Sunday, September 28, 2014

ਥਲਾਂ ਦੀ ਰੇਤ ਇਹ ਗ਼ਜ਼ਲਾਂ.../ Hardam Singh Maan

ਥਲਾਂ ਦੀ ਰੇਤ ਇਹ ਗ਼ਜ਼ਲਾਂ, ਨਦੀ ਦਾ ਵਹਿਣ ਇਹ ਗ਼ਜ਼ਲਾਂ।
ਬੜਾ ਖਾਮੋਸ਼ ਰਹਿ ਕੇ ਵੀ ਬੜਾ ਕੁਝ ਕਹਿਣ ਇਹ ਗ਼ਜ਼ਲਾਂ।

ਸਮੇਂ ਦੀ ਤਪਸ਼ ਆਪਣੇ ਜਿਸਮ ਉਤੇ ਸਹਿਣ ਇਹ ਗ਼ਜ਼ਲਾਂ।
ਖ਼ੁਦਾਇਆ ਫੇਰ ਵੀ ਇਉਂ ਹਸਦੀਆਂ ਹੀ ਰਹਿਣ ਇਹ ਗ਼ਜ਼ਲਾਂ।

ਇਨ੍ਹਾਂ ਦੇ ਹਰ ਸ਼ਿਅਰ ਅੰਦਰ ਮੇਰਾ ਹੀ ਖੂਨ ਵਗਦਾ ਹੈ
ਮੇਰੇ ਹੀ ਵਾਂਗ ਟਿਕ ਕੇ ਨਾ ਕਦੇ ਵੀ ਬਹਿਣ ਇਹ ਗ਼ਜ਼ਲਾਂ।

ਫਹਾ ਬਣ ਕੇ ਹੀ ਲੱਗੀਆਂ ਨੇ ਕਿਤੇ ਵੀ ਜ਼ਖ਼ਮ ਜਦ ਡਿੱਠਾ
ਸੁਨੇਹਾ ਜ਼ਿੰਦਗੀ ਦਾ ਵੰਡਦੀਆਂ ਹੀ ਰਹਿਣ ਇਹ ਗ਼ਜ਼ਲਾਂ।

ਹਵਾਵਾਂ ਖਚਰੀਆਂ ਨੇ ਹਰ ਘੜੀ ਕੰਨ ਭਰਨ ਮੌਸਮ ਦੇ
ਹਮੇਸ਼ਾ ਮਸਤ ਆਪਣੀ ਚਾਲ ਵਿਚ ਹੀ ਰਹਿਣ ਇਹ ਗ਼ਜ਼ਲਾਂ।

ਇਨ੍ਹਾਂ ਦੇ ਹਰਫ਼ ਕੂਲੇ ਨੇ, ਇਨ੍ਹਾਂ ਦੇ ਅਰਥ ਸੂਖਮ ਨੇ
ਬੜੇ ਬੇਰਹਿਮ ਮੌਸਮ ਨਾਲ ਫਿਰ ਵੀ ਖਹਿਣ ਇਹ ਗ਼ਜ਼ਲਾਂ।
-ਹਰਦਮ ਸਿੰਘ ਮਾਨ

Sunday, September 7, 2014

ਖੂਬਸੂਰਤ ਖ਼ਿਆਲਾਂ ਦੀ ਉਡਾਰੀ - ਅੰਬਰਾਂ ਦੀ ਭਾਲ ਵਿੱਚ / Hardam Singh Maan



“ਥਲਾਂ ਦੀ ਰੇਤ ਇਹ ਗਜ਼ਲਾਂ, ਨਦੀ ਦਾ ਵਹਿਣ ਇਹ ਗ਼ਜ਼ਲਾਂ,
ਬੜਾ ਖਾਮੋਸ਼ ਰਹਿ ਕੇ ਵੀ, ਬੜਾ ਕੁਝ ਕਹਿਣ ਇਹ ਗ਼ਜ਼ਲਾਂ ।

ਕਿਸੇ ਨੂੰ ਰੌਸ਼ਨੀ ਦੇਣਾ ਇਨ੍ਹਾਂ ਦਾ ਧਰਮ ਹੈ ਯਾਰੋ,
ਤੇ ਵਾਂਗੂ ਮੋਮਬੱਤੀ ਬਲ਼ਦੀਆਂ ਖ਼ੁਦ ਰਹਿਣ ਇਹ ਗ਼ਜ਼ਲਾਂ ।“

ਇਨ੍ਹਾਂ ਖ਼ੂਬਸੂਰਤ ਖ਼ਿਆਲਾਂ ਨੂੰ ਸ਼ਬਦਾਂ ਦਾ ਜਾਮਾ ਪਹਿਨਾਉਣ ਵਾਲੀ ਕੌਤਕੀ ਕਲ਼ਮ ਹਰਦਮ ਸਿੰਘ ਮਾਨ ਦੀ ਹੈ । ਹਰਦਮ ਸਿੰਘ ਮਾਨ ਪੰਜਾਬੀ ਗ਼ਜ਼ਲ ਖੇਤਰ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ, ਅਤੇ ਉਸ ਨੇ ਆਪਣੀ ਉਮਰ ਭਰ ਦੀ ਗ਼ਜ਼ਲ ਸਾਧਨਾ ਨੂੰ ਨੇਪਰੇ ਚਾੜ੍ਹਦੇ ਹੋਏ ਅਤੇ ਆਪਣੀਆਂ ਖ਼ੂਬਸੂਰਤ ਗ਼ਜ਼ਲਾਂ ਦੇ ਗੁਲਦਸਤੇ ਨੂੰ ਕਿਤਾਬੀ ਰੂਪ ਦਿੰਦੇ ਹੋਏ ਆਪਣੀ ਕਿਤਾਬ 'ਅੰਬਰਾਂ ਦੀ ਭਾਲ ਵਿਚ' ਪੰਜਾਬੀ ਸਾਹਿਤ ਦੀ ਝੋਲੀ ਪਾਈ ਹੈ । ਉਕਤ ਕਿਤਾਬ ਪੜ੍ਹਨ ਤੇ ਇਹ ਮਹਿਸੂਸ ਹੁੰਦਾ ਹੈ ਜਿਵੇਂ ਸ਼ਾਇਰ ਖ਼ੂਬਸੂਰਤ ਖਿਆਲਾਂ ਦੇ ਖੰਭਾਂ ਸਹਾਰੇ ਉੱਡਦਾ ਹੋਇਆ ਸੱਚ ਮੁੱਚ ਅੰਬਰਾਂ ਦੀ ਭਾਲ ਵਿੱਚ ਨਿੱਕਲਿਆ ਹੈ । ਇਸ ਕਿਤਾਬ ਵਿੱਚ 60, ਇੱਕ ਤੋਂ ਵੱਧ ਇੱਕ ਖ਼ੂਬਸੂਰਤ ਗ਼ਜ਼ਲਾਂ ਹਨ । ਹਰਦਮ ਸਿੰਘ ਮਾਨ ਜਿੱਥੇ ਪੰਜਾਬੀ ਗ਼ਜ਼ਲ ਦੇ ਬਾਬਾ ਬੋਹੜ ਜਨਾਬ ਦੀਪਕ ਜੈਤੋਈ ਜੀ ਦਾ ਗਰਾਈਂ ਹੈ ਉਥੇ ਹੀ ਉਹ ਜਨਾਬ ਦੀਪਕ ਜੈਤੋਈ ਜੀ ਦੀ ਛਤਰ-ਛਾਇਆ ਹੇਠ ਗ਼ਜ਼ਲ ਦੇ ਸਾਧਕ ਵੀ ਰਿਹਾ ਹੈ । ਸਖ਼ਤ ਮਿਹਨਤ ਅਤੇ ਕਾਮਿਲ ਮੁਰਸ਼ਦ ਦੋਨੋ ਹੀ ਗ਼ਜ਼ਲ ਦੀ ਪੁਖਤਗੀ ਵਾਸਤੇ ਸੋਨੇ ਤੇ ਸੁਹਾਗੇ ਦਾ ਕੰਮ ਕਰਦੇ ਹਨ । ਹਰਦਮ ਸਿੰਘ ਮਾਨ ਜਿੱਥੇ ਤੋਲ-ਤੁਕਾਂਤ ਅਤੇ ਵਜ਼ਨ ਬਹਿਰ ਦਾ ਪੱਕਾ ਸ਼ਾਇਰ ਹੈ ਉਥੇ ਹੀ ਉਸ ਕੋਲ ਖਿਆਲਾਂ ਦੀ ਵੀ ਕਮੀ ਨਹੀ । ਹਰ ਗ਼ਜ਼ਲ ਹੀ ਇਕ ਨਵੇਂ ਵਿਸ਼ੇ ਨੂੰ ਛੋਂਹਦੀ ਅਤੇ ਨਿਭਾਉਂਦੀ ਹੈ । ਇਸ ਕਿਤਾਬ ਵਿਚਲੀਆਂ ਗ਼ਜ਼ਲਾਂ ਦੇ ਰੂਪਕ ਪੱਖ ਦੀ ਗੱਲ ਕਰਨੀ ਹੋਵੇ ਤਾਂ ਇਹ ਕਹਿਣਾ ਅਤਿ ਕਥਨੀ ਨਹੀ ਹੋਵੇਗਾ ਕਿ ਹਰਦਮ ਸਿੰਘ ਮਾਨ ਦੀ ਗ਼ਜ਼ਲ ਵਿਧਾਨ ਤੇ ਪਕੜ ਬਹੁਤ ਮਜ਼ਬੂਤ ਹੈ । ਉਸ ਨੇ ਅਰੂਜ਼ ਦੀਆਂ ਅਨੇਕਾਂ ਬਹਿਰਾਂ ਨੂੰ ਖ਼ੂਬਸੂਰਤੀ ਨਾਲ ਨਿਭਾਉਂਦੇ ਹੋਏ ਆਪਣੀਆਂ ਗ਼ਜ਼ਲਾਂ ਕਹੀਆਂ ਹਨ । ਜਿਨ੍ਹਾਂ ਵਿੱਚੋਂ ਬਹਿਰ, ਹਜਜ, ਰਮਲ, ਮੁਜਾਰਿਆ, ਵਿੱਚ ਵਧੇਰੇ ਗ਼ਜ਼ਲਾਂ ਕਹੀਆਂ ਗਈਆਂ ਹਨ । ਇਹ ਬਹਿਰਾਂ ਪੰਜਾਬੀ ਵਿੱਚ ਵਧੇਰੇ ਵਰਤੀਆਂ ਜਾਂਦੀਆਂ ਹਨ ਅਤੇ ਇਹਨਾਂ ਬਹਿਰਾਂ ਦੇ ਵਰਤਣ ਨਾਲ ਗ਼ਜ਼ਲਾਂ ਵਧੇਰੇ ਖ਼ੂਬਸੂਰਤ ਅਤੇ ਰਵਾਨੀ ਭਰਪੂਰ ਲਿਖ ਹੁੰਦੀਆਂ ਹਨ ।

ਗ਼ਜ਼ਲਾਂ ਦੇ ਵਿਸ਼ਿਆਂ ਬਾਰੇ ਗੱਲ ਕਰਨੀ ਹੋਵੇ ਤਾਂ ਸਮਾਜ ਦੀ ਕੋਝੀ ਤਸਵੀਰ ਨੂੰ ਉਹ ਆਪਣੇ ਸ਼ਿਅਰਾਂ ਵਿੱਚ ਬਹੁਤ ਹੀ ਸੁਚੱਜੇ ਢੰਗ ਨਾਲ ਪੇਸ਼ ਕਰਦਾ ਹੈ । ਮੌਕੇ ਦੇ ਹਾਕਮਾਂ ਵੱਲੋਂ ਮੰਦਹਾਲੀ ਨੂੰ ਖੁਸ਼ਹਾਲੀ ਦਾ ਚੋਗਾ ਪਹਿਨਾ ਕੇ ਲੋਕਾਂ ਸਾਹਮਣੇ ਪੇਸ਼ ਕੀਤਾ ਜਾ ਰਿਹਾ ਹੈ, ਅਜੋਕੇ ਕਿਸਾਨ ਕਰਜ਼ਿਆਂ ਦੇ ਥੱਲੇ ਪਿਸਦੇ ਹੋਏ ਖੁਦਕੁਸ਼ੀਆਂ ਕਰ ਰਹੇ ਹਨ । ਇਸ ਵਰਤਾਰੇ ਨੂੰ ਹਰਦਮ ਸਿੰਘ ਮਾਨ ਇਸ ਤਰ੍ਹਾਂ ਦਰਸਾਉਂਦਾ ਹੈ –


"ਹੋਠਾਂ ਤੇ ਖੁਸ਼ਕੀ, ਪਿਆਸ ਅਜੇ ।
ਨੈਣਾਂ ਵਿਚ ਫਿਰ ਵੀ ਆਸ ਅਜੇ ।

ਇਕ ਦਿਨ ਸੁਪਨੇ ਵੀ ਪੁੰਗਰਨਗੇ,
ਜਿੱਥੇ ਹੈ ਉੱਗਦੀ ਸਲਫਾਸ ਅਜੇ।

ਅਤੇ ਇਕ ਹੋਰ ਸ਼ਿਅਰ

"ਆਪਣਾ ਸਭ ਕੁਝ ਲੁਟਾ ਕੇ, ਮੰਡੀ ਵਿਚ ਚੁਪ ਚਾਪ ਹੀ,
ਘਰ ਨੂੰ ਵਾਪਸ ਪਰਤਦੇ ਕਿਰਸਾਨ ਦਾ ਹਉਕਾ ਹਾਂ ਮੈਂ ।"

ਇਸ ਤੋਂ ਇਲਾਵਾ ਗੰਧਲੀ ਰਾਜਨੀਤੀ, ਗਰੀਬੀ, ਕਾਣੀ ਵੰਡ, ਜਾਤ ਪਾਤ, ਅੰਧ ਵਿਸ਼ਵਾਸ, ਵਰਗੇ ਕੋਹੜ ਜਿੱਥੇ ਭਾਰਤੀ ਸਮਾਜ ਨੂੰ ਯੁਗਾਂ ਤੋਂ ਚੁੰਬੜੇ ਹੋਏ ਹਨ ਉਥੇ ਹੀ ਇਨ੍ਹਾਂ ਦੀ ਮੁਖ਼ਾਲਫ਼ਤ ਕਰਨ ਵਾਲੇ ਲੋਕ ਖ਼ੁਦ ਹੀ ਇਹਨਾਂ ਦਾ ਸ਼ਿਕਾਰ ਹੋ ਜਾਂਦੇ ਹਨ । ਇਸ ਨੂੰ ਇੰਝ ਵੀ ਕਿਹਾ ਜਾ ਸਕਦਾ ਹੈ ਕਿ ਜੋ ਲੋਕ ਸਮਾਜ ਭਲਾਈ ਦਾ ਆਡੰਬਰ ਰਚਦੇ ਹਨ ਉਹ ਅੰਦਰੋ ਅੰਦਰੀ ਖ਼ੁਦ ਹੀ ਇਹਨਾਂ ਬਿਮਾਰੀਆਂ ਦੇ ਸ਼ਿਕਾਰ ਹਨ । ਉਕਤ ਕਿਤਾਬ ਵਿੱਚ ਸ਼ਾਇਰ ਨੇ ਡਟ ਇਹਨਾਂ ਬੁਰਾਈਆਂ ਦਾ ਵਿਰੋਧ ਕੀਤਾ ਹੈ ਅਤੇ ਇਹਨਾਂ ਲਾਹਣਤਾਂ ਤੇ ਚਾਨਣਾ ਪਾਉਂਦੇ ਹੋਏ ਅਨੇਕਾਂ ਸ਼ਿਅਰ ਕਹੇ ਹਨ । ਜਿਨ੍ਹਾਂ ਵਿੱਚੋਂ ਕੁਝ ਸ਼ਿਅਰ ਮੈਂ ਉਦਾਹਰਣ ਤੇ ਤੌਰ ਤੇ ਇਥੇ ਦੇਣਾ ਚਾਹਾਂਗਾ,

"ਮੇਰੇ ਮਨ ਦਾ ਨੇਤਾ ਨੱਚ ਨੱਚ ਕਰੇ ਕਮਾਲ,
ਕਾਗਜ਼ ਉੱਤੇ ਜਦ ਵੀ ਕੁਰਸੀ ਵਾਹੁੰਦਾ ਹਾਂ ।"

ਸ਼ਾਇਰ ਸਿਆਸੀ ਲੋਕਾਂ ਦੀ ਕੋਝੀਆਂ ਚਾਲਾਂ ਨੂੰ ਸਮਝਦਾ ਹੈ । ਅਤੇ ਇਸ ਪ੍ਰਤੀ ਆਵਾਜ਼ ਬੁਲੰਦ ਕਰਦਾ ਹੋਇਆ ਕੁਝ ਹੋਰ ਸ਼ਿਅਰ ਇੰਝ ਆਖਦਾ ਹੈ-

ਵਿਸ਼ਵਾਸ ਵਫਾ ਈਮਾਨ ਹੋਏ ਨੇ ਲਹੂ ਲੁਹਾਨ,
ਸ਼ਰਮ ਹਯਾ ਦੇ ਲਾਹ ਤੇ ਲੰਗਾਰ ਸਿਆਸਤ ਨੇ ।

ਨਾ ਲੋਕ ਮਨਾਂ ਵਿਚ ਚਾਨਣ ਦੀ ਪਹੁ ਫੁੱਟੀ,
ਲੁੱਟਣੈ ਇਸੇ ਤਰ੍ਹਾਂ ਹੀ ਹਰ ਵਾਰ ਸਿਆਸਤ ਨੇ ।

ਭਾਰਤੀ ਲੋਕ ਇੱਕਵੀਂ ਸਦੀ ਦੇ ਅੰਤ ਤੱਕ ਜਾ ਕੇ ਵੀ ਅੰਧ ਵਿਸ਼ਵਾਸਾਂ ਦੇ ਗਲ਼ਬੇ ਚੋਂ ਨਿਕਲ ਨਹੀ ਸਕੇ । ਅਨਪੜ੍ਹਾਂ ਦੇ ਨਾਲ ਹੀ ਪੜ੍ਹੇ ਲਿਖੇ ਲੋਕ ਵੀ ਜਾਦੂ, ਟੂਣੇ, ਮੰਤਰ ਵਗੈਰਾ ਦੇ ਅੱਖਾਂ ਮੀਟ ਕੇ ਯਕੀਨ ਕਰ ਲੈਂਦੇ ਹਨ । ਅੰਧ ਵਿਸ਼ਵਾਸ ਉੱਤੇ ਚੋਟ ਕਰਦਾ ਹੋਇਆ ਸ਼ਾਇਰ ਕਹਿੰਦਾ ਹੈ ,

"ਰੌਸ਼ਨੀ ਦੀ ਝਲਕ ਮਾਤਰ ਵੀ ਨਹੀ ਹੋਈ ਨਸੀਬ,
ਸੁੰਨ੍ਹੀਆਂ ਮੜ੍ਹੀਆਂ ਚ ਉਹ ਦੀਵੇ ਲਈ ਫਿਰਦੇ ਰਹੇ ।"

"ਨ੍ਹੇਰੇ ਦੀ ਪੂਜਾ ਕਰਕੇ, ਮੜ੍ਹੀਆਂ ਤੇ ਦੀਵੇ ਧਰਕੇ,
ਮੇਰੇ ਨਗਰ ਦੇ ਵਾਸੀ, ਚਾਨਣ ਉਡੀਕਦੇ ਨੇ ।"

ਉਪਰੋਕਤ ਸ਼ਿਅਰਾਂ ਵਿੱਚ ਮੜ੍ਹੀਆਂ ਤੋਂ ਰੌਸ਼ਨੀ ਭਾਲਣ ਵਾਲੀ ਸੋਚ ਦਾ ਜ਼ਿਕਰ ਹੈ । ਸ਼ਾਇਰ ਦਾ ਗੱਲ ਕਹਿਣ ਦਾ ਤਰੀਕਾ ਏਨਾਂ ਖ਼ੂਬਸੂਰਤ ਹੈ ਕਿ ਪੈਂਦੀ ਸੱਟੇ ਹੀ ਗੱਲ ਪੜ੍ਹਨ ਵਾਲੇ ਦੇ ਦਿਮਾਗ ਚ ਲਹਿ ਜਾਂਦੀ ਹੈ । ਅਸਲ ਵਿੱਚ ਮੜ੍ਹੀਆਂ ਮਸਾਣਾਂ ਹਨੇਰੇ ਦਾ ਹੀ ਪ੍ਰਤੀਕ ਹਨ । ਭਾਰਤ ਵਿੱਚ ਇਹ ਜ਼ਿਹਨੀ ਹਨੇਰਾ ਹੰਢਾਉਣ ਵਾਲੇ ਲੋਕਾਂ ਦੀ ਕਮੀ ਨਹੀ । ਅਜਿਹੇ ਅਕਲ ਤੋਂ ਅੰਨ੍ਹੇ ਲੋਕਾਂ ਦਾ ਲਾਭ ਉਠਾ ਕੇ ਹੀ ਹਜਾਰਾਂ ਪਾਖੰਡੀ ਲੋਕ ਆਪਣੀ ਰੋਜ਼ੀ ਰੋਟੀ ਖਰੀ ਕਰਦੇ ਹਨ । ਇਹਨਾਂ ਮੜ੍ਹੀਆਂ ਮਸਾਣਾਂ ਤੋਂ ਰੌਸ਼ਨੀ ਭਾਲਣ ਵਾਲੇ ਇਨ੍ਹਾਂ ਦੇ ਹੀ ਹਨੇਰਿਆਂ ਵਿੱਚ ਗਰਕ ਹੋ ਕੇ ਰਹਿ ਜਾਂਦੇ ਹਨ । ਅਜਿਹੀਆਂ ਡੂੰਘੀਆਂ ਦਲਦਲਾਂ ਵਿੱਚ ਧਸੇ ਲੋਕਾਂ ਵਾਸਤੇ ਹੀ ਫਿਰ ਸ਼ਾਇਰ ਨੂੰ ਲਿਖਣਾ ਪਿਆ-

ਕਿਸ਼ਤੀ ਡਾਵਾਂਡੋਲ ਕਿਨਾਰਾ ਦਿਸਦਾ ਨਹੀਂ ।
ਤਿਣਕੇ ਜਿਹਾ ਵੀ ਕੋਈ ਸਹਾਰਾ ਦਿਸਦਾ ਨਹੀਂ ।

ਟੁਕੜੇ ਟੁਕੜੇ ਹੋਇਆ ਫਿਰਦਾ ਹਰ ਬੰਦਾ,
ਕੋਈ ਵੀ ਸਾਰੇ ਦਾ ਸਾਰਾ ਦਿਸਦਾ ਨਹੀਂ ।

ਇਸ ਤੋਂ ਅਗਲੀ ਗੱਲ ਕਰਨੀ ਹੋਵੇ ਤਾਂ ਕੋਈ ਵਿਰਲਾ ਹੀ ਸ਼ਾਇਰ ਹੋਵੇਗਾ ਜੋ ਪਰਵਾਸ ਭੋਗਦਾ ਹੋਇਆ ਵੀ ਪਰਵਾਸ ਦੀ ਗੱਲ ਨਾ ਕਰੇ । ਹਰਦਮ ਸਿੰਘ ਮਾਨ ਵੀ ਇਸ ਤੋਂ ਅਛੂਤਾ ਨਹੀ ਹੈ । ਪਰਵਾਸ ਦੀ ਜ਼ਿੰਦਗੀ ਆਪਣੇ ਆਪ ਵਿੱਚ ਹੀ ਇੱਕ ਅਜ਼ੀਬੋ-ਗਰੀਬ ਅਨੁਭਵ ਹੋ ਨਿੱਬੜਦੀ ਹੈ । ਨਵੇਂ ਲੋਕ, ਨਵੀਂ ਧਰਤੀ, ਨਵੇ ਸੁਪਨੇ, ਤੇ ਫਿਰ ਇਸ ਓਪਰੀ ਦੁਨੀਆਂ ਵਿੱਚ ਸੁਪਨਿਆਂ ਦਾ ਤਿੜਕਣਾ, ਟੁੱਟਣਾ ਸ਼ਾਇਰ ਦੀ ਸ਼ਾਇਰੀ ਨੂੰ ਹਲੂਣ ਕੇ ਰੱਖ ਦਿੰਦਾ ਹੈ । ਪਦਾਰਥਵਾਦੀ ਲੋਕਾਂ ਦੇ ਝੁਰਮਟ ਵਿੱਚ ਫਸਿਆ ਹੋਇਆ ਸ਼ਾਇਰ ਮਨ ਕੁਰਲਾ ਉੱਠਦਾ ਹੈ । ਅਗਲੇ ਸ਼ਿਅਰ ਇਸੇ ਹੀ ਮਨੋ-ਅਵਸਥਾ ਵਿੱਚੋਂ ਨਿਕਲੇ ਪਰਤੀਤ ਹੁੰਦੇ ਹਨ -

"ਤੁਹਾਡੇ ਵਾਸਤੇ ਸ਼ਾਇਦ ਹੈ ਡਾਲਰ ਪੌਂਡ ਜਾ ਸੋਨਾ,
ਕਿਸੇ ਪੰਛੀ ਦਾ ਦਿਲ ਹੀ ਜਾਣਦੈ ਪਰਵਾਸ ਦੀ ਕੀਮਤ ।"

ਜਦੋਂ ਨੈਣਾਂ ਦੇ ਸਾਵਣ ਦੀ ਝੜੀ ਰੁਕਦੀ ਨਾ ਇਕ ਪਲ ਵੀ,
ਉਦੋਂ ਮਹਿਸੂਸ ਹੁੰਦੀ ਹੈ ਕਿਸੇ ਧਰਵਾਸ ਦੀ ਕੀਮਤ ।

ਹਰਦਮ ਸਿੰਘ ਮਾਨ ਸਮਾਜ ਪ੍ਰਤੀ ਚਿੰਤਤ ਹੁੰਦੇ ਹੋਏ ਵੀ ਆਸ ਦਾ ਪੱਲਾ ਨਹੀ ਛੱਡਦਾ । ਉਸ ਵਿਚਲੀ ਔਕੜਾਂ ਨਾਲ ਲੜਨ ਦੀ ਸਮਰੱਥਾ ਉਸ ਦੀਆਂ ਗ਼ਜ਼ਲਾਂ ਦੇ ਸਿਰ ਚੜ੍ਹ ਕੇ ਬੋਲਦੀ ਹੈ । ਆਪਣੇ ਸ਼ਿਅਰਾਂ ਚ ਹਾਂ ਪੱਖੀ ਅਵਾਜ਼ ਨੂੰ ਬੁਲੰਦ ਰੱਖਦੇ ਹੋਏ ਉਹ ਹਨੇਰੀ ਸੁਰੰਗ ਦੇ ਅਗਲੇ ਪਾਸੇ ਤੋਂ ਆਉਣ ਵਾਲੀ ਲੋਅ ਦੇਖਦਾ ਪਰਤੀਤ ਹੁੰਦਾ ਹੈ ਅਤੇ ਜੀਵਨ ਪ੍ਰਤੀ ਪੌਜ਼ਿਟਿਵ ਰਹਿੰਦਾ ਹੋਇਆ ਲਿਖਦਾ ਹੈ ।

"ਰੰਗ ਹੋਵੇ ਮਹਿਕ ਹੋਵੇ, ਜ਼ਿੰਦਗੀ ਦੀ ਹੋਵੇ ਬਾਤ,
ਸੁੰਨ੍ਹੇਂ ਸੁੰਨ੍ਹੇ ਇਸ ਨਗਰ ਵਿੱਚ ਮਹਿਫ਼ਲਾਂ ਦੀ ਕਰ ਤਲਾਸ਼ ।"

ਜਖ਼ਮ ਮੇਰੇ ਜਿਸਮ ਦੇ ਤੂੰ ਦੇਖ ਕੇ ਨਾ ਮੁਸਕੁਰਾ,
ਕਾਤਿਲਾਂ ਦੇ ਇਸ ਨਗਰ ਵਿਚ ਇਸ਼ਕ ਦਾ ਜਜ਼ਬਾ ਹਾਂ ਮੈਂ ।

ਮੁਹੱਬਤ ਇੱਕ ਅਜਿਹਾ ਵਿਸ਼ਾ ਹੈ ਜਿਸ ਤੋਂ ਬਿਨਾਂ ਕੋਈ ਵੀ ਕਿਤਾਬ ਆਪਣੇ ਹਸ਼ਰ ਤੱਕ ਨਹੀ ਪਹੁੰਚਦੀ । ਮੁਹੱਬਤ ਸਫ਼ਲ ਹੋਵੇ ਜਾਂ ਅਸਫਲ, ਦੋਹਾਂ ਹਾਲਤਾਂ ਵਿੱਚ ਹੀ ਇਹ ਖ਼ੂਬਸੂਰਤ ਕਵਿਤਾ ਨੂੰ ਜਨਮ ਦਿੰਦੀ ਹੈ । ਮੁਹੱਬਤ ਤੇ ਹਿਜ਼ਰ ਇੱਕੋ ਸਿੱਕੇ ਦੇ ਹੀ ਦੋ ਪਹਿਲੂ ਹਨ । ਦੁਨਿਆਵੀ ਮੁਹੱਬਤ ਵਿੱਚੋਂ ਹੀ ਰੱਬ ਦੀ ਮੁਹੱਬਤ ਜਨਮ ਲੈਂਦੀ ਹੈ । ਇਸ਼ਕ ਹਕੀਕੀ ਤੇ ਇਸ਼ਕ ਮਜ਼ਾਜੀ ਇਕ ਦੂਸਰੇ ਦੇ ਪੂਰਕ ਹਨ । ਇਹਨਾਂ ਜ਼ਜਬਿਆਂ ਨੂੰ ਦਰਸਾਉਂਦੇ ਹਨ, ਹਰਦਮ ਸਿੰਘ ਮਾਨ ਦੇ ਅਗਲੇ ਸ਼ਿਅਰ –

"ਪੁਜਾਰੀ ਇਸ਼ਕ ਦਾ ਹਾਂ ਮੈਂ ਤੇ ਮਹਿਕਾਂ ਦਾ ਹਾਂ ਵਣਜਾਰਾ,
ਸਦਾ ਲੋਚਾਂ ਕਿ ਏਥੇ ਪਿਆਰ ਦੀ ਵਗਦੀ ਨਦੀ ਹੋਵੇ ।"

ਤੇਰੇ ਸਾਹਾਂ ਦੀ ਖੁਸ਼ਬੂ ਹਰ ਘੜੀ ਮਹਿਸੂਸ ਕਰਦਾ ਹਾਂ,
ਸਦਾ ਚਾਹਾਂ ਤੇਰੇ ਵਿਹੜੇ ਚ ਨੱਚਦੀ ਜ਼ਿੰਦਗੀ ਹੋਵੇ ।

ਮਨੁੱਖ ਸਮਾਜਿਕ ਬੰਧਨਾਂ, ਰਿਸ਼ਤਿਆਂ ਅਤੇ ਮਜ਼ਬੂਰੀਆਂ ਦੀ ਤਾਲ ਉੱਤੇ ਨੱਚਣ ਵਾਲੀ ਕੱਠਪੁਤਲੀ ਹੈ । ਇਹਨਾਂ ਰਿਸ਼ਤਿਆਂ ਨੂੰ ਨਿਭਾਉਣਾ ਜ਼ਿੰਦਗੀ ਦਾ ਹਿੱਸਾ ਹੈ ਅਤੇ ਇਸ ਤੋਂ ਦੌੜਨਾ ਆਪਣੇ ਆਪ ਤੋਂ ਦੌੜਨ ਦੇ ਬਰਾਬਰ ਹੈ । ਸ਼ਾਇਰ ਇਸ ਤਾਣੇ ਬਾਣੇ ਵਿੱਚ ਰਹਿੰਦਾ ਹੋਇਆ ਵੀ ਇਸ ਤੋਂ ਇੰਝ ਨਿਰਲੇਪ ਪਰਤੀਤ ਹੁੰਦਾ ਹੈ ਜਿਵੇਂ ਇਕ ਕਮਲ ਦਾ ਫੁੱਲ ਚਿੱਕੜ ਵਿੱਚ ਰਹਿ ਕੇ ਨਿਰਲੇਪ ਰਹਿੰਦਾ ਹੈ । ਰਿਸ਼ਤਿਆਂ ਵਿੱਚ ਆਈ ਗਿਰਾਵਟ ਬਾਰੇ ਉਹ ਆਪਣੇ ਸ਼ਿਅਰਾਂ ਵਿੱਚ ਐਲਾਨੀਆ ਆਖਦਾ ਹੈ-
"ਰਤਾ ਵੀ ਨਾ ਰਿਹਾ ਈਮਾਨ ਸਾਡੇ ਰਿਸ਼ਤਿਆਂ ਅੰਦਰ,
ਚੁਰਾਹੇ ਵਿੱਚ ਲੀਰੋ ਲੀਰ ਨਿੱਤ ਦਿਨ ਹੋ ਰਿਹਾ ਪਰਦਾ ।"

ਅਗਲੇ ਸ਼ਿਅਰ ਚ ਫਿਰ ਉਹ ਆਖਦਾ ਹੈ-

“ਜ਼ਿਹਨ ਦੇ ਹਰ ਕੋਨੇ ਅੰਦਰ ਸਜ ਰਹੇ ਬਾਜ਼ਾਰ ਨੇ,
ਰਿਸ਼ਤਿਆਂ ਨੂੰ ਭਾਨ ਵਾਂਗੂ ਖਰਚਦਾ ਹੈ ਆਦਮੀ ।“

ਕਿਉਂ ਕਿ ਗ਼ਜ਼ਲ ਦਾ ਇਹ ਸੁਭਾਅ ਹੁੰਦਾ ਹੈ ਕਿ ਹਰ ਸ਼ਿਅਰ ਹੀ ਅਪਣੇ ਆਪ ਵਿੱਚ ਇਕ ਕਹਾਣੀ ਹੁੰਦਾ ਹੈ । ਇਸ ਤਰ੍ਹਾਂ ਇਸ ਕਿਤਾਬ ਬਾਰੇ ਅਗਰ ਲਿਖਣਾ ਹੋਵੇ ਤਾਂ ਹਰ ਸ਼ਿਅਰ ਤੇ ਹੀ ਇਕ ਪਰਚਾ ਲਿਖਿਆ ਜਾ ਸਕਦਾ ਹੈ । ਕੇਵਲ 72 ਪੇਜਾਂ ਦੀ ਇਹ ਪੁਸਤਕ ਜ਼ਿੰਦਗੀ ਦੇ ਹਰ ਪੱਖ ਦਾ ਸਾਰ ਸਮੇਟੀ ਬੈਠੀ ਹੈ । ਪਰ ਸਮੇਂ ਦੀ ਨਜ਼ਾਕਤ ਨੂੰ ਪਛਾਣਦੇ ਹੋਏ ਮੈਂ ਇਹ ਪਰਚਾ ਇਥੇ ਹੀ ਸਮੇਟਣਾ ਚਾਹਾਂਗਾ । ਗ਼ਜ਼ਲ ਬਾਰੇ ਕਹੇ ਗਏ ਮੈਂ ਆਪਣੇ ਦੋ ਸ਼ਿਅਰ ਮਾਨ ਸ੍ਹਾਬ ਦੇ ਨਾਮ ਕਰਨਾ ਚਾਹਾਂਗਾ ।

ਗ਼ਜ਼ਲ ਕਹਿਣਾ ਹੈ ਸ਼ਬਦਾਂ ਦੀ ਨਿਰੀ ਜਾਦੂਗਰੀ ਕਰਨਾ ।
ਕਿ ਜੀਕਣ ਬਾਂਸ ਦੀ ਪੋਰੀ ਨੂੰ ਹੋਵੇ ਬੰਸਰੀ ਕਰਨਾ ।

ਗ਼ਜ਼ਲ ਤਾਮੀਰ ਕਰਨੇ ਦਾ ਹੁਨਰ ਆਉਂਦੇ ਹੀ ਆਉਂਦਾ ਹੈ,
ਤੇ ਪੈਂਦਾ ਖੁਰਦਰੇ ਸ਼ਿਅਰਾਂ ਨੂੰ ਹਰਦਮ ਮਰਮਰੀ ਕਰਨਾ ।

ਪੰਜਾਬੀ ਗ਼ਜ਼ਲ ਵਾਸਤੇ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਹਰਦਮ ਸਿੰਘ ਮਾਨ ਇਸ ਕਲਾ ਵਿੱਚ ਨਿੱਪੁਣ ਹੀ ਨਹੀ ਬਲਕਿ ਮਿਆਰੀ ਗ਼ਜ਼ਲ ਸਿਰਜਣਾ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਵੀ ਹੈ । ਪੰਜਾਬੀ ਸਾਹਿਤ ਨੂੰ ਇਸ ਕਿਤਾਬ ਦੇ ਰੂਪ ਵਿਚ ਅਣਮੋਲ ਤੋਹਫਾ ਦੇਣ ਲਈ ਮੈਂ ਹਰਦਮ ਸਿੰਘ ਮਾਨ ਨੂੰ ਦਿਲੀ ਮੁਬਾਰਕ ਬਾਦ ਪੇਸ਼ ਕਰਦਾ ਹਾਂ, ਤੇ ਆਸ ਕਰਦਾ ਹਾਂ ਕਿ ਉਹ ਭਵਿੱਖ ਵਿੱਚ ਵੀ ਸ਼ਬਦਾਂ ਦਾ ਹਮਸਫ਼ਰ ਬਣ ਕੇ ਖ਼ੂਬਸੂਰਤ ਰਚਨਾਵਾਂ ਨਾਲ ਪੰਜਾਬੀ ਪਾਠਕਾਂ ਨੂੰ ਨਿਵਾਜ਼ਦਾ ਰਹੇਗਾ ।

ਧੰਨਵਾਦ
ਰਾਜਵੰਤ ਬਾਗੜੀ

ਗੀਤ/ਬੇਵੱਸ ਲਗਦੇ ਨੇ ਵਾਰਿਸ ਪੰਜਾਬ ਤੇਰੇ…/ Hardam Singh Maan


ਸਭ ਪਾਣੀ ਗੰਧਲ ਗਏ, ਮਿੱਟੀ ਜ਼ਹਿਰੀਲੀ ਏ।
ਤੇਰੇ ਸੋਹਣੇ ਬਾਗ ਅੰਦਰ ਕਿਸ ਲਾਈ ਤੀਲੀ ਏ।
ਹੁਣ ਖੁਸ਼ਬੂ ਵੰਡਦੇ ਨਾ ਇਹ ਫੁੱਲ ਗੁਲਾਬ ਤੇਰੇ।
ਅੱਜ ਬੇਵੱਸ ਲਗਦੇ ਨੇ ਵਾਰਿਸ ਪੰਜਾਬ ਤੇਰੇ…
*****************************
ਅੱਜ ਨਾਨਕ ਦੀ ਬਾਣੀ ਸੰਗਮਰਮਰ ਵਿਚ ਸਹਿਕ ਰਹੀ।
ਬਣੇ ਬੰਗਲੇ ਧਰਮਾਂ ਦੇ, ਜਿੱਥੇ ਹਵਸ ਹੈ ਟਹਿਕ ਰਹੀ।
ਸੁਰ,ਸਾਜ਼ ਵੀ ਬਦਲ ਗਏ, ਰੁਸ ਗਏ ਰਬਾਬ ਤੇਰੇ।
ਕਿਉਂ ਬੇਵੱਸ ਲਗਦੇ ਨੇ ਵਾਰਿਸ ਪੰਜਾਬ ਤੇਰੇ…
*******************************
ਸਰਾਭਾ, ਭਗਤ ਸਿੰਘ ਤੇ ਊਧਮ ਸਿੰਘ ਪੁੱਛਦੇ ਨੇ।
ਉਹ ਕਿਹੜੇ ਦੋਖੀ ਨੇ,ਜੋ ਵਿਰਸਾ ਮੁਛਦੇ ਨੇ।
ਦੱਸ ਕੌਣ ਖਿੰਡਾਅ ਗਿਆ ਏ ਸਭ ਰੰਗਲੇ ਖ਼ਾਬ ਤੇਰੇ।
ਬੜੇ ਬੇਵੱਸ ਹੋ ਗਏ ਨੇ ਵਾਰਿਸ ਪੰਜਾਬ ਤੇਰੇ…
******************************
ਕੁਰਸੀ ਦੇ ਨਾਗਾਂ ਨੇ ਸਭ ਸੱਧਰਾਂ ਡੰਗ’ਤੀਆਂ।
ਇਥੇ ਧੀਆਂ ਰੋਲ’ਤੀਆਂ ਤੇ ਅਣਖਾਂ ਟੰਗ’ਤੀਆਂ।
ਸਭ ਚੋਰ, ਠੱਗ, ਡਾਕੂ,ਬਣ ਗਏ ਨਵਾਬ ਤੇਰੇ।
ਤਾਂ ਹੀ ਬੇਵੱਸ ਜਾਪਣ ਇਹ ਵਾਰਿਸ ਪੰਜਾਬ ਤੇਰੇ…
-ਹਰਦਮ ਸਿੰਘ ਮਾਨ