Thursday, April 1, 2010

ਪਰਦਾ

ਗ਼ਜ਼ਲ/ਹਰਦਮ ਸਿੰਘ ਮਾਨ
ਮਨਾਂ ਅੰਦਰ, ਘਰਾਂ ਅੰਦਰ, ਹਰਿਕ ਥਾਂ ਫੈਲਿਆ ਪਰਦਾ।
ਇਵੇਂ ਲਗਦੈ ਕਿ ਅੱਜ ਕੱਲ੍ਹ ਆਦਮੀ ਵੀ ਹੈ ਨਿਰਾ ਪਰਦਾ।

ਬੜਾ ਹੀ ਫ਼ਖ਼ਰ ਸੀ ਉਸ ਨੂੰ ਕਿ ਕੱਜਦੈ ਆਬਰੂ ਸਭ ਦੀ
ਗਏ ਜਾਂ ਵਿਹੜੇ ਫੈਸ਼ਨ ਦੇ ਤਾਂ ਪਾਣੀ ਹੋ ਗਿਆ ਪਰਦਾ।

ਰਤਾ ਵੀ ਨਾ ਰਿਹਾ ਈਮਾਨ ਸਾਡੇ ਰਿਸ਼ਤਿਆਂ ਅੰਦਰ
ਚੁਰਾਹੇ ਵਿਚ ਹੈ ਲੀਰੋ ਲੀਰ ਨਿੱਤ ਦਿਨ ਹੋ ਰਿਹਾ ਪਰਦਾ।

ਤੇਰੇ ਪਰਦੇ 'ਚ ਕਿੰਨੇ ਹੋਰ ਪਰਦੇ ਜਾਣਦਾ ਹਾਂ ਮੈਂ
ਜਦੋਂ ਪਰਦੇ 'ਚ ਆਪਾ ਫੋਲਿਆ ਤਾਂ ਬੋਲਿਆ ਪਰਦਾ।

ਲਕੀਰਾਂ ਹੱਥ ਦੀਆਂ ਚੁੰਮਦੇ ਰਹੇ ਹਰ ਪਲ ਅਸੀਂ ਤਾਂ 'ਮਾਨ'
ਹਮੇਸ਼ਾ ਜ਼ਿੰਦਗੀ ਨੇ ਤਾਂ ਹੀ ਸਾਥੋਂ ਰੱਖਿਆ ਪਰਦਾ।