Saturday, August 17, 2013

ਗ਼ਜ਼ਲ <>GAZAL / Hardam Singh Maan




ਘਰ ਵਿਚ ਹੈ ਖਾਮੋਸ਼ੀ ਸਾਡੇ ਮਨ ਵਿਚ ਹੈ ਕੁਹਰਾਮ।
ਹਰ ਪਲ ਲੜਦੇ ਰਹੀਏ ਸਾਡੇ ਸਮੇਂ ਦਾ ਇਹ ਸੰਗਰਾਮ।

ਰੋਜ਼ ਸਵੇਰੇ ਨਿਕਲਦੇ ਹਾਂ ਆਸਾਂ ਦੇ ਫੁੱਲ ਲੈ ਕੇ
ਸਾਡੀ ਤਲੀ ਤੇ ਧਰ ਜਾਂਦਾ ਹੈ ਕੌਣ ਉਦਾਸੀ ਸ਼ਾਮ

ਕਾਲਖ ਨੂੰ ਮੈਂ ਕਾਲਖ ਲਿਖਣਾ ਹੀ ਸੀ ਲਿਖ ਦਿੱਤਾ
ਮੇਰੇ ਸਿਰ ਤੇ ਸਜ‘ਗੇ ਦੁਨੀਆਂ ਭਰ ਦੇ ਸਭ ਇਲਜ਼ਾਮ

ਇਸ ਨਗਰੀ ਦੇ ਲੋਕੀਂ ਹੋ ਗਏ ਬਹੁਤ ਸਿਆਣੇ ਹੁਣ
ਛਿਪਦੇ ਨੂੰ ਨਾ ਵੇਖਣ, ਇਹ ਚੜ੍ਹਦੇ ਨੂੰ ਕਰਨ ਸਲਾਮ

ਕੋਈ ਤਾਂ ਹੈ ਅਗਨੀ ਜੋ ਵਸਦੀ ਮੇਰੇ ਅੰਦਰ
ਹਰ ਪਲ ਰਹਿੰਦੀ ਧੁਖਦੀ, ਨਾ ਦਿੰਦੀ ਕਰਨ ਆਰਾਮ

ਮਹਿਫ਼ਿਲ ਵਿਚ ਤਾਂ ਲਗਦੇ ਸੀ ਉਹ ਬੌਣੇ ਬੌਣੇ ਲੋਕ
ਬੂਹਿਆਂ ਉਤੇ ਚਿਪਕੇ ਸੀ ਪਰ ਵੱਡੇ ਵੱਡੇ ਨਾਮ।

ਵਗਦਾ ਸੀ ਤਾਂ ਨਿਰਮਲ ਜਲ ਸੀ, ਰੁਕਿਆ ਮੁਸ਼ਕ ਗਿਆ
ਤੁਰਿਆ ਜਾਵੇ 'ਮਾਨ' ਮੁਸਾਫਿਰ, ਵੰਡਦਾ ਇਹ ਪੈਗ਼ਾਮ।
-----ਹਰਦਮ ਸਿੰਘ ਮਾਨ
(ਪੁਸਤਕ 'ਅੰਬਰਾਂ ਦੀ ਭਾਲ ਵਿਚ' ਚੋਂ)



1 comment:

  1. ਇਸ ਨਗਰੀ ਦੇ ਲੋਕੀਂ ਹੋ ਗਏ ਬਹੁਤ ਸਿਆਣੇ ਹੁਣ
    ਛਿਪਦੇ ਨੂੰ ਨਾ ਵੇਖਣ, ਇਹ ਚੜ੍ਹਦੇ ਨੂੰ ਕਰਨ ਸਲਾਮ......ਵਾਹ ਜਨਾਬ ਕਿਆ ਬਾਤ ਹੈ

    ReplyDelete