨੂੰ ਗਲ ਦੇ ਨਾਲ
ਜ਼ਿੰਦਗੀ ਵਿਚ ਸੈਂਕੜੇ ਰਿਸ਼ਤੇ ਲਈ ਫਿਰਦੇ ਰਹੇ।
ਦੋਸ਼ ਕੀ ਦੇਈਏ ਕਿਸੇ ਨੂੰ ਆਪਣੀ ਹੀ ਭੁੱਲ ਸੀ 'ਮਾਨ'
ਪੱਥਰਾਂ ਦੇ ਸ਼ਹਿਰ ਵਿਚ ਸ਼ੀਸ਼ੇ ਲਈ ਫਿਰਦੇ ਰਹੇ।

ਮਨਾਂ ਵਿਚ ਬਾਲੀਏ ਦੀਵੇ

ਗ਼ਜ਼ਲ/ਹਰਦਮ ਸਿੰਘ ਮਾਨ
ਮਨਾਂ ਵਿਚ ਬਾਲੀਏ ਦੀਵੇ ਕਿ ਘਰ ਘਰ ਰੌਸ਼ਨੀ ਹੋਵੇ।
ਦਿਲਾਂ ਵਿਚ ਹਰ ਘੜੀ ਹਰ ਪਲ ਮੁਹੱਬਤ ਧੜਕਦੀ ਹੋਵੇ।

ਤੇਰੇ ਸਾਹਾਂ ਦੀ ਖੁਸ਼ਬੂ ਹਰ ਘੜੀ ਮਹਿਸੂਸ ਕਰਦਾ ਹਾਂ
ਸਦਾ ਚਾਹਾਂ ਤੇਰੇ ਵਿਹੜੇ ''ਚ ਨੱਚਦੀ ਜ਼ਿੰਦਗੀ ਹੋਵੇ।

ਨਾ ਤੇਰੀ ਪੀੜ ਵੱਖਰੀ ਹੈ, ਨਾ ਮੇਰੀ ਵੇਦਨਾ ਹੈ ਹੋਰ
ਜੇ ਇਕ ਦੇ ਘਰ 'ਚ ਖੇੜੇ ਨੇ ਤਾਂ ਦੂਜੇ ਘਰ ਖੁਸ਼ੀ ਹੋਵੇ।

ਸੁਬ੍ਹਾ ਉਠ ਕੇ ਹਮੇਸ਼ਾ ਹੀ ਮੈਂ ਬੁੱਲ੍ਹੇ ਸ਼ਾਹ ਨੂੰ ਇਹ ਆਖਾਂ
ਕਿਸੇ ਦੇ ਬੋਲ ਨਾ ਡੁਸਕਣ, ਨਾ ਸਿੱਲ੍ਹੀ ਅੱਖ ਕੋਈ ਹੋਵੇ।

ਪੁਜਾਰੀ ਇਸ਼ਕ ਦਾ ਹਾਂ ਮੈਂ ਤੇ ਮਹਿਕਾਂ ਦਾ ਹਾਂ ਵਣਜਾਰਾ
ਸਦਾ ਲੋਚਾਂ ਕਿ ਏਥੇ ਪਿਆਰ ਦੀ ਵਗਦੀ ਨਦੀ ਹੋਵੇ।