Saturday, August 17, 2013

ਗ਼ਜ਼ਲ <>GAZAL / Hardam Singh Maan




ਘਰ ਵਿਚ ਹੈ ਖਾਮੋਸ਼ੀ ਸਾਡੇ ਮਨ ਵਿਚ ਹੈ ਕੁਹਰਾਮ।
ਹਰ ਪਲ ਲੜਦੇ ਰਹੀਏ ਸਾਡੇ ਸਮੇਂ ਦਾ ਇਹ ਸੰਗਰਾਮ।

ਰੋਜ਼ ਸਵੇਰੇ ਨਿਕਲਦੇ ਹਾਂ ਆਸਾਂ ਦੇ ਫੁੱਲ ਲੈ ਕੇ
ਸਾਡੀ ਤਲੀ ਤੇ ਧਰ ਜਾਂਦਾ ਹੈ ਕੌਣ ਉਦਾਸੀ ਸ਼ਾਮ

ਕਾਲਖ ਨੂੰ ਮੈਂ ਕਾਲਖ ਲਿਖਣਾ ਹੀ ਸੀ ਲਿਖ ਦਿੱਤਾ
ਮੇਰੇ ਸਿਰ ਤੇ ਸਜ‘ਗੇ ਦੁਨੀਆਂ ਭਰ ਦੇ ਸਭ ਇਲਜ਼ਾਮ

ਇਸ ਨਗਰੀ ਦੇ ਲੋਕੀਂ ਹੋ ਗਏ ਬਹੁਤ ਸਿਆਣੇ ਹੁਣ
ਛਿਪਦੇ ਨੂੰ ਨਾ ਵੇਖਣ, ਇਹ ਚੜ੍ਹਦੇ ਨੂੰ ਕਰਨ ਸਲਾਮ

ਕੋਈ ਤਾਂ ਹੈ ਅਗਨੀ ਜੋ ਵਸਦੀ ਮੇਰੇ ਅੰਦਰ
ਹਰ ਪਲ ਰਹਿੰਦੀ ਧੁਖਦੀ, ਨਾ ਦਿੰਦੀ ਕਰਨ ਆਰਾਮ

ਮਹਿਫ਼ਿਲ ਵਿਚ ਤਾਂ ਲਗਦੇ ਸੀ ਉਹ ਬੌਣੇ ਬੌਣੇ ਲੋਕ
ਬੂਹਿਆਂ ਉਤੇ ਚਿਪਕੇ ਸੀ ਪਰ ਵੱਡੇ ਵੱਡੇ ਨਾਮ।

ਵਗਦਾ ਸੀ ਤਾਂ ਨਿਰਮਲ ਜਲ ਸੀ, ਰੁਕਿਆ ਮੁਸ਼ਕ ਗਿਆ
ਤੁਰਿਆ ਜਾਵੇ 'ਮਾਨ' ਮੁਸਾਫਿਰ, ਵੰਡਦਾ ਇਹ ਪੈਗ਼ਾਮ।
-----ਹਰਦਮ ਸਿੰਘ ਮਾਨ
(ਪੁਸਤਕ 'ਅੰਬਰਾਂ ਦੀ ਭਾਲ ਵਿਚ' ਚੋਂ)



Friday, August 16, 2013

ਗ਼ਜ਼ਲ (GAZAL) / Hardam Singh Maan


ਹਾਮੀ ਭਾਵੇਂ ਸ਼ੀਸ਼ਿਆਂ ਦੀ ਹਰ ਸਮੇਂ ਭਰਦੇ ਨੇ ਲੋਕ।
ਪਰ ਕਲੋਲਾਂ ਪੱਥਰਾਂ ਦੇ ਨਾਲ ਹੀ ਕਰਦੇ ਨੇ ਲੋਕ।


ਗੈਰ ਜੇ ਹੌਕਾ ਭਰੇ ਤਾਂ ਉਹ ਵੀ ਲਗਦਾ ਜੁਰਮ ਹੈ
ਖ਼ੁਦ ਗੁਨਾਹ ਕਰਕੇ ਹਜਾਰਾਂ ਪਾਂਵਦੇ ਪਰਦੇ ਨੇ ਲੋਕ।


ਹੰਝੂਆਂ ਦਾ ਖਾਰਾ ਸਾਗਰ ਨਾ ਰਤਾ ਵੀ ਛਲਕਦਾ
ਹਾਸਿਆਂ ਨੂੰ ਬੁੱਲ੍ਹੀਆਂ ‘ਤੇ ਬੋਚ ਕੇ ਧਰਦੇ ਨੇ ਲੋਕ।


ਛਾਂਗਦੇ ਛਾਂਵਾਂ ਸੀ ਜਦ ਉਹ, ਰੁੱਖ ਨੂੰ ਪੁੱਛਿਆ ਕਿਸੇ
ਰੁੱਖ ਨੇ ਹੱਸ ਕੇ ਕਿਹਾ ਕਿ ਆਪਣੇ ਘਰ ਦੇ ਨੇ ਲੋਕ।


ਮੋਹ-ਮੁਹੱਬਤ, ਪਿਆਰ ਹੁਣ ਤਾਂ ਬਣ ਗਏ ਰਸਮਾਂ ਜਨਾਬ!
ਰਿਸ਼ਤਿਆਂ ਤੋਂ ਅੱਖ ਬਚਾ ਕੇ ਚੁਗਲੀਆਂ ਕਰਦੇ ਨੇ ਲੋਕ।


‘ਮਾਨ’ ਤੇਰੇ ਸ਼ਹਿਰ ਦਾ ਦਸਤੂਰ ਹੀ ਇਹ ਬਣ ਗਿਆ
ਊਣਿਆਂ ਨੂੰ ਹੋਰ ਊਣਾ, ਭਰਿਆਂ ਨੂੰ ਭਰਦੇ ਨੇ ਲੋਕ
-ਹਰਦਮ ਸਿੰਘ ਮਾਨ