ਗ਼ਜ਼ਲ/ਹਰਦਮ ਸਿੰਘ ਮਾਨ
ਆਪਣੇ ਘਰ ਦੀ ਪਤਝੜ ਏਦਾਂ ਦੂਰ ਭਜਾਵਾਂ ਮੈਂ।
ਮਨ ਦੇ ਵਿਹੜੇ ਨਿੱਤ ਨਵੇਂ ਕੁੱਝ ਫੁੱਲ ਸਜਾਵਾਂ ਮੈਂ।
ਰੋਜ਼ ਸਵੇਰੇ ਵੇਖਾਂ ਉੱਗੇ, ਦਸ ਸਿਰ ਹੋਰ ਨਵੇਂ
ਆਪਣੇ ਮਨ ਦਾ ਰਾਵਣ ਸ਼ਾਮੀਂ ਰੋਜ਼ ਜਲਾਵਾਂ ਮੈਂ।
ਤਨ-ਧਰਤੀ ਦਾ ਕੋਨਾ ਕੋਨਾ ਪਲ ਵਿਚ ਗਾਹ ਲਵਾਂ
ਮਨ-ਅੰਬਰ ਦੀ ਪਰਕਰਮਾ ਦੀ ਥਾਹ ਨਾ ਪਾਵਾਂ ਮੈਂ।
ਉਸ ਪੱਥਰ ਦਾ ਮਨ ਵੀ ਸ਼ਾਇਦ ਕਦੇ ਤਾਂ ਪਿਘਲ ਪਵੇ
ਸ਼ਾਮ ਸਵੇਰੇ ਕਿੰਨੇ ਹੀ ਫੁੱਲ ਬਲੀ ਚੜ•ਾਵਾਂ ਮੈਂ।
ਭਟਕੇ ਸੁਪਨੇ ਜਿੱਥੇ ਬਹਿ ਕੇ ਕੁਝ ਪਲ ਕਰਨ ਆਰਾਮ
ਮਨ ਦੀ ਦੁਨੀਆਂ ਅੰਦਰ ਲੱਭਾਂ ਉਹ ਸਿਰਨਾਵਾਂ ਮੈਂ।
ਸ਼ੀਸ਼ਾ ਮੈਨੂੰ 'ਮੁਜਰਿਮ ਮੁਜਰਿਮ' ਆਖੇ ਅਕਸਰ 'ਮਾਨ'
ਨੇਰ•ੇ ਦੀ ਸੱਥ ਅੰਦਰ ਬਹਿ ਕੇ 'ਜੱਜ' ਕਹਾਵਾਂ ਮੈਂ।
ਇਨਸਾਨਾਂ ਦੀ ਖੁਸ਼ਬੂ ਲੱਭਦੈ ਇਸ ਨਗਰੀ ਚੋਂ 'ਮਾਨ'
ਬੱਚਿਆਂ ਵਰਗੇ ਭੋਲੇ ਮਨ ਨੂੰ ਕਿੰਜ ਸਮਝਾਵਾਂ ਮੈਂ।