Wednesday, March 5, 2014

ਮਿੰਨੀ ਕਹਾਣੀ-ਲਾਲ ਬੱਤੀ ਦਾ ਸੱਚ / Hardam Singh Maan

ਐਮ. ਐਲ. ਏ. ਬਣਨ ਤੋਂ ਪੂਰੇ ਸਾਢੇ ਚਾਰ ਸਾਲਾਂ ਬਾਅਦ ਨੇਤਾ ਜੀ ਅੱਜ ਆਪਣੇ ਜਿਗਰੀ ਯਾਰ ਦੇ ਘਰ ਆਏ ਸਨ। ਆਉਂਦਿਆਂ ਹੀ ਆਪਣੇ ਯਾਰ ਨੂੰ ਗਲਵੱਕੜੀ ਪਾਈ 'ਲੈ ਵੱਡੇ ਭਾਈ, ਅੱਜ ਮੈਂ ਖੁੱਲ੍ਹਾ ਟੈਮ ਕੱਢ ਕੇ ਆਇਐਂ। ਅੱਜ ਵੱਡੇ ਭਾਈ ਦਾ ਕੋਈ ਉਲਾਂਭਾ ਨਹੀਂ ਰਹਿਣ ਦੇਣਾ ਆਪਣੇ ਸਿਰ।'

ਉਹ ਦੋਵੇਂ ਜਣੇ ਡਰਾਇੰਗ ਰੂਮ ਵਿਚ ਏ. ਸੀ. ਛੱਡ ਕੇ ਬੈਠ ਗਏ। ਗੱਲਾਂ ਬਾਤਾਂ ਸ਼ੁਰੂ ਹੋ ਗਈਆਂ। 'ਅਸਲ 'ਚ ਅੱਜ ਰਾਜਨੀਤੀ ਦਾ ਕੰਮ ਬੜਾ ਕੁੱਤਾ ਹੋ ਗਿਐ ਵੱਡੇ ਭਾਈ! ਤੈਨੂੰ ਪਤਾ ਈ ਐ ਪਹਿਲਾਂ ਚੋਣਾਂ ਵੇਲੇ ਕਿਵੇਂ ਸਾਲੇ ਹਰੇਕ ਲੰਗੜੇ ਲੂਲੇ ਦੇ ਪੈਰੀਂ ਹੱਥ ਲਾਉਣੇ ਪੈਂਦੇ ਐ, ਥਾਂ ਥਾਂ ਹੱਥ ਜੋੜੋ ਤੇ ਕਰੋੜਾਂ ਰੁਪਏ ਵੀ ਖਰਚੋ। ਫਿਰ ਜੇ ਐਮ. ਐਲ. ਏ. ਬਣ ਗੇ...ਅੱਜ ਜੀ ਓਹਦੇ ਘਰ ਮਰਗ ਦਾ ਭੋਗ ਐ, ਫਲਾਣੇ ਦੀ ਕੁੜੀ ਦਾ ਸ਼ਗਨ, ਢਿਮਕੇ ਦੇ ਮੁੰਡੇ ਦਾ ਵਿਆਹ, ਫਲਾਣੇ ਥਾਂ ਜਗਰਾਤਾ, ਅਖੰਡ ਪਾਠ ਦਾ ਭੋਗ, ਮੈਡੀਕਲ ਕੈਂਪ ਤੇ ਹੋਰ ਪਤਾ ਨੀਂ ਕੀ ਕੀ ਤੇ ਪਤਾ ਨੀਂ ਕਿੱਥੇ ਕਿੱਥੇ ਜਾਣਾ ਪੈਂਦੈ। ਕਦੇ ਕਦੇ ਤਾਂ ਲਗਦੈ ਸਾਲੀ ਇਹ ਕੋਈ ਜ਼ਿੰਦਗੀ ਐ?'

'ਆਂਉਂਦੀਐਂ ਗੱਲਾਂ ਐਮ. ਐਲ. ਏ. ਬਣ ਕੇ...' ਜਿਗਰੀ ਯਾਰ ਨੇ ਵਿਚਦੀ ਹੁੰਗਾਰਾ ਭਰਿਆ।

'ਨਹੀਂ ਵੱਡੇ ਭਾਈ ਝੂਠ ਨਹੀਂ ਮੈਂ ਸੱਚ ਕਹਿਨੈਂ'

'ਚੱਲ ਮੰਨ ਲੈਨੇਂ ਆਂ।'

ਨੇਤਾ ਜੀ ਦੀ ਵਾਰਤਾਲਾਪ ਜਾਰੀ ਰਹੀ ਜਿਵੇਂ ਸੱਚਮੁੱਚ ਹੀ ਰਾਜਨੀਤੀ ਤੋਂ ਔਖੇ ਹੋਣ।

ਜਦੋਂ ਦਿਨ ਛਿਪਾਅ ਜਿਹਾ ਹੋ ਗਿਐ ਤਾਂ ਜਿਗਰੀ ਯਾਰ ਬੋਲਿਆ 'ਚੱਲ ਛੱਡ ਹੁਣ ਇÀਂ ਦੱਸ ਬਈ ਵਿਸਕੀ ਕਿਹੜੀ ਚੱਲੂ?'

'ਲੈ ਤੈਥੋਂ ਕੁਛ ਭੁੱਲਿਐ ਵੱਡੇ ਭਾਈ!'

ਵਿਸਕੀ ਆ ਗਈ। ਦੋ ਤਿਨ ਪੈੱਗ ਲਾਉਣ ਮਗਰੋਂ ਨੇਤਾ ਜੀ ਅਸਲੀ ਰੌਂਅ 'ਚ ਗਏ। 'ਵੱਡੇ ਭਾਈ ਹੁਣ ਸਾਰੇ ਛੀ ਮਹੀਨੇ ਰਹਿਗੇ ਚੋਣਾਂ 'ਚ। ਹੁਣ ਤਾਂ ਤੇਰੇ ਰੱਖਣ ਦੇ ਆਂ। ... ਤੂੰ ਹੋਣੈਂ ਮੇਰੀ ਚੋਣ ਮੁਹਿੰਮ ਦਾ ਇੰਚਾਰਜ ਪਹਿਲਾਂ ਵਾਂਗ... ਤੇ ਜੇ ਐਤਕੀਂ ਜਿੱਤ ਨਸੀਬ ਹੋਈ ਤਾਂ ਸਾਰੀ ਉਮਰ ਤੇਰਾ ਪਾਣੀ ਭਰੂੰ ਨੰਗੇ ਸਿਰ।' ਕਹਿੰਦੇ ਹੋਏ ਨੇਤਾ ਨੇ ਇਕ ਵੱਡਾ ਪੈੱਗ ਹੋਰ ਪਾ ਲਿਆ ਤੇ ਫੇਰ ਜਿਗਰੀ ਯਾਰ ਦੇ ਗੋਡੇ ਘੁੱਟਣ ਲੱਗ ਪਿਆ। 'ਯਾਰਾ ਤੂੰ ਦੂਜੀ ਵਾਰ ਐਮ. ਐਲ. ਏ. ਬਣਾ ਦੇ, ਆਪਣੀ ਲਾਲ ਬੱਤੀ ਵਾਲੀ ਗੱਡੀ ਪੱਕੀ ਐ। ਫੇਰ ਵੇਖੀਂ ਮੰਤਰੀ ਬਣਨਸਾਰ ਚੰਡੀਗੜੋਂ ਲਾਲ ਬੱਤੀ ਵਾਲੀ ਗੱਡੀ ਸਿੱਧੀ ਤੇਰੇ ਬੂਹੇ ਤੇ ਆ ਕੇ ਰੁਕੂ।' ਨੇਤਾ ਜੀ ਪੂਰੇ ਸਰੂਰ 'ਚ ਆ ਗਏ 'ਨਾਲੇ ਇਕ ਗੱਲ ਯਾਦ ਰੱਖੀਂ, ਆਪਾਂ ਕੇਰਾਂ ਮੰਤਰੀ ਬਣਗੇ ਨਾ ਵੱਡੇ ਭਾਈ... ਫੇਰ ਆਪਾਂ ਕਿਸੇ ਕੰਜਰ ਦੀ ਨੀਂ ਸੁਣਨੀਂ। ਰੌਲਾ ਪਾਈ ਜਾਣ ਲੋਕ ਜਿੰਨਾ ਮਰਜ਼ੀ, ਰਾਜਧਾਨੀ 'ਚ ਰਹਾਂਗੇ ਠਾਠ ਨਾਲ। ...ਫੇਰ ਆਪਾਂ ਇਹਨਾ ਲੋਕਾਂ ਤੋਂ ਕੀ ਲੈਣੈ... ਐਵੇਂ ਕੀੜੇ ਮਕੌੜੇ।' ਨੇਤਾ ਦੇ ਮੂਹੋਂ ਲਾਲ ਬੱਤੀ ਦਾ ਸੱਚ ਡੁੱਲ੍ਹ ਰਿਹਾ ਸੀ।
- ਹਰਦਮ ਸਿੰਘ ਮਾਨ