Saturday, October 5, 2013

ਮਿੰਨੀ ਕਹਾਣੀ - ਭਾਫ਼ / Hardam Singh Maan


ਅੱਧੀ ਰਾਤ ਨੂੰ ਹਰਪਾਲ ਸਿੰਘ ਦੀ ਖੱਬੀ ਬਾਂਹ ਵਿਚ ਤੇਜ਼ ਦਰਦ ਹੋਇਆ ਤਾਂ ਉਸਦੀ ਨੀਂਦ ਖੁੱਲ੍ਹ ਗਈ. ਉਹ ਘਬਰਾ ਗਿਆ ਤੇ ਉਠ ਕੇ ਬੈਠ ਗਿਆ. ਛਾਤੀ ਵਿਚ ਵੀ ਥੋੜ੍ਹਾ ਜਿਹਾ ਦਰਦ ਮਹਿਸੂਸ ਕੀਤਾ ਤਾਂ ਉਸਦੀ ਘਬਰਾਹਟ ਵਧ ਗਈ. ਉਸਨੇ ਸਿਰਹਾਣੇ ਹੇਠੋਂ ਐਸਪ੍ਰੀਨ ਦਾ ਪੱਤਾ ਕੱਢਿਆ ਤੇ ਪੱਤੇ ਚੋਂ ਦੋ ਗੋਲੀਆਂ ਕੱਢ ਕੇ ਤੁਰੰਤ ਮੂੰਹ ਵਿਚ ਪਾ ਕੇ ਚੱਬ ਲਈਆਂ ਤੇ ਉੱਤੋਂ ਦੋ ਘੁੱਟਾਂ ਪਾਣੀ ਪੀ ਕੇ ਕੁਝ ਦੇਰ ਮੰਜੇ ਤੇ ਬੈਠਾ ਰਿਹਾ. ਥੋੜ੍ਹੀ ਦੇਰ ਬਾਅਦ ਕੁਝ ਆਰਾਮ ਲੱਗਿਆ ਤਾਂ ਉਹ ਆਪਣੀ ਕੋਠੜੀ ਚੋਂ ਬਾਹਰ ਨਿਕਲ ਕੇ ਕੋਠੀ ਦੇ ਲਾਅਨ ਵਿਚ ਟਹਿਲਣ ਲੱਗ ਪਿਆ.
ਚੰਦ ਚਾਨਣੀ ਰਾਤ ਵਿਚ ਉਹ ਤਿੰਨ ਮੰਜ਼ਲੀ ਕੋਠੀ ਨੂੰ ਨਿਹਾਰਨ ਲੱਗਿਆ. ਅਮਰੀਕਾ ਬੈਠਾ ਵੱਡਾ ਮੁੰਡਾ ਗੁਰਪ੍ਰੇਮ ਤੇ ਲੰਦਨ ਵਸਿਆ ਛੋਟਾ ਮੁੰਡਾ ਨਿਰਪਜੀਤ ਉਸਦੀਆਂ ਸੋਚਾਂ ਵਿਚ ਤੈਰਨ ਲੱਗੇ. ਪਿਛਲੇ ਸਾਲ ਇੱਕਠੇ ਆਏ ਸਨ. ਦਿਨਾਂ ਵਿਚ ਹੀ ਇਹ ਮਹਿਲਨੁਮਾ ਕੋਠੀ ਦੀ ਉਸਾਰੀ ਉਨ੍ਹਾਂ ਕਰਵਾ ਦਿਤੀ ਸੀ. ਸਾਰੇ ਪਿੰਡ ਚੋਂ ਉੱਚੀ ਕੋਠੀ. ਜਿਸਨੂੰ ਅੰਦਰੋਂ ਬਾਹਰੋਂ ਵਿਦੇਸ਼ੀ ਦਿੱਖ ਦਿਤੀ ਗਈ ਸੀ. ਕੋਠੀ ਦੀ ਹਰ ਵਸਤ ਆਲੀਸ਼ਾਨ. ਹਰ ਕੋਈ ਖੜ੍ਹ ਖੜ੍ਹ ਵੇਖਦਾ ਸੀ. ਲਾਗਲੀਆਂ ਕੋਠੀਆਂ ਤਾਂ ਉਸਦੇ ਸਾਹਮਣੇ ਨਿਮੋਝੂਣੀਆਂ ਹੋਈਆਂ ਜਾਪ ਰਹੀਆਂ ਸਨ. ਕੋਠੀ ਬਣਨ ਨਾਲ ਹਰਪਾਲ ਸਿੰਘ ਦੀ ਵੁੱਕਤ ਵੀ ਪਿੰਡ ਵਿਚ ਪੈਣ ਲੱਗ ਪਈ. ਉਹ ਪਿੰਡ ਵਿਚ ਛਾਤੀ ਫੁਲਾ ਕੇ ਤੁਰਨ ਲੱਗ ਪਿਆ ਸੀ.
ਸਾਰਾ ਦਿਨ ਸੱਥ ਵਿਚ ਉਹ ਹੁੱਬ ਹੁੱਬ ਕੇ ਗੱਲਾਂ ਕਰਦਾ ਪਰ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਜਦ ਕੋਠੀ ਦੇ ਸਾਰੇ ਕਮਰਿਆਂ ਨੂੰ ਤਾਲੇ ਲੱਗੇ ਵੇਖਦਾ ਤਾਂ ਲੰਮਾ ਹਉਕਾ ਭਰ ਕੇ ਕੋਠੀ ਦੇ ਗੇਟ ‘ਤੇ ਬਣੀ ਆਪਣੀ ਕੋਠੜੀ ਵਿਚ ਆ ਕੇ ਮੰਜੇ ‘ਤੇ ਡਿੱਗ ਪੈਂਦਾ. ਕਿੰਨਾ ਚਿਰ ਕੋਠੜੀ ਦੀ ਛੱਤ ਦੇ ਬੱਤੇ, ਟਾਈਲਾਂ ਗਿਣਦਾ ਰਹਿੰਦਾ. ਕਿੰਨਾ ਕਿੰਨਾ ਚਿਰ ਨੀੰਦ ਨਾ ਆਉਂਦੀ.
ਕਦੇ ਕਦੇ ਉਹਦਾ ਮਨ ਕਰਦਾ ਕੇ ਆਪਣੇ ਕਿਸੇ ਯਾਰ ਬੇਲੀ ਨੂੰ ਆਪਣੀ ਸਾਰੀ ਵਿਥਿਆ ਖੋਲ੍ਹ ਕੇ ਦੱਸੇ ਪਰ ਫੇਰ ਸੋਚਾਂ ਵਿਚ ਪੈ ਜਾਂਦਾ ਅਤੇ ਚੁੱਪ ਕਰਕੇ ਬੈਠ ਜਾਂਦਾ. ਅੱਜ ਤਾਂ ਉਸਦਾ ਜੀ ਕਰਦਾ ਸੀ ਰਾਤ ਨੂੰ ਹੀ ਉੱਚੀ ਉੱਚੀ ਰੌਲਾ ਪਾਵੇ ਤੇ ਸਾਰੇ ਪਿੰਡ ਨੂੰ ਸੁਣਾਵੇ ਕਿ ... ਪਰ ਅਗਲੇ ਹੀ ਪਲ ਉਸਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਆਪ-ਮੁਹਾਰੇ ਬੋਲ ਪਿਆ ‘ਨਾ ਹਰਪਾਲ ਸਿਆਂ ਨਾ... ਚੰਗਾ ਮਾਣ-ਤਾਣ ਇਲਾਕੇ ‘ਚ ਬਣਿਐਂ. ਵੇਖੀਂ ਕਿਤੇ ਭਾਫ਼ ਕੱਢ ਬੈਠੇਂ ਬਾਹਰ ...ਨਾ ਨਾ ਕਮਲਿਆ ਨਾ...’
*ਹਰਦਮ ਸਿੰਘ ਮਾਨ