Saturday, August 4, 2012

ਮੌਸਮੀ ਮਿਜ਼ਾਜ ’ਤੇ ਗ਼ਜ਼ਲ / Hardam Singh Maan




ਸਾਵਣ ਦੇ ਵੀ ਬੁੱਲ੍ਹ ਤਿਰਹਾਏ, ਏਸ ਵਰ੍ਹੇ।

ਖ਼ਾਬਾਂ ਵਿਚ ਮਾਰੂਥਲ ਛਾਏ, ਏਸ ਵਰ੍ਹੇ।


ਸਾਡੇ ਨੈਣੀਂ ਲੰਮੀਆਂ ਝੜੀਆਂ ਲੱਗੀਆਂ ਨੇ

ਹਾਏ ! ਸਾਵਣ ਸੁੱਕਾ ਜਾਏ, ਏਸ ਵਰ੍ਹੇ।


ਖੇਤਾਂ ਵਿਚ ਹਰਿਆਲੀ ਸੁੱਟੀ ਬੈਠੀ ਧੌਣ

ਘਰਾਂ ’ਚ ਰੀਝਾਂ, ਚਾਅ ਮੁਰਝਾਏ, ਏਸ ਵਰ੍ਹੇ।


ਖੂਬ ਵਰ੍ਹਾਂਗੇ ਇਸ ਵਾਰੀ ਜੋ ਕਹਿੰਦੇ ਸੀ

ਸਾਵਣ ਵਿਚ ਵੀ ਉਹ ਨਾ ਆਏ, ਏਸ ਵਰ੍ਹੇ।


ਕੋਇਲ ਵਿਚਾਰੀ ਕੂਕ ਕੂਕ ਕੇ ਹਾਰ ਗਈ

ਕਿਹੜਾ ਮਹਿਰਮ ਪਿਆਸ ਬੁਝਾਏ, ਏਸ ਵਰ੍ਹੇ।


ਸਾਵਣ ਦੇ ਅੰਨ੍ਹੇ ਤਾਂ ਭੋਲੇ - ਭਾਲੇ ਨੇ

ਇਹਨਾਂ ਨੂੰ ਕਿਹੜਾ ਸਮਝਾਏ, ਏਸ ਵਰ੍ਹੇ।


ਸੱਤਰੰਗੀ ਇਹ ਪੀਂਘ ਅਸੀਂ ਵੀ ਤੱਕਣੀ ਸੀ

ਪਲਕਾਂ ’ਤੇ ਹੰਝੂ ਲਟਕਾਏ, ਏਸ ਵਰ੍ਹੇ।

-ਹਰਦਮ ਸਿੰਘ ਮਾਨ

1 comment:

  1. ਸਭ ਕੁਝ ਕਹਿ ਗਈ ਇਹ ਗਜ਼ਲ !
    ਵਧੀਆ ਸ਼ਬਦ ਚੋਣ ਤੇ ਸੱਚ ਨੂੰ ਬਿਆਨਦੀ ਹੈ ਇਹ ਗਜ਼ਲ।
    ਖੂਬ ਵਰ੍ਹਾਂਗੇ ਇਸ ਵਾਰੀ ਜੋ ਕਹਿੰਦੇ ਸੀ
    ਸਾਵਣ ਵਿਚ ਵੀ ਉਹ ਨਾ ਆਏ, ਏਸ ਵਰ੍ਹੇ।
    ਮੌਨਸੂਨੀ ਹਵਾਵਾਂ ਇਸ ਵਾਰ ਫੇਰ ਧੋਖਾ ਦੇ ਗਈਆਂ।
    ਹਰਦੀਪ

    ReplyDelete