ਗ਼ਜ਼ਲ/ਹਰਦਮ ਸਿੰਘ ਮਾਨ
ਸੁਪਨਿਆਂ ਦੀ ਧਰਤ ਬੰਜਰ ਇਸ ਸਮੇਂ ਦੀ ਅੱਖ ਵਿਚ।
ਦੂਰ ਤੱਕ ਖੰਡਰ ਹੀ ਖੰਡਰ ਇਸ ਸਮੇਂ ਦੀ ਅੱਖ ਵਿਚ।
ਉਪਜਦੇ ਨੇ ਦਰਦ, ਪੀੜਾਂ, ਹੌਕੇ, ਹੰਝੂ ਨਿਤ ਨਵੇਂ
ਬੀਜ ਦਿੱਤੇ ਕਿਸ ਨੇ ਕੰਕਰ ਇਸ ਸਮੇਂ ਦੀ ਅੱਖ ਵਿਚ।
ਮੋਤੀਆਂ ਦੇ ਢੇਰ ਉਤੇ ਕਾਵਾਂ ਰੌਲੀ ਪੈ ਰਹੀ
ਚੁਗ ਰਹੇ ਨੇ ਹੰਸ ਪੱਥਰ ਇਸ ਸਮੇਂ ਦੀ ਅੱਖ ਵਿਚ।
ਕਿਸ ਹਵਾ ਨੇ ਡਸ ਲਿਆ ਹੈ ਇਹਨਾਂ ਦਾ ਅਣਖੀ ਜਲੌਅ
ਸ਼ਾਂਤ ਕਿਉਂ ਨੇ ਸਭ ਇਹ ਅੱਖਰ ਇਸ ਸਮੇਂ ਦੀ ਅੱਖ ਵਿਚ।
ਹੁਣ ਤਾਂ ਚਿਹਰੇ ਨਿਕਲਦੇ ਨੇ ਪਹਿਨ ਕੇ ਹਰ ਪਲ ਨਕਾਬ
ਗ਼ੈਰ ਹੁਣ ਲਗਦੇ ਨੇ ਮਿੱਤਰ ਇਸ ਸਮੇਂ ਦੀ ਅੱਖ ਵਿਚ।
ਉਹ ਮਨਾਉਂਦੇ ਨੇ ਜਸ਼ਨ, ਕਹਿੰਦੇ ਨਵਾਂ ਇਹ ਦੌਰ ਹੈ
ਵਿਛ ਰਹੇ ਨੇ ਥਾਂ ਥਾਂ ਸੱਥਰ ਇਸ ਸਮੇਂ ਦੀ ਅੱਖ ਵਿਚ।
ਆਓ ਰਲ ਮਿਲ ਡੀਕ ਜਾਈਏ ਇਸ ਦਾ ਕਤਰਾ ਕਤਰਾ 'ਮਾਨ'
ਦਰਦ ਦਾ ਵਗਦਾ ਸਮੁੰਦਰ ਇਸ ਸਮੇਂ ਦੀ ਅੱਖ ਵਿਚ।