Tuesday, December 22, 2009

ਜ਼ਮਾਨਾ

ਮਾਡਰਨ ਗ਼ਜ਼ਲ/ਹਰਦਮ ਸਿੰਘ ਮਾਨ
ਪਲ ਪਲ ਖੇਡੇ ਚਾਲ, ਜ਼ਮਾਨਾ ਉਸ ਦਾ ਹੈ।
ਜਿਸ ਦੀ ਅਦਾ ਕਮਾਲ, ਜ਼ਮਾਨਾ ਉਸ ਦਾ ਹੈ।

ਅੰਬਰੀਂ ਉਡਦੇ ਪੰਛੀ ਵੀ ਉਹ ਫਾਹ ਲੈਂਦੈ
ਬੁਣਨਾ ਜਾਣੇ ਜਾਲ, ਜ਼ਮਾਨਾ ਉਸ ਦਾ ਹੈ।

ਤੇਰੇ ਆਦਰਸ਼ਾਂ ਨੂੰ ਬਾਬਾ ਪੁੱਛਦੈ ਕੌਣ?
ਜੀਹਦੇ ਪੱਲੇ ਮਾਲ, ਜ਼ਮਾਨਾ ਉਸ ਦਾ ਹੈ।

ਹੱਕ ਪਰਾਇਆ ਖਾਵੇ ਤਕੜਾ ਧੌਂਸ ਦੇ ਨਾਲ
ਕੁਸਕੇ ਕੋਈ ਮਜਾਲ, ਜ਼ਮਾਨਾ ਉਸ ਦਾ ਹੈ।

ਤੂਤੀ ਬੋਲੇ ਹਰ ਥਾਂ ਚਮਚਾਗੀਰੀ ਦੀ
ਹੋਵੇ ਹਾੜ ਸਿਆਲ, ਜ਼ਮਾਨਾ ਉਸ ਦਾ ਹੈ।

ਨੇਤਾ, ਪੁਲਸ, ਮੀਡੀਆ, ਅਫਸਰ ਤੇ ਬੀਵੀ
ਜਿਸ ਤੇ ਹੋਣ ਦਿਆਲ, ਜ਼ਮਾਨਾ ਉਸ ਦਾ ਹੈ।

Sunday, December 6, 2009

ਰਾਹਬਰੀ ਦੇ ਪੱਥਰ

ਗ਼ਜ਼ਲ/ਹਰਦਮ ਸਿੰਘ ਮਾਨ
ਰਾਹਬਰੀ ਦੇ ਪੂਜ ਕੇ ਨਿੱਤ ਪੱਥਰ ਨਵੇਂ ਨਵੇਂ।
ਗਾਹੁਣਾ ਚਾਹੇ ਆਦਮੀ ਨਿੱਤ ਅੰਬਰ ਨਵੇਂ ਨਵੇਂ।

ਸੁਪਨਿਆਂ ਵਿਚ ਵੇਖਦਾਂ ਹਾਂ ਮੰਜ਼ਰ ਨਵੇਂ ਨਵੇਂ।
ਅੱਖ ਖੁੱਲ੍ਹੇ, ਨਜ਼ਰ ਆਵਣ ਖੰਡਰ ਨਵੇਂ ਨਵੇਂ।

ਹੁਣ ਪੁਰਾਣੇ ਯਾਰ ਦਾ ਖ਼ਤ ਮਿਲਦੈ ਜਦੋਂ ਕਦੇ
ਮੇਰੀਆਂ ਅੱਖਾਂ 'ਚ ਚੁਭਦੇ ਅੱਖਰ ਨਵੇਂ ਨਵੇਂ।

ਤੂੰ ਹੀ ਦੱਸ ਕਿ ਕਿਹੜੇ ਦਰ ਤੇ ਦਸਤਕ ਦਿਆਂ ਮੈਂ ਯਾਰ!
ਉੱਗੇ ਨੇ ਹਰ ਦੇਹਲੀ ਉਤੇ ਖੰਜਰ ਨਵੇਂ ਨਵੇਂ।

ਭਟਕਣਾ ਦੇ ਦੌਰ ਦਾ ਅੰਤ ਦਿਸਦਾ ਨਹੀਂ ਕਿਤੇ
ਹਰ ਕਦਮ ਤੇ ਬਣ ਰਹੇ ਨੇ ਰਾਹਬਰ ਨਵੇਂ ਨਵੇਂ।

ਸ਼ੀਸ਼ਿਆਂ ਦੇ ਪਹਿਨ ਵਸਤਰ ਤੁਰਦਾਂ ਜਦੋਂ ਵੀ 'ਮਾਨ'
ਜ਼ਿਹਨ ਵਿਚ ਵਜਦੇ ਬੜੇ ਨੇ ਪੱਥਰ ਨਵੇਂ ਨਵੇਂ।