Sunday, February 16, 2014

ਰੀਵਿਊ-ਅੰਬਰਾਂ ਦੀ ਭਾਲ਼ ਵਿਚ (ਗ਼ਜ਼ਲ ਸੰਗ੍ਰਹਿ) / Hardam Singh Maan

ਹਰਦਮ ਸਿੰਘ ਮਾਨ ਇਕ ਪ੍ਰਤਿਭਾਸ਼ੀਲ਼ ਸ਼ਾਇਰ ਹੈ|ਉਸ ਨੇ ਗ਼ਜ਼ਲ ਦੀ ਵਿਧਾਨਿਕ ਜਾਣਕਾਰੀ ਜਨਾਬ ਦੀਪਕ ਜੈਤੋਈ ਜੀ ਤੋਂ ਪ੍ਰਾਪ੍ਰਤ ਕੀਤੀ ਹੈ|'ਅੰਬਰਾ ਦੀ ਭਾਲ਼' ਗ਼ਜ਼ਲ ਸੰਗ੍ਰਹਿ ਦਾ ਪਾਠ ਕਰਦਿਆਂ ਉਸ ਦੀ ਗ਼ਜ਼ਲ ਦੀਆਂ ਅਨੇਕਾਂ ਖੂਬਸੂਰਤੀਆਂ ਸਾਹਮਣੇ ਆਈਆਂ ਹਨ|ਹਰਦਮ ਸਿੰਘ ਮਾਨ ਆਪਣੇ ਸਮਕਾਲ਼ੀ ਵਰਤਾਰਿਆਂ/ਯਥਾਰਥ ਬਾਰੇ ਪੂਰੀ ਤਰ੍ਹਾਂ ਸੁਚੇਤ ਸ਼ਾਇਰ ਹੈ|ਵਿਸ਼ਵੀਕਰਨ /ਬਾਜ਼ਾਰੀਕਰਨ,ਸਿਆਸਤ,ਘਰ,ਰਿਸ਼ਤੇ ਅਤੇ ਅੰਧਵਿਸ਼ਵਾਸ ਆਦਿ ਅਜਿਹੇ ਵਿਸ਼ੇ ਹਨ ਜੋ ਉਸ ਦੀ ਗ਼ਜ਼ਲ ਚੇਤਨਾ ਦੇ ਕੇਂਦਰ ਵਿਚ ਖੜ੍ਹੇ ਹਨ|ਆਪਣੀਆਂ ਗ਼ਜ਼ਲਾਂ ਸੰਬੰਧੀ ਉਸ ਦਾ ਸਵੈ-ਕਥਨ ਹੈ-
ਥਲਾਂ ਦੀ ਰੇਤ ਇਹ ਗ਼ਜ਼ਲਾਂ,ਨਦੀ ਦਾ ਵਹਿਣ ਇਹ ਗ਼ਜ਼ਲਾਂ |
ਬੜਾ ਖ਼ਾਮੋਸ਼ ਰਹਿ ਕੇ ਵੀ ਬੜਾ ਕੁਝ ਕਹਿਣ ਇਹ ਗ਼ਜ਼ਲਾਂ |
ਕਵਿਤਾ ਵਿਚ ਖ਼ਾਮੋਸ਼ੀ ਦੇ ਆਪਣੇ ਅਰਥ ਹਨ|ਹਰਦਮ ਸਿੰਘ ਮਾਨ ਦੀਆਂ ਇਹ ਗ਼ਜ਼ਲਾਂ ਇਸ ਖ਼ਾਮੋਸ਼ੀ ਵਿਚ ਹੀ ਬੜਾ ਕੁਝ ਕਹਿ ਜਾਂਦੀਆਂ ਹਨ|ਉਸ ਦੀ ਗ਼ਜ਼ਲ ਬਾਜ਼ਾਰ ਬਾਰੇ ਕਈ ਨਵੇ ਸਵਾਲ਼ ਖੜ੍ਹੇ ਕਰਦੀ ਹੈ| ਆਰਥਿਕ ਧਰਾਤਲ਼ ਤੇ ਵਾਪਰੀਆਂ ਤਬਦੀਲ਼ੀਆਂ ਨੇ ਸਮਾਜਿਕ ਉਸਾਰੀ ਵਿਚ ਵੀ ਕਈ ਵੱਡੇ ਵਿਗਾੜ ਪੈਦਾ ਕੀਤੇ ਹਨ|ਪੈਸਾਵਾਦੀ/ਮੰਡੀ ਕਲ਼ਚਰ ਨੇ ਮਨੁੱਖ ਤੋਂ ਸਧਾਰਨ ਖੋਹ ਕੇ ਉਸ ਨੂੰ ਵਸਤ ਅਤੇ ਇਸ਼ਤਿਹਾਰ ਵਿਚ ਬਦਲ਼ ਦਿੱਤਾ ਹੈ|ਹਰਦਮ ਮਾਨ ਦੀ ਗ਼ਜ਼ਲ ਅਜਿਹੇ ਵਰਤਾਰਿਆਂ ਦੀ ਕਰੂਰਤਾ ਪ੍ਰਤੀ ਸ਼ਿਕਵਾ ਨਹੀ ਕਰਦੀ ਸਗੋਂ ਇਹ ਗ਼ਜ਼ਲ ਇਨ੍ਹਾਂ ਵਰਤਾਰਿਆਂ ਪ੍ਰਤੀ ਮਨੁੱਖ ਨੂੰ ਨਵੇ ਸਿਰੇ ਤੋ ਸੰਘਰਸ਼ ਕਰਨ ਲ਼ਈ ਪ੍ਰੇਰਤ ਕਰਦੀ ਹੈ|
ਸੱਤਾ/ਸਥਾਪਤੀ ਆਪਣੀਆਂ ਜੜ੍ਹਾਂ ਡੂੰਘੀਆਂ ਕਰਨ ਲ਼ਈ ਆਪਣੇ ਹਿਟਲ਼ਰੀ ਇਰਾਦਿਆਂ ਨਾਲ਼ ਮਾਨਵੀ ਕਦਰਾਂ-ਕੀਮਤਾਂ ਨੂੰ ਕਿਸ ਤਰ੍ਹਾਂ ਕੁਰਬਾਨ ਕਰਦੀ ਹੈ,ਸਧਾਰਨ ਮਨੁੱਖ ਇਹ ਵੇਖ ਦੇ ਦੰਗ ਰਹਿ ਜਾਂਦਾ ਹੈ|ਸੱਤਾ ਅਤੇ ਹਿਟਲ਼ਰੀ ਇਰਾਦਿਆਂ ਵਾਲ਼ੇ ਮਨੁੱਖ ਲ਼ਈ ਗ਼ਰੀਬੀ,ਭੁੱਖਮਰੀ ਅਤੇ ਬੇਰੁਜ਼ਗਾਰੀ ਮਹਿਜ ਮੁੱਦੇ ਹੁੰਦੇ ਹਨ|ਇਹ ਸੰਵੇਦਨਹੀਣ ਮਨੁੱਖ, ਸਾਧਾਰਨ ਮਨੁੱਖ ਲ਼ਈ ਨਿੱਤ ਨਵੇਂ ਨਾਅਰੇ ਅਤੇ ਭਰਮ ਸਿਰਜਦੇ ਹਨ| ਹਰਦਮ ਸਿੰਘ ਮਾਨ ਸਮਕਾਲ਼ੀ ਸਿਆਸਤ ਦੇ ਅਜਿਹੇ ਪਹਿਲ਼ੂਆਂ ਤੇ ਆਪਣੀ ਗ਼ਜ਼ਲ ਵਿਚ ਤਿੱਖੇ ਵਿਅੰਗ ਕਰਦਾ ਹੈ-
ਨਿਗਲ਼ ਲ਼ਏ ਇਨਸਾਨੀ ਕਿਰਦਾਰ ਸਿਆਸਤ ਨੇ|
ਕਰ'ਤੇ ਲ਼ੋਕ ਨਕਾਰਾ,ਲ਼ਾਚਾਰ ਸਿਆਸਤ ਨੇ|
ਹਰਦਮ ਸਿੰਘ ਮਾਨ ਵਾਰ ਵਾਰ ਪਾਠਕ ਨੂੰ ਆਪਣੇ ਅੰਦਰ ਨਵੀਂ ਤਾਰਕਿਕ ਸੂਝ ਪੈਦਾ ਕਰਨ ਦੀ ਗੱਲ਼ ਕਰਦਾ ਹੈ|ਇਸ ਸੰਗ੍ਰਹਿ ਦੀਆਂ ਕਈ ਗਜ਼ਲ਼ਾਂ ਮਸੱਲ਼ਸਲ਼ ਕਿਸਮ ਦੀਆਂ ਗ਼ਜ਼ਲਾਂ ਹਨ|ਇਸ ਗ਼ਜ਼ਲ ਸੰਗ੍ਰਹਿ ਦੀ ਖ਼ੂਬਸੂਰਤੀ ਇਹ ਹੈ ਕਿ ਇਹ ਗ਼ਜ਼ਲ ਪਾਠਕ ਨੂੰ ਕਦੇ ਨਿਰਾਸ਼ ਨਹੀ ਕਰਦੀ | ਇਹ ਗ਼ਜ਼ਲ ਪਾਠਕ ਨੂੰ ਆਸ਼ਾਵਾਦੀ ਦ੍ਰਿਸ਼ਟੀ ਪ੍ਰਦਾਨ ਕਰਦੀ ਹੈ| ਘਰ ਅਤੇ ਸਮਾਜਿਕ ਰਿਸ਼ਤਿਆਂ ਪ੍ਰਤੀ ਗੱਲ਼ ਕਰਦੀ ਇਹ ਗ਼ਜ਼ਲ ਸੰਵੇਦਨਸ਼ੀਲ਼ ਮਨੁੱਖ ਨੂੰ ਨਵੇਂ ਸਿਰੇ ਤੋਂ ਸੋਚਣ ਲ਼ਈ ਮਜ਼ਬੂਰ ਕਰਦੀ ਹੈ|ਪਿੰਡ ਅਤੇ ਸ਼ਹਿਰ ਉਨ੍ਹਾਂ ਦੀਆਂ ਗ਼ਜ਼ਲਾਂ ਵਿਚ ਵਿਰੋਧੀ ਚਿਹਨਾਂ ਵਜੋਂ ਆਏ ਹਨ| ਉਹ ਪਾਠਕ ਨੂੰ ਮੜੀਆਂ ਤੇ ਨਹੀ,ਆਪਣੀ ਅੰਤਰ ਆਤਮਾ ਵਿਚ ਦੀਵਾ ਜਗਾਉਣ ਦੀ ਤਾਕੀਦ ਕਰਦਾ ਹੈ | ਖ਼ੂਬਸੂਰਤ ਸ਼ਬਦਾਂ ਅਤੇ ਭਾਵਾਂ ਨਾਲ਼ ਸ਼ਿੰਗਾਰੀ ਇਹ ਗ਼ਜ਼ਲ ਪਾਠਕਾਂ ਨੂੰ ਤ੍ਰਿਪਤ ਹੀ ਨਹੀ ਕਰਦੀ ਸਗੋਂ ਸਿਰਜਣਾ ਦੇ ਦੀਵੇ ਵੀ ਬਾਲਦੀ ਹੈ।
- ਡਾ. ਜਸਪਾਲਜੀਤ ਸਿੰਘ