Saturday, October 5, 2013

ਮਿੰਨੀ ਕਹਾਣੀ - ਭਾਫ਼ / Hardam Singh Maan


ਅੱਧੀ ਰਾਤ ਨੂੰ ਹਰਪਾਲ ਸਿੰਘ ਦੀ ਖੱਬੀ ਬਾਂਹ ਵਿਚ ਤੇਜ਼ ਦਰਦ ਹੋਇਆ ਤਾਂ ਉਸਦੀ ਨੀਂਦ ਖੁੱਲ੍ਹ ਗਈ. ਉਹ ਘਬਰਾ ਗਿਆ ਤੇ ਉਠ ਕੇ ਬੈਠ ਗਿਆ. ਛਾਤੀ ਵਿਚ ਵੀ ਥੋੜ੍ਹਾ ਜਿਹਾ ਦਰਦ ਮਹਿਸੂਸ ਕੀਤਾ ਤਾਂ ਉਸਦੀ ਘਬਰਾਹਟ ਵਧ ਗਈ. ਉਸਨੇ ਸਿਰਹਾਣੇ ਹੇਠੋਂ ਐਸਪ੍ਰੀਨ ਦਾ ਪੱਤਾ ਕੱਢਿਆ ਤੇ ਪੱਤੇ ਚੋਂ ਦੋ ਗੋਲੀਆਂ ਕੱਢ ਕੇ ਤੁਰੰਤ ਮੂੰਹ ਵਿਚ ਪਾ ਕੇ ਚੱਬ ਲਈਆਂ ਤੇ ਉੱਤੋਂ ਦੋ ਘੁੱਟਾਂ ਪਾਣੀ ਪੀ ਕੇ ਕੁਝ ਦੇਰ ਮੰਜੇ ਤੇ ਬੈਠਾ ਰਿਹਾ. ਥੋੜ੍ਹੀ ਦੇਰ ਬਾਅਦ ਕੁਝ ਆਰਾਮ ਲੱਗਿਆ ਤਾਂ ਉਹ ਆਪਣੀ ਕੋਠੜੀ ਚੋਂ ਬਾਹਰ ਨਿਕਲ ਕੇ ਕੋਠੀ ਦੇ ਲਾਅਨ ਵਿਚ ਟਹਿਲਣ ਲੱਗ ਪਿਆ.
ਚੰਦ ਚਾਨਣੀ ਰਾਤ ਵਿਚ ਉਹ ਤਿੰਨ ਮੰਜ਼ਲੀ ਕੋਠੀ ਨੂੰ ਨਿਹਾਰਨ ਲੱਗਿਆ. ਅਮਰੀਕਾ ਬੈਠਾ ਵੱਡਾ ਮੁੰਡਾ ਗੁਰਪ੍ਰੇਮ ਤੇ ਲੰਦਨ ਵਸਿਆ ਛੋਟਾ ਮੁੰਡਾ ਨਿਰਪਜੀਤ ਉਸਦੀਆਂ ਸੋਚਾਂ ਵਿਚ ਤੈਰਨ ਲੱਗੇ. ਪਿਛਲੇ ਸਾਲ ਇੱਕਠੇ ਆਏ ਸਨ. ਦਿਨਾਂ ਵਿਚ ਹੀ ਇਹ ਮਹਿਲਨੁਮਾ ਕੋਠੀ ਦੀ ਉਸਾਰੀ ਉਨ੍ਹਾਂ ਕਰਵਾ ਦਿਤੀ ਸੀ. ਸਾਰੇ ਪਿੰਡ ਚੋਂ ਉੱਚੀ ਕੋਠੀ. ਜਿਸਨੂੰ ਅੰਦਰੋਂ ਬਾਹਰੋਂ ਵਿਦੇਸ਼ੀ ਦਿੱਖ ਦਿਤੀ ਗਈ ਸੀ. ਕੋਠੀ ਦੀ ਹਰ ਵਸਤ ਆਲੀਸ਼ਾਨ. ਹਰ ਕੋਈ ਖੜ੍ਹ ਖੜ੍ਹ ਵੇਖਦਾ ਸੀ. ਲਾਗਲੀਆਂ ਕੋਠੀਆਂ ਤਾਂ ਉਸਦੇ ਸਾਹਮਣੇ ਨਿਮੋਝੂਣੀਆਂ ਹੋਈਆਂ ਜਾਪ ਰਹੀਆਂ ਸਨ. ਕੋਠੀ ਬਣਨ ਨਾਲ ਹਰਪਾਲ ਸਿੰਘ ਦੀ ਵੁੱਕਤ ਵੀ ਪਿੰਡ ਵਿਚ ਪੈਣ ਲੱਗ ਪਈ. ਉਹ ਪਿੰਡ ਵਿਚ ਛਾਤੀ ਫੁਲਾ ਕੇ ਤੁਰਨ ਲੱਗ ਪਿਆ ਸੀ.
ਸਾਰਾ ਦਿਨ ਸੱਥ ਵਿਚ ਉਹ ਹੁੱਬ ਹੁੱਬ ਕੇ ਗੱਲਾਂ ਕਰਦਾ ਪਰ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਜਦ ਕੋਠੀ ਦੇ ਸਾਰੇ ਕਮਰਿਆਂ ਨੂੰ ਤਾਲੇ ਲੱਗੇ ਵੇਖਦਾ ਤਾਂ ਲੰਮਾ ਹਉਕਾ ਭਰ ਕੇ ਕੋਠੀ ਦੇ ਗੇਟ ‘ਤੇ ਬਣੀ ਆਪਣੀ ਕੋਠੜੀ ਵਿਚ ਆ ਕੇ ਮੰਜੇ ‘ਤੇ ਡਿੱਗ ਪੈਂਦਾ. ਕਿੰਨਾ ਚਿਰ ਕੋਠੜੀ ਦੀ ਛੱਤ ਦੇ ਬੱਤੇ, ਟਾਈਲਾਂ ਗਿਣਦਾ ਰਹਿੰਦਾ. ਕਿੰਨਾ ਕਿੰਨਾ ਚਿਰ ਨੀੰਦ ਨਾ ਆਉਂਦੀ.
ਕਦੇ ਕਦੇ ਉਹਦਾ ਮਨ ਕਰਦਾ ਕੇ ਆਪਣੇ ਕਿਸੇ ਯਾਰ ਬੇਲੀ ਨੂੰ ਆਪਣੀ ਸਾਰੀ ਵਿਥਿਆ ਖੋਲ੍ਹ ਕੇ ਦੱਸੇ ਪਰ ਫੇਰ ਸੋਚਾਂ ਵਿਚ ਪੈ ਜਾਂਦਾ ਅਤੇ ਚੁੱਪ ਕਰਕੇ ਬੈਠ ਜਾਂਦਾ. ਅੱਜ ਤਾਂ ਉਸਦਾ ਜੀ ਕਰਦਾ ਸੀ ਰਾਤ ਨੂੰ ਹੀ ਉੱਚੀ ਉੱਚੀ ਰੌਲਾ ਪਾਵੇ ਤੇ ਸਾਰੇ ਪਿੰਡ ਨੂੰ ਸੁਣਾਵੇ ਕਿ ... ਪਰ ਅਗਲੇ ਹੀ ਪਲ ਉਸਨੇ ਆਪਣੇ ਆਪ ਨੂੰ ਸੰਭਾਲਿਆ ਅਤੇ ਆਪ-ਮੁਹਾਰੇ ਬੋਲ ਪਿਆ ‘ਨਾ ਹਰਪਾਲ ਸਿਆਂ ਨਾ... ਚੰਗਾ ਮਾਣ-ਤਾਣ ਇਲਾਕੇ ‘ਚ ਬਣਿਐਂ. ਵੇਖੀਂ ਕਿਤੇ ਭਾਫ਼ ਕੱਢ ਬੈਠੇਂ ਬਾਹਰ ...ਨਾ ਨਾ ਕਮਲਿਆ ਨਾ...’
*ਹਰਦਮ ਸਿੰਘ ਮਾਨ

Monday, September 16, 2013

ਗ਼ਜ਼ਲ >< GAZAL / Hardam Singh Maan

ਉਹਨਾਂ ਦਾ ਹਰ ਇਕ ਹੀ ਵਾਅਦਾ ਮੈਨੂੰ ਤਾਂ ਛਲ ਲਗਦਾ ਹੈ।
ਜਿਸਨੂੰ ਉਹ ਦਰਿਆ ਕਹਿੰਦੇ ਨੇ, ਉਹ ਮਾਰੂਥਲ ਲਗਦਾ ਹੈ।

ਧੁੱਪਾਂ, ਪੱਤਝੜ, ਝੱਖੜ-ਝੋਲੇ, ਨੰਗੇ ਪਿੰਡੇ ਸਹਿ ਸਹਿ ਕੇ
ਫਿਰ ਹੀ ਉਹ ਰੁੱਤ ਆਉਂਦੀ ਹੈ ਜਦ ਰੁੱਖਾਂ ਨੂੰ ਫਲ ਲਗਦਾ ਹੈ।

ਕਿੰਨਾ ਸੁਹਣਾ ਸ਼ਹਿਰ ਹੈ ਤੇਰਾ, ਐਸ਼, ਨਜ਼ਾਰੇ, ਜਗਮਗ ਬਹੁਤ
ਸਚ ਪੁੱਛੇਂ ਤਾਂ ਕਦੇ ਕਦੇ ਇਹ ਮੈਨੂੰ ਜੰਗਲ ਲਗਦਾ ਹੈ।

ਗਲੀਆਂ ਦੇ ਵਿਚ ਮੌਤ ਦਾ ਹੋਕਾ ਸੁਣ ਕੇ ਮੈਂ ਖਾਮੋਸ਼ ਰਿਹਾ
ਜਦ ਵੀ ਸ਼ੀਸ਼ਾ ਵੇਖਾਂ, ਮੈਨੂੰ ਆਪਾ ਕਾਤਲ ਲਗਦਾ ਹੈ।

ਨੇਰ੍ਹੇ ਅੰਦਰ ਚਾਨਣ ਚਾਨਣ ਹਰ ਪਲ ਕੂਕੇ, ਹੈ ਇਹ ਕੌਣ?
‘ਮਾਨ’ ਕੋਈ ਇਹ ਸ਼ਾਇਰ ਹੈ ਜਾਂ ਫੱਕਰ, ਪਾਗਲ ਲਗਦਾ ਹੈ।
-----ਹਰਦਮ ਸਿੰਘ ਮਾਨ
(ਪੁਸਤਕ 'ਅੰਬਰਾਂ ਦੀ ਭਾਲ ਵਿਚ' ਚੋਂ)

Saturday, August 17, 2013

ਗ਼ਜ਼ਲ <>GAZAL / Hardam Singh Maan




ਘਰ ਵਿਚ ਹੈ ਖਾਮੋਸ਼ੀ ਸਾਡੇ ਮਨ ਵਿਚ ਹੈ ਕੁਹਰਾਮ।
ਹਰ ਪਲ ਲੜਦੇ ਰਹੀਏ ਸਾਡੇ ਸਮੇਂ ਦਾ ਇਹ ਸੰਗਰਾਮ।

ਰੋਜ਼ ਸਵੇਰੇ ਨਿਕਲਦੇ ਹਾਂ ਆਸਾਂ ਦੇ ਫੁੱਲ ਲੈ ਕੇ
ਸਾਡੀ ਤਲੀ ਤੇ ਧਰ ਜਾਂਦਾ ਹੈ ਕੌਣ ਉਦਾਸੀ ਸ਼ਾਮ

ਕਾਲਖ ਨੂੰ ਮੈਂ ਕਾਲਖ ਲਿਖਣਾ ਹੀ ਸੀ ਲਿਖ ਦਿੱਤਾ
ਮੇਰੇ ਸਿਰ ਤੇ ਸਜ‘ਗੇ ਦੁਨੀਆਂ ਭਰ ਦੇ ਸਭ ਇਲਜ਼ਾਮ

ਇਸ ਨਗਰੀ ਦੇ ਲੋਕੀਂ ਹੋ ਗਏ ਬਹੁਤ ਸਿਆਣੇ ਹੁਣ
ਛਿਪਦੇ ਨੂੰ ਨਾ ਵੇਖਣ, ਇਹ ਚੜ੍ਹਦੇ ਨੂੰ ਕਰਨ ਸਲਾਮ

ਕੋਈ ਤਾਂ ਹੈ ਅਗਨੀ ਜੋ ਵਸਦੀ ਮੇਰੇ ਅੰਦਰ
ਹਰ ਪਲ ਰਹਿੰਦੀ ਧੁਖਦੀ, ਨਾ ਦਿੰਦੀ ਕਰਨ ਆਰਾਮ

ਮਹਿਫ਼ਿਲ ਵਿਚ ਤਾਂ ਲਗਦੇ ਸੀ ਉਹ ਬੌਣੇ ਬੌਣੇ ਲੋਕ
ਬੂਹਿਆਂ ਉਤੇ ਚਿਪਕੇ ਸੀ ਪਰ ਵੱਡੇ ਵੱਡੇ ਨਾਮ।

ਵਗਦਾ ਸੀ ਤਾਂ ਨਿਰਮਲ ਜਲ ਸੀ, ਰੁਕਿਆ ਮੁਸ਼ਕ ਗਿਆ
ਤੁਰਿਆ ਜਾਵੇ 'ਮਾਨ' ਮੁਸਾਫਿਰ, ਵੰਡਦਾ ਇਹ ਪੈਗ਼ਾਮ।
-----ਹਰਦਮ ਸਿੰਘ ਮਾਨ
(ਪੁਸਤਕ 'ਅੰਬਰਾਂ ਦੀ ਭਾਲ ਵਿਚ' ਚੋਂ)



Friday, August 16, 2013

ਗ਼ਜ਼ਲ (GAZAL) / Hardam Singh Maan


ਹਾਮੀ ਭਾਵੇਂ ਸ਼ੀਸ਼ਿਆਂ ਦੀ ਹਰ ਸਮੇਂ ਭਰਦੇ ਨੇ ਲੋਕ।
ਪਰ ਕਲੋਲਾਂ ਪੱਥਰਾਂ ਦੇ ਨਾਲ ਹੀ ਕਰਦੇ ਨੇ ਲੋਕ।


ਗੈਰ ਜੇ ਹੌਕਾ ਭਰੇ ਤਾਂ ਉਹ ਵੀ ਲਗਦਾ ਜੁਰਮ ਹੈ
ਖ਼ੁਦ ਗੁਨਾਹ ਕਰਕੇ ਹਜਾਰਾਂ ਪਾਂਵਦੇ ਪਰਦੇ ਨੇ ਲੋਕ।


ਹੰਝੂਆਂ ਦਾ ਖਾਰਾ ਸਾਗਰ ਨਾ ਰਤਾ ਵੀ ਛਲਕਦਾ
ਹਾਸਿਆਂ ਨੂੰ ਬੁੱਲ੍ਹੀਆਂ ‘ਤੇ ਬੋਚ ਕੇ ਧਰਦੇ ਨੇ ਲੋਕ।


ਛਾਂਗਦੇ ਛਾਂਵਾਂ ਸੀ ਜਦ ਉਹ, ਰੁੱਖ ਨੂੰ ਪੁੱਛਿਆ ਕਿਸੇ
ਰੁੱਖ ਨੇ ਹੱਸ ਕੇ ਕਿਹਾ ਕਿ ਆਪਣੇ ਘਰ ਦੇ ਨੇ ਲੋਕ।


ਮੋਹ-ਮੁਹੱਬਤ, ਪਿਆਰ ਹੁਣ ਤਾਂ ਬਣ ਗਏ ਰਸਮਾਂ ਜਨਾਬ!
ਰਿਸ਼ਤਿਆਂ ਤੋਂ ਅੱਖ ਬਚਾ ਕੇ ਚੁਗਲੀਆਂ ਕਰਦੇ ਨੇ ਲੋਕ।


‘ਮਾਨ’ ਤੇਰੇ ਸ਼ਹਿਰ ਦਾ ਦਸਤੂਰ ਹੀ ਇਹ ਬਣ ਗਿਆ
ਊਣਿਆਂ ਨੂੰ ਹੋਰ ਊਣਾ, ਭਰਿਆਂ ਨੂੰ ਭਰਦੇ ਨੇ ਲੋਕ
-ਹਰਦਮ ਸਿੰਘ ਮਾਨ


Monday, February 18, 2013

ਗ਼ਜ਼ਲ / Hardam Singh Maan




ਪੱਥਰ ਅੱਗੇ ਸੀਸ ਨਿਵਾਉਣਾ ਆਉਂਦਾ ਨਈਂ।
ਲੋਕੀਂ ਆਖਣ ਰੱਬ ਧਿਆਉਣਾ ਆਉਂਦਾ ਨਈਂ।

ਅਸੀਂ ਤਾਂ ਦਰਦ ਹੰਢਾਇਆ ਪੂਰੀ ਸ਼ਿੱਦਤ ਨਾਲ
ਝੂਠੀ ਮੂਠੀ ਦਿਲ ਪਰਚਾਉਣਾ ਆਉਂਦਾ ਨਈਂ।

ਉਸ ਨੇ ਫੁੱਲਾਂ ਵਾਗੂੰ ਕਾਹਦਾ ਖਿੜਣਾ ਹੈ
ਕੰਡਿਆਂ ਨੂੰ ਤਾਂ ਸੀਨੇ ਲਾਉਣਾ ਆਉਂਦਾ ਨਈਂ।

ਤੇਰੇ ਤਗ਼ਮੇ ਹੋਣ ਮੁਬਾਰਕ ! ਤੈਨੂੰ ਹੀ
ਸਾਨੂੰ ਸ਼ਾਹੀ - ਰਾਗ ’ਚ ਗਾਉਣਾ ਆਉਂਦਾ ਨਈਂ।

ਯਾਰਾਂ ਖਾਤਰ ਹੋਏ ਹਾਂ ਨੀਲਾਮ ਅਸੀਂ
ਇਸ ਤੋਂ ਵੱਡਾ ਮੁੱਲ ਪਵਾਉਣਾ ਆਉਂਦਾ ਨਈਂ।

ਲੋਕ - ਰੰਗ ਵਿਚ ਰੰਗੀ ‘ਮਾਨ’ ਗ਼ਜ਼ਲ ਮੇਰੀ
ਸ਼ਬਦਾਂ ਦਾ ਇਹਨੂੰ ਜਾਲ ਵਿਛਾਉਣਾ ਆਉਂਦਾ ਨਈਂ।
- ਹਰਦਮ ਸਿੰਘ ਮਾਨ