Sunday, February 16, 2014

ਰੀਵਿਊ-ਅੰਬਰਾਂ ਦੀ ਭਾਲ਼ ਵਿਚ (ਗ਼ਜ਼ਲ ਸੰਗ੍ਰਹਿ) / Hardam Singh Maan

ਹਰਦਮ ਸਿੰਘ ਮਾਨ ਇਕ ਪ੍ਰਤਿਭਾਸ਼ੀਲ਼ ਸ਼ਾਇਰ ਹੈ|ਉਸ ਨੇ ਗ਼ਜ਼ਲ ਦੀ ਵਿਧਾਨਿਕ ਜਾਣਕਾਰੀ ਜਨਾਬ ਦੀਪਕ ਜੈਤੋਈ ਜੀ ਤੋਂ ਪ੍ਰਾਪ੍ਰਤ ਕੀਤੀ ਹੈ|'ਅੰਬਰਾ ਦੀ ਭਾਲ਼' ਗ਼ਜ਼ਲ ਸੰਗ੍ਰਹਿ ਦਾ ਪਾਠ ਕਰਦਿਆਂ ਉਸ ਦੀ ਗ਼ਜ਼ਲ ਦੀਆਂ ਅਨੇਕਾਂ ਖੂਬਸੂਰਤੀਆਂ ਸਾਹਮਣੇ ਆਈਆਂ ਹਨ|ਹਰਦਮ ਸਿੰਘ ਮਾਨ ਆਪਣੇ ਸਮਕਾਲ਼ੀ ਵਰਤਾਰਿਆਂ/ਯਥਾਰਥ ਬਾਰੇ ਪੂਰੀ ਤਰ੍ਹਾਂ ਸੁਚੇਤ ਸ਼ਾਇਰ ਹੈ|ਵਿਸ਼ਵੀਕਰਨ /ਬਾਜ਼ਾਰੀਕਰਨ,ਸਿਆਸਤ,ਘਰ,ਰਿਸ਼ਤੇ ਅਤੇ ਅੰਧਵਿਸ਼ਵਾਸ ਆਦਿ ਅਜਿਹੇ ਵਿਸ਼ੇ ਹਨ ਜੋ ਉਸ ਦੀ ਗ਼ਜ਼ਲ ਚੇਤਨਾ ਦੇ ਕੇਂਦਰ ਵਿਚ ਖੜ੍ਹੇ ਹਨ|ਆਪਣੀਆਂ ਗ਼ਜ਼ਲਾਂ ਸੰਬੰਧੀ ਉਸ ਦਾ ਸਵੈ-ਕਥਨ ਹੈ-
ਥਲਾਂ ਦੀ ਰੇਤ ਇਹ ਗ਼ਜ਼ਲਾਂ,ਨਦੀ ਦਾ ਵਹਿਣ ਇਹ ਗ਼ਜ਼ਲਾਂ |
ਬੜਾ ਖ਼ਾਮੋਸ਼ ਰਹਿ ਕੇ ਵੀ ਬੜਾ ਕੁਝ ਕਹਿਣ ਇਹ ਗ਼ਜ਼ਲਾਂ |
ਕਵਿਤਾ ਵਿਚ ਖ਼ਾਮੋਸ਼ੀ ਦੇ ਆਪਣੇ ਅਰਥ ਹਨ|ਹਰਦਮ ਸਿੰਘ ਮਾਨ ਦੀਆਂ ਇਹ ਗ਼ਜ਼ਲਾਂ ਇਸ ਖ਼ਾਮੋਸ਼ੀ ਵਿਚ ਹੀ ਬੜਾ ਕੁਝ ਕਹਿ ਜਾਂਦੀਆਂ ਹਨ|ਉਸ ਦੀ ਗ਼ਜ਼ਲ ਬਾਜ਼ਾਰ ਬਾਰੇ ਕਈ ਨਵੇ ਸਵਾਲ਼ ਖੜ੍ਹੇ ਕਰਦੀ ਹੈ| ਆਰਥਿਕ ਧਰਾਤਲ਼ ਤੇ ਵਾਪਰੀਆਂ ਤਬਦੀਲ਼ੀਆਂ ਨੇ ਸਮਾਜਿਕ ਉਸਾਰੀ ਵਿਚ ਵੀ ਕਈ ਵੱਡੇ ਵਿਗਾੜ ਪੈਦਾ ਕੀਤੇ ਹਨ|ਪੈਸਾਵਾਦੀ/ਮੰਡੀ ਕਲ਼ਚਰ ਨੇ ਮਨੁੱਖ ਤੋਂ ਸਧਾਰਨ ਖੋਹ ਕੇ ਉਸ ਨੂੰ ਵਸਤ ਅਤੇ ਇਸ਼ਤਿਹਾਰ ਵਿਚ ਬਦਲ਼ ਦਿੱਤਾ ਹੈ|ਹਰਦਮ ਮਾਨ ਦੀ ਗ਼ਜ਼ਲ ਅਜਿਹੇ ਵਰਤਾਰਿਆਂ ਦੀ ਕਰੂਰਤਾ ਪ੍ਰਤੀ ਸ਼ਿਕਵਾ ਨਹੀ ਕਰਦੀ ਸਗੋਂ ਇਹ ਗ਼ਜ਼ਲ ਇਨ੍ਹਾਂ ਵਰਤਾਰਿਆਂ ਪ੍ਰਤੀ ਮਨੁੱਖ ਨੂੰ ਨਵੇ ਸਿਰੇ ਤੋ ਸੰਘਰਸ਼ ਕਰਨ ਲ਼ਈ ਪ੍ਰੇਰਤ ਕਰਦੀ ਹੈ|
ਸੱਤਾ/ਸਥਾਪਤੀ ਆਪਣੀਆਂ ਜੜ੍ਹਾਂ ਡੂੰਘੀਆਂ ਕਰਨ ਲ਼ਈ ਆਪਣੇ ਹਿਟਲ਼ਰੀ ਇਰਾਦਿਆਂ ਨਾਲ਼ ਮਾਨਵੀ ਕਦਰਾਂ-ਕੀਮਤਾਂ ਨੂੰ ਕਿਸ ਤਰ੍ਹਾਂ ਕੁਰਬਾਨ ਕਰਦੀ ਹੈ,ਸਧਾਰਨ ਮਨੁੱਖ ਇਹ ਵੇਖ ਦੇ ਦੰਗ ਰਹਿ ਜਾਂਦਾ ਹੈ|ਸੱਤਾ ਅਤੇ ਹਿਟਲ਼ਰੀ ਇਰਾਦਿਆਂ ਵਾਲ਼ੇ ਮਨੁੱਖ ਲ਼ਈ ਗ਼ਰੀਬੀ,ਭੁੱਖਮਰੀ ਅਤੇ ਬੇਰੁਜ਼ਗਾਰੀ ਮਹਿਜ ਮੁੱਦੇ ਹੁੰਦੇ ਹਨ|ਇਹ ਸੰਵੇਦਨਹੀਣ ਮਨੁੱਖ, ਸਾਧਾਰਨ ਮਨੁੱਖ ਲ਼ਈ ਨਿੱਤ ਨਵੇਂ ਨਾਅਰੇ ਅਤੇ ਭਰਮ ਸਿਰਜਦੇ ਹਨ| ਹਰਦਮ ਸਿੰਘ ਮਾਨ ਸਮਕਾਲ਼ੀ ਸਿਆਸਤ ਦੇ ਅਜਿਹੇ ਪਹਿਲ਼ੂਆਂ ਤੇ ਆਪਣੀ ਗ਼ਜ਼ਲ ਵਿਚ ਤਿੱਖੇ ਵਿਅੰਗ ਕਰਦਾ ਹੈ-
ਨਿਗਲ਼ ਲ਼ਏ ਇਨਸਾਨੀ ਕਿਰਦਾਰ ਸਿਆਸਤ ਨੇ|
ਕਰ'ਤੇ ਲ਼ੋਕ ਨਕਾਰਾ,ਲ਼ਾਚਾਰ ਸਿਆਸਤ ਨੇ|
ਹਰਦਮ ਸਿੰਘ ਮਾਨ ਵਾਰ ਵਾਰ ਪਾਠਕ ਨੂੰ ਆਪਣੇ ਅੰਦਰ ਨਵੀਂ ਤਾਰਕਿਕ ਸੂਝ ਪੈਦਾ ਕਰਨ ਦੀ ਗੱਲ਼ ਕਰਦਾ ਹੈ|ਇਸ ਸੰਗ੍ਰਹਿ ਦੀਆਂ ਕਈ ਗਜ਼ਲ਼ਾਂ ਮਸੱਲ਼ਸਲ਼ ਕਿਸਮ ਦੀਆਂ ਗ਼ਜ਼ਲਾਂ ਹਨ|ਇਸ ਗ਼ਜ਼ਲ ਸੰਗ੍ਰਹਿ ਦੀ ਖ਼ੂਬਸੂਰਤੀ ਇਹ ਹੈ ਕਿ ਇਹ ਗ਼ਜ਼ਲ ਪਾਠਕ ਨੂੰ ਕਦੇ ਨਿਰਾਸ਼ ਨਹੀ ਕਰਦੀ | ਇਹ ਗ਼ਜ਼ਲ ਪਾਠਕ ਨੂੰ ਆਸ਼ਾਵਾਦੀ ਦ੍ਰਿਸ਼ਟੀ ਪ੍ਰਦਾਨ ਕਰਦੀ ਹੈ| ਘਰ ਅਤੇ ਸਮਾਜਿਕ ਰਿਸ਼ਤਿਆਂ ਪ੍ਰਤੀ ਗੱਲ਼ ਕਰਦੀ ਇਹ ਗ਼ਜ਼ਲ ਸੰਵੇਦਨਸ਼ੀਲ਼ ਮਨੁੱਖ ਨੂੰ ਨਵੇਂ ਸਿਰੇ ਤੋਂ ਸੋਚਣ ਲ਼ਈ ਮਜ਼ਬੂਰ ਕਰਦੀ ਹੈ|ਪਿੰਡ ਅਤੇ ਸ਼ਹਿਰ ਉਨ੍ਹਾਂ ਦੀਆਂ ਗ਼ਜ਼ਲਾਂ ਵਿਚ ਵਿਰੋਧੀ ਚਿਹਨਾਂ ਵਜੋਂ ਆਏ ਹਨ| ਉਹ ਪਾਠਕ ਨੂੰ ਮੜੀਆਂ ਤੇ ਨਹੀ,ਆਪਣੀ ਅੰਤਰ ਆਤਮਾ ਵਿਚ ਦੀਵਾ ਜਗਾਉਣ ਦੀ ਤਾਕੀਦ ਕਰਦਾ ਹੈ | ਖ਼ੂਬਸੂਰਤ ਸ਼ਬਦਾਂ ਅਤੇ ਭਾਵਾਂ ਨਾਲ਼ ਸ਼ਿੰਗਾਰੀ ਇਹ ਗ਼ਜ਼ਲ ਪਾਠਕਾਂ ਨੂੰ ਤ੍ਰਿਪਤ ਹੀ ਨਹੀ ਕਰਦੀ ਸਗੋਂ ਸਿਰਜਣਾ ਦੇ ਦੀਵੇ ਵੀ ਬਾਲਦੀ ਹੈ।
- ਡਾ. ਜਸਪਾਲਜੀਤ ਸਿੰਘ


Thursday, January 30, 2014

ਆਪਣੇ ਘਰ ਦੀ ਪਤਝੜ / Hardam Singh Maan




ਗ਼ਜ਼ਲ/ਹਰਦਮ ਸਿੰਘ ਮਾਨ
ਆਪਣੇ ਘਰ ਦੀ ਪਤਝੜ ਏਦਾਂ ਦੂਰ ਭਜਾਵਾਂ ਮੈਂ।
ਮਨ ਦੇ ਵਿਹੜੇ ਨਿੱਤ ਨਵੇਂ ਕੁੱਝ ਫੁੱਲ ਸਜਾਵਾਂ ਮੈਂ।

ਰੋਜ਼ ਸਵੇਰੇ ਵੇਖਾਂ ਉੱਗੇ, ਦਸ ਸਿਰ ਹੋਰ ਨਵੇਂ
ਆਪਣੇ ਮਨ ਦਾ ਰਾਵਣ ਸ਼ਾਮੀਂ ਰੋਜ਼ ਜਲਾਵਾਂ ਮੈਂ।

ਤਨ-ਧਰਤੀ ਦਾ ਕੋਨਾ ਕੋਨਾ ਪਲ ਵਿਚ ਗਾਹ ਲਵਾਂ
ਮਨ-ਅੰਬਰ ਦੀ ਪਰਕਰਮਾ ਦੀ ਥਾਹ ਨਾ ਪਾਵਾਂ ਮੈਂ।

ਉਸ ਪੱਥਰ ਦਾ ਮਨ ਵੀ ਸ਼ਾਇਦ ਕਦੇ ਤਾਂ ਪਿਘਲ ਪਵੇ
ਸ਼ਾਮ ਸਵੇਰੇ ਕਿੰਨੇ ਹੀ ਫੁੱਲ ਬਲੀ ਚੜ•ਾਵਾਂ ਮੈਂ।

ਭਟਕੇ ਸੁਪਨੇ ਜਿੱਥੇ ਬਹਿ ਕੇ ਕੁਝ ਪਲ ਕਰਨ ਆਰਾਮ
ਮਨ ਦੀ ਦੁਨੀਆਂ ਅੰਦਰ ਲੱਭਾਂ ਉਹ ਸਿਰਨਾਵਾਂ ਮੈਂ।

ਸ਼ੀਸ਼ਾ ਮੈਨੂੰ 'ਮੁਜਰਿਮ ਮੁਜਰਿਮ' ਆਖੇ ਅਕਸਰ 'ਮਾਨ'
ਨੇਰ•ੇ ਦੀ ਸੱਥ ਅੰਦਰ ਬਹਿ ਕੇ 'ਜੱਜ' ਕਹਾਵਾਂ ਮੈਂ।

ਇਨਸਾਨਾਂ ਦੀ ਖੁਸ਼ਬੂ ਲੱਭਦੈ ਇਸ ਨਗਰੀ ਚੋਂ 'ਮਾਨ'
ਬੱਚਿਆਂ ਵਰਗੇ ਭੋਲੇ ਮਨ ਨੂੰ ਕਿੰਜ ਸਮਝਾਵਾਂ ਮੈਂ।

Saturday, October 5, 2013

ਮਿੰਨੀ ਕਹਾਣੀ - ਭਾਫ਼ / Hardam Singh Maan


ਅੱਧੀ ਰਾਤ ਨੂੰ ਹਰਪਾਲ ਸਿੰਘ ਦੀ ਖੱਬੀ ਬਾਂਹ ਵਿਚ ਤੇਜ਼ ਦਰਦ ਹੋਇਆ ਤਾਂ ਉਸਦੀ ਨੀਂਦ ਖੁੱਲ੍ਹ ਗਈ. ਉਹ ਘਬਰਾ ਗਿਆ ਤੇ ਉਠ ਕੇ ਬੈਠ ਗਿਆ. ਛਾਤੀ ਵਿਚ ਵੀ ਥੋੜ੍ਹਾ ਜਿਹਾ ਦਰਦ ਮਹਿਸੂਸ ਕੀਤਾ ਤਾਂ ਉਸਦੀ ਘਬਰਾਹਟ ਵਧ ਗਈ. ਉਸਨੇ ਸਿਰਹਾਣੇ ਹੇਠੋਂ ਐਸਪ੍ਰੀਨ ਦਾ ਪੱਤਾ ਕੱਢਿਆ ਤੇ ਪੱਤੇ ਚੋਂ ਦੋ ਗੋਲੀਆਂ ਕੱਢ ਕੇ ਤੁਰੰਤ ਮੂੰਹ ਵਿਚ ਪਾ ਕੇ ਚੱਬ ਲਈਆਂ ਤੇ ਉੱਤੋਂ ਦੋ ਘੁੱਟਾਂ ਪਾਣੀ ਪੀ ਕੇ ਕੁਝ ਦੇਰ ਮੰਜੇ ਤੇ ਬੈਠਾ ਰਿਹਾ. ਥੋੜ੍ਹੀ ਦੇਰ ਬਾਅਦ ਕੁਝ ਆਰਾਮ ਲੱਗਿਆ ਤਾਂ ਉਹ ਆਪਣੀ ਕੋਠੜੀ ਚੋਂ ਬਾਹਰ ਨਿਕਲ ਕੇ ਕੋਠੀ ਦੇ ਲਾਅਨ ਵਿਚ ਟਹਿਲਣ ਲੱਗ ਪਿਆ.
ਚੰਦ ਚਾਨਣੀ ਰਾਤ ਵਿਚ ਉਹ ਤਿੰਨ ਮੰਜ਼ਲੀ ਕੋਠੀ ਨੂੰ ਨਿਹਾਰਨ ਲੱਗਿਆ. ਅਮਰੀਕਾ ਬੈਠਾ ਵੱਡਾ ਮੁੰਡਾ ਗੁਰਪ੍ਰੇਮ ਤੇ ਲੰਦਨ ਵਸਿਆ ਛੋਟਾ ਮੁੰਡਾ ਨਿਰਪਜੀਤ ਉਸਦੀਆਂ ਸੋਚਾਂ ਵਿਚ ਤੈਰਨ ਲੱਗੇ. ਪਿਛਲੇ ਸਾਲ ਇੱਕਠੇ ਆਏ ਸਨ. ਦਿਨਾਂ ਵਿਚ ਹੀ ਇਹ ਮਹਿਲਨੁਮਾ ਕੋਠੀ ਦੀ ਉਸਾਰੀ ਉਨ੍ਹਾਂ ਕਰਵਾ ਦਿਤੀ ਸੀ. ਸਾਰੇ ਪਿੰਡ ਚੋਂ ਉੱਚੀ ਕੋਠੀ. ਜਿਸਨੂੰ ਅੰਦਰੋਂ ਬਾਹਰੋਂ ਵਿਦੇਸ਼ੀ ਦਿੱਖ ਦਿਤੀ ਗਈ ਸੀ. ਕੋਠੀ ਦੀ ਹਰ ਵਸਤ ਆਲੀਸ਼ਾਨ. ਹਰ ਕੋਈ ਖੜ੍ਹ ਖੜ੍ਹ ਵੇਖਦਾ ਸੀ. ਲਾਗਲੀਆਂ ਕੋਠੀਆਂ ਤਾਂ ਉਸਦੇ ਸਾਹਮਣੇ ਨਿਮੋਝੂਣੀਆਂ ਹੋਈਆਂ ਜਾਪ ਰਹੀਆਂ ਸਨ. ਕੋਠੀ ਬਣਨ ਨਾਲ ਹਰਪਾਲ ਸਿੰਘ ਦੀ ਵੁੱਕਤ ਵੀ ਪਿੰਡ ਵਿਚ ਪੈਣ ਲੱਗ ਪਈ. ਉਹ ਪਿੰਡ ਵਿਚ ਛਾਤੀ ਫੁਲਾ ਕੇ ਤੁਰਨ ਲੱਗ ਪਿਆ ਸੀ.
ਸਾਰਾ ਦਿਨ ਸੱਥ ਵਿਚ ਉਹ ਹੁੱਬ ਹੁੱਬ ਕੇ ਗੱਲਾਂ ਕਰਦਾ ਪਰ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਜਦ ਕੋਠੀ ਦੇ ਸਾਰੇ ਕਮਰਿਆਂ ਨੂੰ ਤਾਲੇ ਲੱਗੇ ਵੇਖਦਾ ਤਾਂ ਲੰਮਾ ਹਉਕਾ ਭਰ ਕੇ ਕੋਠੀ ਦੇ ਗੇਟ ‘ਤੇ ਬਣੀ ਆਪਣੀ ਕੋਠੜੀ ਵਿਚ ਆ ਕੇ ਮੰਜੇ ‘ਤੇ ਡਿੱਗ ਪੈਂਦਾ. ਕਿੰਨਾ ਚਿਰ ਕੋਠੜੀ ਦੀ ਛੱਤ ਦੇ ਬੱਤੇ, ਟਾਈਲਾਂ ਗਿਣਦਾ ਰਹਿੰਦਾ. ਕਿੰਨਾ ਕਿੰਨਾ ਚਿਰ ਨੀੰਦ ਨਾ ਆਉਂਦੀ.
ਕਦੇ ਕਦੇ ਉਹਦਾ ਮਨ ਕਰਦਾ ਕੇ ਆਪਣੇ ਕਿਸੇ ਯਾਰ ਬੇਲੀ ਨੂੰ ਆਪਣੀ ਸਾਰੀ ਵਿਥਿਆ ਖੋਲ੍ਹ ਕੇ ਦੱਸੇ ਪਰ ਫੇਰ ਸੋਚਾਂ ਵਿਚ ਪੈ ਜਾਂਦਾ ਅਤੇ ਚੁੱਪ ਕਰਕੇ ਬੈਠ ਜਾਂਦਾ. ਅੱਜ ਤਾਂ ਉਸਦਾ ਜੀ ਕਰਦਾ ਸੀ ਰਾਤ ਨੂੰ ਹੀ ਉੱਚੀ ਉੱਚੀ ਰੌਲਾ ਪਾਵੇ ਤੇ ਸਾਰੇ ਪਿੰਡ ਨੂੰ ਸੁਣਾਵੇ ਕਿ ... ਪਰ ਅਗਲੇ ਹੀ ਪਲ ਉਸਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਆਪ-ਮੁਹਾਰੇ ਬੋਲ ਪਿਆ ‘ਨਾ ਹਰਪਾਲ ਸਿਆਂ ਨਾ... ਚੰਗਾ ਮਾਣ-ਤਾਣ ਇਲਾਕੇ ‘ਚ ਬਣਿਐਂ. ਵੇਖੀਂ ਕਿਤੇ ਭਾਫ਼ ਕੱਢ ਬੈਠੇਂ ਬਾਹਰ ...ਨਾ ਨਾ ਕਮਲਿਆ ਨਾ...’
*ਹਰਦਮ ਸਿੰਘ ਮਾਨ

Monday, September 16, 2013

ਗ਼ਜ਼ਲ >< GAZAL / Hardam Singh Maan

ਉਹਨਾਂ ਦਾ ਹਰ ਇਕ ਹੀ ਵਾਅਦਾ ਮੈਨੂੰ ਤਾਂ ਛਲ ਲਗਦਾ ਹੈ।
ਜਿਸਨੂੰ ਉਹ ਦਰਿਆ ਕਹਿੰਦੇ ਨੇ, ਉਹ ਮਾਰੂਥਲ ਲਗਦਾ ਹੈ।

ਧੁੱਪਾਂ, ਪੱਤਝੜ, ਝੱਖੜ-ਝੋਲੇ, ਨੰਗੇ ਪਿੰਡੇ ਸਹਿ ਸਹਿ ਕੇ
ਫਿਰ ਹੀ ਉਹ ਰੁੱਤ ਆਉਂਦੀ ਹੈ ਜਦ ਰੁੱਖਾਂ ਨੂੰ ਫਲ ਲਗਦਾ ਹੈ।

ਕਿੰਨਾ ਸੁਹਣਾ ਸ਼ਹਿਰ ਹੈ ਤੇਰਾ, ਐਸ਼, ਨਜ਼ਾਰੇ, ਜਗਮਗ ਬਹੁਤ
ਸਚ ਪੁੱਛੇਂ ਤਾਂ ਕਦੇ ਕਦੇ ਇਹ ਮੈਨੂੰ ਜੰਗਲ ਲਗਦਾ ਹੈ।

ਗਲੀਆਂ ਦੇ ਵਿਚ ਮੌਤ ਦਾ ਹੋਕਾ ਸੁਣ ਕੇ ਮੈਂ ਖਾਮੋਸ਼ ਰਿਹਾ
ਜਦ ਵੀ ਸ਼ੀਸ਼ਾ ਵੇਖਾਂ, ਮੈਨੂੰ ਆਪਾ ਕਾਤਲ ਲਗਦਾ ਹੈ।

ਨੇਰ੍ਹੇ ਅੰਦਰ ਚਾਨਣ ਚਾਨਣ ਹਰ ਪਲ ਕੂਕੇ, ਹੈ ਇਹ ਕੌਣ?
‘ਮਾਨ’ ਕੋਈ ਇਹ ਸ਼ਾਇਰ ਹੈ ਜਾਂ ਫੱਕਰ, ਪਾਗਲ ਲਗਦਾ ਹੈ।
-----ਹਰਦਮ ਸਿੰਘ ਮਾਨ
(ਪੁਸਤਕ 'ਅੰਬਰਾਂ ਦੀ ਭਾਲ ਵਿਚ' ਚੋਂ)

Saturday, August 17, 2013

ਗ਼ਜ਼ਲ <>GAZAL / Hardam Singh Maan




ਘਰ ਵਿਚ ਹੈ ਖਾਮੋਸ਼ੀ ਸਾਡੇ ਮਨ ਵਿਚ ਹੈ ਕੁਹਰਾਮ।
ਹਰ ਪਲ ਲੜਦੇ ਰਹੀਏ ਸਾਡੇ ਸਮੇਂ ਦਾ ਇਹ ਸੰਗਰਾਮ।

ਰੋਜ਼ ਸਵੇਰੇ ਨਿਕਲਦੇ ਹਾਂ ਆਸਾਂ ਦੇ ਫੁੱਲ ਲੈ ਕੇ
ਸਾਡੀ ਤਲੀ ਤੇ ਧਰ ਜਾਂਦਾ ਹੈ ਕੌਣ ਉਦਾਸੀ ਸ਼ਾਮ

ਕਾਲਖ ਨੂੰ ਮੈਂ ਕਾਲਖ ਲਿਖਣਾ ਹੀ ਸੀ ਲਿਖ ਦਿੱਤਾ
ਮੇਰੇ ਸਿਰ ਤੇ ਸਜ‘ਗੇ ਦੁਨੀਆਂ ਭਰ ਦੇ ਸਭ ਇਲਜ਼ਾਮ

ਇਸ ਨਗਰੀ ਦੇ ਲੋਕੀਂ ਹੋ ਗਏ ਬਹੁਤ ਸਿਆਣੇ ਹੁਣ
ਛਿਪਦੇ ਨੂੰ ਨਾ ਵੇਖਣ, ਇਹ ਚੜ੍ਹਦੇ ਨੂੰ ਕਰਨ ਸਲਾਮ

ਕੋਈ ਤਾਂ ਹੈ ਅਗਨੀ ਜੋ ਵਸਦੀ ਮੇਰੇ ਅੰਦਰ
ਹਰ ਪਲ ਰਹਿੰਦੀ ਧੁਖਦੀ, ਨਾ ਦਿੰਦੀ ਕਰਨ ਆਰਾਮ

ਮਹਿਫ਼ਿਲ ਵਿਚ ਤਾਂ ਲਗਦੇ ਸੀ ਉਹ ਬੌਣੇ ਬੌਣੇ ਲੋਕ
ਬੂਹਿਆਂ ਉਤੇ ਚਿਪਕੇ ਸੀ ਪਰ ਵੱਡੇ ਵੱਡੇ ਨਾਮ।

ਵਗਦਾ ਸੀ ਤਾਂ ਨਿਰਮਲ ਜਲ ਸੀ, ਰੁਕਿਆ ਮੁਸ਼ਕ ਗਿਆ
ਤੁਰਿਆ ਜਾਵੇ 'ਮਾਨ' ਮੁਸਾਫਿਰ, ਵੰਡਦਾ ਇਹ ਪੈਗ਼ਾਮ।
-----ਹਰਦਮ ਸਿੰਘ ਮਾਨ
(ਪੁਸਤਕ 'ਅੰਬਰਾਂ ਦੀ ਭਾਲ ਵਿਚ' ਚੋਂ)