Saturday, August 26, 2017

ਗ਼ਜ਼ਲ

ਰਾਹਬਰੀ  ਦੇ  ਪੂਜ  ਕੇ ਨਿੱਤ ਪੱਥਰ ਨਵੇਂ-ਨਵੇਂ। 
ਗਾਹੁਣਾ ਚਾਹੇ ਆਦਮੀ ਨਿੱਤ ਅੰਬਰ ਨਵੇਂ-ਨਵੇਂ। 

ਸੁਪਨਿਆਂ  ਵਿਚ  ਵੇਖਦਾ  ਹਾਂ ਮੰਜ਼ਰ ਨਵੇਂ-ਨਵੇਂ। 
ਅੱਖ  ਖੁੱਲ੍ਹੇ  ਨਜ਼ਰ  ਆਵਣ   ਖੰਡਰ  ਨਵੇਂ  ਨਵੇਂ।

ਹੁਣ  ਪੁਰਾਣੇ  ਯਾਰ  ਦਾ ਖ਼ਤ ਮਿਲਦਾ ਜਦੋਂ ਕਦੇ, 
ਮੇਰੀਆਂ  ਅੱਖਾਂ  'ਚ  ਚੁਭਦੇ  ਅੱਖਰ  ਨਵੇਂ - ਨਵੇਂ। 

ਤੂੰ ਹੀ ਦੱਸ ਕਿ ਕਿਹੜੇ ਦਰ 'ਤੇ ਦਸਤਕ ਦਿਆਂ ਮੈਂ ਯਾਰ,
ਉੱਗੇ  ਨੇ  ਹਰ   ਦੇਹਲੀ  ਉਤੇ  ਖੰਜਰ  ਨਵੇਂ  ਨਵੇਂ। 

ਭਟਕਣਾ ਦੇ  ਦੌਰ  ਦਾ  ਅੰਤ ਦਿਸਦਾ  ਨਹੀਂ ਕਿਤੇ, 
ਹਰ ਕਦਮ 'ਤੇ ਬਣ ਰਹੇ  ਨੇ  ਰਾਹਬਰ ਨਵੇਂ-ਨਵੇਂ। 
  
ਸ਼ੀਸ਼ਿਆਂ ਦੇ ਪਹਿਨ ਵਸਤਰ ਤੁਰਦਾਂ ਜਦੋਂ ਵੀ 'ਮਾਨ',
ਜ਼ਿਹਨ  ਵਿਚ  ਵਜਦੇ  ਬੜੇ  ਨੇ  ਪੱਥਰ  ਨਵੇਂ - ਨਵੇਂ।
                                        ਹਰਦਮ ਸਿੰਘ ਮਾਨ

Sunday, July 9, 2017

ਗ਼ਜ਼ਲ

ਗਿਲਾ ਕੋਈ ਨਹੀਂ ਸਾਨੂੰ ਇਨ੍ਹਾਂ ਝੂਠੇ ਗਵਾਹਾਂ 'ਤੇ।
ਅਸੀਂ ਤਾਂ ਫ਼ੈਸਲਾ ਛੱਡ ਦਿੱਤਾ ਹੁਣ ਆਪਣੇ ਗੁਨਾਹਾਂ 'ਤੇ।ਉਨ੍ਹਾਂ ਨੇ ਯਤਨ ਤਾਂ ਕੀਤੇ ਸੁਨਹਿਰੀ ਪਹਿਨ ਕੇ ਜੁੱਤੀ,
ਮਗਰ ਪੈੜਾਂ ਨਾ ਬਣ ਸਕੀਆਂ ਸਦੀਵੀ ਸਾਡੇ ਰਾਹਾਂ 'ਤੇ।


ਇਕੱਠੇ ਬੈਠ ਕੇ ਏਹੇ ਕਦੇ ਤਾਂ ਕਰਨਗੇ ਮੰਥਨ,
ਅਜੇ ਚਲਦੇ ਨੇ ਏਹੇ ਲੋਕ ਤਾਂ ਨਿਰੀਆਂ ਸਲਾਹਾਂ 'ਤੇ।


ਸਮੇਂ ਦਾ ਵਹਿਣ ਸਦੀਆਂ ਤੋਂ ਇਵੇਂ ਹੀ ਵਹਿੰਦਾ ਆਇਆ ਹੈ,
ਇਦ੍ਹੀ ਤਾਂ ਮਿਹਰ ਹਾਲੇ ਤਕ ਰਹੀ ਹੈ ਬਾਦਸ਼ਾਹਾਂ 'ਤੇ।


ਜੇ ਪਰਲੇ ਪਾਰ ਹੈ ਜਾਣਾ ਤਾਂ ਦਰਿਆ ਚੀਰਨਾ ਪੈਣਾ,
ਭਰੋਸਾ ਕਿਸ਼ਤੀਆਂ 'ਤੇ ਨਾ ਰਿਹਾ ਨਾ ਹੀ ਮਲਾਹਾਂ 'ਤੇ।


ਇਹ ਕੇਹੀ ਵੇਦਨਾ ਹੈ 'ਮਾਨ' ਮੇਰੇ ਹਰਫ਼ ਬੇਵੱਸ ਨੇ,
ਜਦੋਂ ਕਿਰਸਾਨ ਹਉਕੇ ਭਰਨ ਤਕ ਜੋਬਨ ਕਪਾਹਾਂ 'ਤੇ।

-ਹਰਦਮ ਸਿੰਘ ਮਾਨ

Thursday, April 6, 2017

** ਗ਼ਜ਼ਲ **

ਮਨਾਂ ਅੰਦਰ, ਘਰਾਂ ਅੰਦਰ, ਤੇ  ਹਰ ਥਾਂ ਫੈਲਿਆ ਪਰਦਾ।
ਇਵੇਂ ਲਗਦੈ ਕਿ ਅੱਜ ਕਲ੍ਹ ਆਦਮੀ ਵੀ ਹੈ ਨਿਰਾ ਪਰਦਾ।
 

ਬੜਾ ਹੀ ਫ਼ਖ਼ਰ ਸੀ ਉਸ  'ਤੇ ਕਿ  ਕੱਜਦੈ ਆਬਰੂ ਸਭ ਦੀ,
ਗਏ  ਜਾਂ  ਵਿਹੜੇ ਫ਼ੈਸ਼ਨ ਦੇ ਤਾਂ ਪਾਣੀ ਹੋ  ਗਿਆ ਪਰਦਾ

 

ਰਤਾ  ਵੀ  ਨਾ  ਰਿਹਾ  ਈਮਾਨ  ਸਾਡੇ  ਰਿਸ਼ਤਿਆਂ  ਅੰਦਰ,
ਚੁਰਾਹੇ ਵਿਚ ਹੈ ਲੀਰੋ ਲੀਰ ਨਿੱਤ ਦਿਨ ਹੋ ਰਿਹਾ ਪਰਦਾ।
 

ਤੇਰੇ  ਪਰਦੇ  'ਚ   ਕਿੰਨੇ   ਹੋਰ   ਪਰਦੇ   ਜਾਣਦਾ  ਹਾਂ  ਮੈਂ,
ਜਦੋਂ  ਪਰਦੇ  'ਚ  ਆਪਾ  ਫੋਲਿਆ  ਤਾਂ  ਬੋਲਿਆ  ਪਰਦਾ।

 

ਲਕੀਰਾਂ ਹੱਥ ਦੀਆਂ ਚੁੰਮਦੇ ਰਹੇ ਹਰ ਪਲ ਸੀ ਜਿਹੜੇ 'ਮਾਨ'
ਉਨ੍ਹਾਂ  ਨੂੰ  ਜ਼ਿੰਦਗੀ  ਅਕਸਰ  ਮਿਲੀ  ਕਰ  ਕੇ  ਰਤਾ ਪਰਦਾ

                                  * ਹਰਦਮ ਸਿੰਘ ਮਾਨ *