Wednesday, October 5, 2011

ਮਿੰਨੀ ਕਹਾਣੀ ਪੀੜ / Hardam Singh Maan

ਬੈਂਕ ਵਿਚ ਪੈਨਸ਼ਨ ਲੈਣ ਵਾਲਿਆਂ ਦੀ ਕਾਫੀ ਭੀੜ ਸੀ। ਲੰਮੀ ਲਾਈਨ ਲੱਗੀ ਹੋਈ ਸੀ। ਰੌਲਾ ਰੱਪਾ ਪੈ ਰਿਹਾ ਸੀ। ਢਾਈ ਢਾਈ ਸੌ ਬੁਢਾਪਾ ਪੈਨਸ਼ਨ ਪ੍ਰਾਪਤ ਕਰਨ ਵਾਲੇ ਬਜ਼ੁਰਗ ਇਕੇ ਦੂਜੇ ਤੋਂ ਅੱਗੇ ਹੋਣ ਲਈ ਕਾਹਲੇ ਸਨ। ਇਕ ਕਾਊਂਟਰ 'ਤੇ ਬੈਠਾ ਬੈਂਕ ਅਧਿਕਾਰੀ ਅੰਗੂਠਾ ਲਵਾ ਕੇ ਜਾਂ ਦਸਤਖਤ ਕਰਵਾ ਕੇ ਪੈਨਸ਼ਨ ਦੀ ਰਾਸ਼ੀ ਬਜ਼ੁਰਗਾਂ ਨੂੰ ਫੜਾ ਰਿਹਾ ਸੀ।
ਲਾਈਨ 'ਚ ਖੜ੍ਹਾ ਨਰੈਣਾ ਪਹਿਲੀ ਵਾਰ ਪੈਨਸ਼ਨ ਲੈਣ ਆਇਆ ਸੀ। ਉਸ ਦੇ ਮੂਹੋਂ ਆਪ ਮੁਹਾਰੇ ਕਦੇ ਕਦੇ 'ਹਾਇ, ਹਾਇ' ਨਿਕਲ ਜਾਂਦੀ। ਆਖਿਰ ਉਹਦੀ ਵਾਰੀ ਵੀ ਆ ਗਈ। ਅਫਸਰ ਨੇ ਉਸ ਨੂੰ ਫਾਰਮ 'ਤੇ ਅੰਗੂਠਾ ਲਾਉਣ ਲਈ ਕਿਹਾ ਤਾਂ ਨਰੈਣੇ ਨੇ ਲੰਮਾ ਹੌਕਾ ਭਰਿਆ 'ਜਾਇਦਾਦ ਦਾ ਮਾਲਕ ਸੀ ਮੈਂ ਵੀ। ਮਹਿੰ ਦੇ ਖੁਰ ਜਿੱਡੇ ਜਿੱਡੇ 10- 12 ਗੂਠੇ ਲਵਾ ਲਏ ਪੁੱਤ ਨੇ ਮੈਥੋਂ ਤੇ ਸਾਨੂੰ ਦੋਹਾਂ ਜੀਆਂ ਨੂੰ ਘਰੋਂ ਕੱਢ 'ਤਾ। ... ਨਹੀਂ ਮੈਂ ਆਹ ਨਿਗੂਣੀ ਪੈਂਸ਼ਨ ਖਾਤਰ ਐਂ ਲੈਨ 'ਚ ਖੜ੍ਹਦਾ?' ਉਹਦਾ ਗੱਚ ਭਰ ਆਇਆ।
'ਤੂੰ ਗੂਠਾ ਲਾ ਗੂਠਾ... ਐਵੇਂ ਫੋੜੇ ਆਂਗੂੰ ਹਰੇਕ ਕੋਲੇ ਫਿੱਸ ਪੈਂਨੈਂ। ਤੂੰ 'ਕੱਲਾ ਨੀਂ ਆਹ ਮਗਰ ਵੇਖ ਲੈ ਕਿੰਨੇ ਖੜ੍ਹੇ ਐ ਤੇਰੇ ਅਰਗੇ।' ਪਿੱਛੇ ਖੜ੍ਹੀ ਨਰੈਣੇ ਦੀ ਘਰ ਵਾਲੀ ਬੋਲੀ। ਨਰੈਣੇ ਨੇ ਸੋਟੀ 'ਤੇ ਭਾਰ ਦਿੰਦਿਆਂ ਪਿੱਛੇ ਨੂੰ ਮੂੰਹ ਭੰਵਾਇਆ ਤਾਂ ਉਸ ਦੀ ਨਜ਼ਰ ਪਟਵਾਰੀਆਂ ਦੇ ਪਿਓ ਜਾਗਰ ਸਿੰਘ ਨਾਲ ਜਾ ਟਕਰਾਈ ਜੋ ਉਸ ਦੀ ਘਰ ਵਾਲੀ ਦੇ ਮਗਰ ਖੜ੍ਹਾ ਸੀ।
'ਕੋਈ ਨੀਂ ਨਰੈਣ ਸਿੰਆਂ! ਦੜ ਵੱਟ ਦੜ। ਇਹ ਪੀੜ 'ਕੱਲੇ ਤੈਨੂੰ ਈ ਨਹੀਂ। ਜ਼ਮਾਨਾ ਈ ਐਸਾ ਆ ਗਿਐ। ਇਹ ਹਵਾ ਚਾਰੇ ਪਾਸੇ ਈ ਵਗ 'ਗੀ।' ਜਾਗਰ ਸਿੰਘ ਨੇ ਇਹ ਲਫ਼ਜ਼ ਕਹਿੰਦਿਆਂ ਖੱਬਾ ਹੱਥ ਛਾਤੀ 'ਤੇ ਰੱਖ ਲਿਆ।
-ਹਰਦਮ ਸਿੰਘ ਮਾਨ