Wednesday, October 6, 2010

ਹਲਚਲ ਨਹੀਂ

ਗ਼ਜ਼ਲ/ਹਰਦਮ ਸਿੰਘ ਮਾਨ
ਭੀੜ ਹੈ, ਬਾਜ਼ਾਰ ਹੈ, ਪਰ ਕਿਧਰੇ ਵੀ ਹਲਚਲ ਨਹੀਂ।
ਕਿਸ ਤਰਾਂ ਦਾ ਸ਼ਹਿਰ ਹੈ, ਦਿਸਦੀ ਕੋਈ ਮਹਿਫ਼ਿਲ ਨਹੀਂ।

ਜੇ ਲਹੂ ਵਿਚ ਭਿੱਜ ਗਏ ਨੇ ਬੋਲ ਸਾਰੇ ਸ਼ਹਿਰ ਦੇ
ਕਿੰਜ ਕਹਾਂ ਫਿਰ ਦੋਸਤੋ ! ਮੈਂ ਕਤਲ ਵਿਚ ਸ਼ਾਮਿਲ ਨਹੀਂ।

ਬਿਸਤਰੇ ਵਿਚ ਲੇਟ ਕੇ ਅਕਸਰ ਬੜਾ ਮੈਂ ਸੋਚਦਾਂ
ਮੇਰਿਆਂ ਕਦਮਾਂ 'ਚ ਆ ਕੇ ਰੁਕਦੀ ਕਿਉਂ ਮੰਜ਼ਿਲ ਨਹੀਂ।

ਬਾਗ ਅੰਦਰ ਚਾਰੇ ਪਾਸੇ ਕਾਵਾਂ ਰੌਲੀ ਪੈ ਰਹੀ
ਹੁਣ ਕਿਸੇ ਵੀ ਟਹਿਣੀ ਉਤੇ ਕੂਕਦੀ ਕੋਇਲ ਨਹੀਂ।

ਮੁੱਦਤਾਂ ਤੋਂ ਤਰ ਰਹੇ ਹਾਂ ਏਸ ਨੂੰ ਚੁਪ ਚਾਪ ਹੀ
ਦਰਦ ਦੇ ਇਸ ਦਰਿਆ ਦਾ ਦਿਸਦਾ ਕਿਤੇ ਸਾਹਿਲ ਨਹੀਂ।

ਖਾਹ ਮਖਾਹ ਨਾ ਕਰ ਜਮ੍ਹਾਂ ਤੂੰ ਮੈਨੂੰ ਆਪਣੇ ਆਪ ਵਿਚ
ਮੈਂ ਅਜਿਹਾ ਹਿੰਦਸਾ ਹਾਂ ਜਿਸ ਦਾ ਕੋਈ ਹਾਸਿਲ ਨਹੀਂ।

Friday, August 20, 2010

ਦਲਦਲ

ਗ਼ਜ਼ਲ/ਹਰਦਮ ਸਿੰਘ ਮਾਨ
ਚਾਰ ਚੁਫੇਰੇ ਦਲਦਲ ਦਲਦਲ।
ਯਾਰੋ! ਤੁਰਨਾ ਸੰਭਲ ਸੰਭਲ।

ਰੁੱਤਾਂ ਸਖਤ ਕੁਰੱਖਤ ਨੇ ਬਹੁਤ
ਜਜ਼ਬੇ ਸਾਡੇ ਕੋਮਲ ਕੋਮਲ।

ਰਖਵਾਲੇ ਕੌਣ, ਲੁਟੇਰੇ ਕੌਣ?
ਸਾਰੇ ਸ਼ਹਿਰ 'ਚ ਮੱਚੀ ਹਲਚਲ।

ਵਿਸ਼ਵਾਸ, ਵਫ਼ਾ ਤਾਂ ਵਸਤਰ ਨੇ
ਲੋਕ ਬਦਲਦੇ ਛਿਣ ਛਿਣ, ਪਲ ਪਲ।

ਖ਼ੁਦਗਰਜ਼ੀ ਦੇ ਅੰਨ੍ਹੇ ਯੁਗ ਵਿਚ
ਹਰ ਬੰਦਾ ਹੈ ਦੌੜ 'ਚ ਸ਼ਾਮਲ।

ਪੈਸਾ, ਪਦਵੀ, ਚੌਧਰ, ਸ਼ੁਹਰਤ
ਹਾਏ! ਸਾਡੇ ਕਿੰਨੇ ਕਾਤਲ।

Wednesday, July 21, 2010

ਬੂਹੇ ਬਾਰੀਆਂ

ਗ਼ਜ਼ਲ/ਹਰਦਮ ਸਿੰਘ ਮਾਨ
ਬਹੁਤ ਕੁਝ ਇਹ ਕਹਿਣ ਬੂਹੇ ਬਾਰੀਆਂ।
ਮਾਰ ਅੰਦਰ ਤੂੰ ਕਦੇ ਤਾਂ ਝਾਤੀਆਂ।

ਪੈਰ ਧਰਨੇ ਸਿੱਖ ਪਹਿਲਾਂ ਧਰਤ 'ਤੇ
ਅੰਬਰਾਂ ਵਿਚ ਫੇਰ ਲਾਈਂ ਤਾਰੀਆਂ।

ਸੁਪਨਿਆਂ ਦੀ ਸਰਜ਼ਮੀਂ ਜ਼ਰਖੇਜ ਹੈ
ਬੈਠ ਨਾ ਤੂੰ ਢਾਹ ਕੇ ਏਦਾਂ ਢੇਰੀਆਂ।

ਬਦਲਿਆ ਮੌਸਮ ਹੈ ਏਨਾ ਸ਼ਹਿਰ ਦਾ
ਠੰਡੀਆਂ ਪੌਣਾਂ ਵੀ ਅਕਸਰ ਲੂੰਹਦੀਆਂ।

ਕੰਧਾਂ ਦਾ ਵੀ ਆਪਣਾ ਇਤਿਹਾਸ ਹੈ
ਹਰ ਸਮੇਂ ਖਾਮੋਸ਼ ਨਾ ਇਹ ਰਹਿੰਦੀਆਂ।

ਬੰਦਾ ਪੂਰਾ ਹੋ ਗਿਆ, ਹੁਣ ਸ਼ਾਂਤ ਹੈ
ਖਾਹਿਸ਼ਾਂ ਹਾਏ! ਨਾ ਹੋਈਆਂ ਪੂਰੀਆਂ।

Monday, May 17, 2010

ਸਮੇਂ ਦੀ ਅੱਖ

ਗ਼ਜ਼ਲ/ਹਰਦਮ ਸਿੰਘ ਮਾਨ
ਸੁਪਨਿਆਂ ਦੀ ਧਰਤ ਬੰਜਰ ਇਸ ਸਮੇਂ ਦੀ ਅੱਖ ਵਿਚ।
ਦੂਰ ਤੱਕ ਖੰਡਰ ਹੀ ਖੰਡਰ ਇਸ ਸਮੇਂ ਦੀ ਅੱਖ ਵਿਚ।

ਉਪਜਦੇ ਨੇ ਦਰਦ, ਪੀੜਾਂ, ਹੌਕੇ, ਹੰਝੂ ਨਿਤ ਨਵੇਂ
ਬੀਜ ਦਿੱਤੇ ਕਿਸ ਨੇ ਕੰਕਰ ਇਸ ਸਮੇਂ ਦੀ ਅੱਖ ਵਿਚ।

ਮੋਤੀਆਂ ਦੇ ਢੇਰ ਉਤੇ ਕਾਵਾਂ ਰੌਲੀ ਪੈ ਰਹੀ
ਚੁਗ ਰਹੇ ਨੇ ਹੰਸ ਪੱਥਰ ਇਸ ਸਮੇਂ ਦੀ ਅੱਖ ਵਿਚ।

ਕਿਸ ਹਵਾ ਨੇ ਡਸ ਲਿਆ ਹੈ ਇਹਨਾਂ ਦਾ ਅਣਖੀ ਜਲੌਅ
ਸ਼ਾਂਤ ਕਿਉਂ ਨੇ ਸਭ ਇਹ ਅੱਖਰ ਇਸ ਸਮੇਂ ਦੀ ਅੱਖ ਵਿਚ।

ਹੁਣ ਤਾਂ ਚਿਹਰੇ ਨਿਕਲਦੇ ਨੇ ਪਹਿਨ ਕੇ ਹਰ ਪਲ ਨਕਾਬ
ਗ਼ੈਰ ਹੁਣ ਲਗਦੇ ਨੇ ਮਿੱਤਰ ਇਸ ਸਮੇਂ ਦੀ ਅੱਖ ਵਿਚ।

ਉਹ ਮਨਾਉਂਦੇ ਨੇ ਜਸ਼ਨ, ਕਹਿੰਦੇ ਨਵਾਂ ਇਹ ਦੌਰ ਹੈ
ਵਿਛ ਰਹੇ ਨੇ ਥਾਂ ਥਾਂ ਸੱਥਰ ਇਸ ਸਮੇਂ ਦੀ ਅੱਖ ਵਿਚ।

ਆਓ ਰਲ ਮਿਲ ਡੀਕ ਜਾਈਏ ਇਸ ਦਾ ਕਤਰਾ ਕਤਰਾ 'ਮਾਨ'
ਦਰਦ ਦਾ ਵਗਦਾ ਸਮੁੰਦਰ ਇਸ ਸਮੇਂ ਦੀ ਅੱਖ ਵਿਚ।

Thursday, April 1, 2010

ਪਰਦਾ

ਗ਼ਜ਼ਲ/ਹਰਦਮ ਸਿੰਘ ਮਾਨ
ਮਨਾਂ ਅੰਦਰ, ਘਰਾਂ ਅੰਦਰ, ਹਰਿਕ ਥਾਂ ਫੈਲਿਆ ਪਰਦਾ।
ਇਵੇਂ ਲਗਦੈ ਕਿ ਅੱਜ ਕੱਲ੍ਹ ਆਦਮੀ ਵੀ ਹੈ ਨਿਰਾ ਪਰਦਾ।

ਬੜਾ ਹੀ ਫ਼ਖ਼ਰ ਸੀ ਉਸ ਨੂੰ ਕਿ ਕੱਜਦੈ ਆਬਰੂ ਸਭ ਦੀ
ਗਏ ਜਾਂ ਵਿਹੜੇ ਫੈਸ਼ਨ ਦੇ ਤਾਂ ਪਾਣੀ ਹੋ ਗਿਆ ਪਰਦਾ।

ਰਤਾ ਵੀ ਨਾ ਰਿਹਾ ਈਮਾਨ ਸਾਡੇ ਰਿਸ਼ਤਿਆਂ ਅੰਦਰ
ਚੁਰਾਹੇ ਵਿਚ ਹੈ ਲੀਰੋ ਲੀਰ ਨਿੱਤ ਦਿਨ ਹੋ ਰਿਹਾ ਪਰਦਾ।

ਤੇਰੇ ਪਰਦੇ 'ਚ ਕਿੰਨੇ ਹੋਰ ਪਰਦੇ ਜਾਣਦਾ ਹਾਂ ਮੈਂ
ਜਦੋਂ ਪਰਦੇ 'ਚ ਆਪਾ ਫੋਲਿਆ ਤਾਂ ਬੋਲਿਆ ਪਰਦਾ।

ਲਕੀਰਾਂ ਹੱਥ ਦੀਆਂ ਚੁੰਮਦੇ ਰਹੇ ਹਰ ਪਲ ਅਸੀਂ ਤਾਂ 'ਮਾਨ'
ਹਮੇਸ਼ਾ ਜ਼ਿੰਦਗੀ ਨੇ ਤਾਂ ਹੀ ਸਾਥੋਂ ਰੱਖਿਆ ਪਰਦਾ।

Monday, March 8, 2010

ਅਜੋਕੇ ਦੌਰ ਵਿਚ

ਗ਼ਜ਼ਲ/ਹਰਦਮ ਸਿੰਘ ਮਾਨ
ਵਧੀ ਹੈ ਨੇੜਤਾ ਜਿਉਂ ਜਿਉਂ, ਦਿਲਾਂ ਵਿਚ ਫ਼ਾਸਲਾ ਹੋਇਆ।
ਅਜੋਕੇ ਦੌਰ ਵਿਚ ਇਹ ਕਿਸ ਤਰਾਂ ਦਾ ਹਾਦਸਾ ਹੋਇਆ।

ਮਨਾਂ 'ਤੇ ਸਹਿਮ ਦਾ ਪਰਛਾਵਾਂ ਵਧਦਾ ਜਾ ਰਿਹਾ ਹਰ ਪਲ
ਅਸਾਥੋਂ ਬੀਤੇ ਮੌਸਮ ਤੇ ਨਾ ਕੋਈ ਤਬਸਰਾ ਹੋਇਆ।

ਹਨੇਰੀ ਰਾਤ ਹੈ, ਕਾਤਿਲ ਹੈ ਤੇ ਮਾਸੂਮ ਤਾਰੇ ਨੇ,
ਤੇਰੇ ਹੀ ਸ਼ਹਿਰ ਦਾ ਮੁਨਸਿਫ਼ ਹੈ ਕਿਧਰੇ ਲਾਪਤਾ ਹੋਇਆ।

ਹਨੇਰਾ ਸੰਘਣਾ ਹੈ ਹੋ ਰਿਹਾ ਹਰ ਪਲ ਘਰਾਂ ਅੰਦਰ
ਬਨੇਰੇ ਆਪਣੇ 'ਤੇ ਸਾਥੋਂ ਨਾ ਦੀਵਾ ਜਗਾ ਹੋਇਆ।

ਖ਼ਬਰ ਪਹਿਲੇ ਸਫੇ 'ਤੇ ਛਪ ਰਹੀ ਹੈ 'ਠੀਕ ਹੈ ਸਭ ਕੁੱਝ'
ਨਗਰ ਆਪਣੇ 'ਚ ਵੇਖਾਂ ਹਰ ਬਸ਼ਰ ਮੈਂ ਵਿਲਕਦਾ ਹੋਇਆ।

Sunday, February 7, 2010

ਕਿਰਦਾਰ ਨੇ ਵਿਕਾਊ

ਗ਼ਜ਼ਲ/ਹਰਦਮ ਸਿੰਘ ਮਾਨ
ਕਿਰਦਾਰ ਨੇ ਵਿਕਾਊ, ਈਮਾਨ ਵਿਕ ਰਹੇ ਨੇ।
ਹੁਣ ਤਾਂ ਸ਼ਰੇ-ਬਜ਼ਾਰੀਂ ਇਨਸਾਨ ਵਿਕ ਰਹੇ ਨੇ।

ਨਾ ਦਰਦ ਕੋਈ ਜਾਣੇ, ਨਾ ਰੋਗ ਨੂੰ ਪਛਾਣੇ
ਇਸ ਸ਼ਹਿਰ ਵਿਚ ਮਸੀਹਾ, ਲੁਕਮਾਨ ਵਿਕ ਰਹੇ ਨੇ।

ਹਵਸਾਂ ਦੇ ਦੌਰ ਅੰਦਰ ਇਹ ਹਾਦਸਾ ਸੀ ਹੋਣਾ
ਦਿਲ, ਜਾਨ, ਰੀਝਾਂ, ਸੱਧਰਾਂ, ਅਰਮਾਨ ਵਿਕ ਰਹੇ ਨੇ।

ਇਹ ਸ਼ਹਿਰ ਪੱਥਰਾਂ ਦਾ, ਪੱਥਰ ਹੀ ਪੂਜਦਾ ਹੈ
ਏਥੇ ਗਲੀ ਗਲੀ ਵਿਚ ਭਗਵਾਨ ਵਿਕ ਰਹੇ ਨੇ।

ਤੂੰ, ਮੈਂ ਤਾਂ ਆਮ ਵਸਤੂ, ਕੀ ਆਪਣੀ ਹੈ ਹਸਤੀ
ਚਾਂਦੀ ਦੇ ਪੰਨਿਆਂ 'ਤੇ ਵਿਦਵਾਨ ਵਿਕ ਰਹੇ ਨੇ।

ਸਿਰਤਾਜ, ਤਖ਼ਤ, ਸ਼ੁਹਰਤ, ਸਨਮਾਨ 'ਮਾਨ' ਕੀ ਕੀ
ਥਾਂ ਥਾਂ ਟਕੇ ਟਕੇ ਵਿਚ ਧਨਵਾਨ ਵਿਕ ਰਹੇ ਨੇ।

Sunday, January 31, 2010

ਮਿੰਨੀ ਕਹਾਣੀ

ਰਿਸ਼ਤਾ/ ਹਰਦਮ ਸਿੰਘ ਮਾਨ
ਪਿੰਡ ਦੇ ਬੱਸ ਅੱਡੇ ਤੇ ਟਾਵੀਂ ਟਾਵੀਂ ਸਵਾਰੀ ਸੀ। ਸ਼ਹਿਰ ਜਾਣ ਵਾਲੀ ਬੱਸ ਆਉਣ ਵਿਚ ਅਜੇ ਕਾਫੀ ਸਮਾਂ ਪਿਆ ਸੀ। ਬੱਸ ਅੱਡੇ ਦੇ ਇਕ ਪਾਸੇ ਇਕ ਨੌਜਵਾਨ ਇਕ ਬਿਰਧ ਔਰਤ ਦੀ ਸੇਵਾ ਵਿਚ ਜੁਟਿਆ ਹੋਇਆ ਸੀ। ਕਦੇ ਉਹ ਆਪਣੇ ਥੈਲੇ ਚੋਂ ਕੱਢ ਕੇ ਉਸ ਔਰਤ ਨੂੰ ਕੋਕ ਪਿਆਉਂਦਾ, ਕਦੇ ਕੋਈ ਫਲ ਫੜਾਉਂਦਾ ਤੇ ਕਦੇ ਮਠਿਆਈ ਕੱਢ ਕੇ ਦਿੰਦਾ। ਬਿਰਧ ਔਰਤ ਤੋਂ ਇਸ ਤਰਾਂ ਆਪਾ ਵਾਰਨ ਦੀ ਸੇਵਾ-ਭਾਵਨਾ ਵੇਖ ਰਹੇ ਇਕ ਅਧਖੜ ਜਿਹੇ ਵਿਅਕਤੀ ਤੋਂ ਰਿਹਾ ਨਾ ਗਿਆ ਅਤੇ ਨੌਜਵਾਨ ਦੇ ਕੋਲ ਜਾ ਕੇ ਆਖਿਰ ਉਸ ਨੇ ਪੁੱਛ ਹੀ ਲਿਆ 'ਇਹ ਤੇਰੀ ਭੂਆ ਲਗਦੀ ਐ'
'ਹਾਂ' ਨੌਜਵਾਨ ਨੇ ਇਕ ਦਮ ਕਹਿ ਤਾਂ ਦਿੱਤਾ ਪਰ ਨਾਲ ਹੀ ਤ੍ਰਬਕ ਪਿਆ ਕਿ ਇਸ ਓਪਰੇ ਆਦਮੀ ਨੂੰ ਇਹ ਕਿਵੇਂ ਪਤਾ ਲੱਗਿਆ।
'ਤੁਸੀਂ ਕਚਹਿਰੀ ਜਾਣੈ?' ਅੱਧਖੜ੍ਹ ਜਿਹੇ ਵਿਅਕਤੀ ਨੇ ਫੇਰ ਪੁੱਛਿਆ।
'ਹਾਂ...ਪਰ ਥੋਨੂੰ ਇਹ ਕੀਹਨੇ ਦੱਸਿਐ?' ਨੌਜਵਾਨ ਤੇ ਚਿਹਰੇ 'ਤੇ ਹੈਰਾਨੀ ਸੀ।
'ਮੈਨੂੰ ਤਾਂ ਇਹ ਵੀ ਪਤੈ ਕਿ ਉਥੇ ਜਾ ਕੇ ਨੂੰ ਇਸ ਔਰਤ ਤਾ 'ਗੂਠਾ' ਲਵਾਉਣੈ।'
'ਹੈਂਅ ... ਥੋਨੂੰ ਇਹ ਸਭ ਕੁਛ ਕਿਵੇਂ ਪਤਾ ਲੱਗਾ।' ਨੌਜਵਾਨ ਅਚੰਭਿਤ ਸੀ।
'ਪਤਾ... ਲੈ ਇਹ ਵੀ ਕੋਈ ਅਲੋਕਾਰ ਗੱਲ ਐ... ਹਰ ਸਿਆਣਾ ਬੰਦਾ ਜਾਣਦੈ ਕਿ ਬੁੱਢੇ-ਵਾਰੇ ਭੂਆ ਦੀ ਟਹਿਲ ਸੇਵਾ ਸਿਰਫ ਕਚਹਿਰੀ ਵਿਚ ਗੂਠਾ ਲਵਾਉਣ ਵਾਸਤੇ ਈ ਕੀਤੀ ਜਾਂਦੀ ਹੈ ਤਾਂ ਕਿ ਉਹ ਆਵਦੇ ਹਿੱਸੇ ਦੀ ਜੈਦਾਦ...।' ਅਧਖੜ੍ਹ ਵਿਅਕਤੀ ਬੋਲ ਰਿਹਾ ਸੀ ਪਰ ਨੌਜਵਾਨ ਸੁੰਨ ਹੋਇਆ ਖੜ੍ਹਾ ਸੀ।

Monday, January 11, 2010

ਜ਼ਿੰਦਗੀ ਦੀ ਸ਼ਾਨ

ਗ਼ਜ਼ਲ/ਹਰਦਮ ਸਿੰਘ ਮਾਨ
ਖੁਸ਼ਕ ਲਿਖ, ਬੇਨੂਰ ਲਿਖ ਤੇ ਉਡ ਗਈ ਮੁਸਕਾਨ ਲਿਖ।
ਪਹਿਲਾਂ ਵਾਲੀ ਨਾ ਰਹੀ ਹੁਣ ਜ਼ਿੰਦਗੀ ਦੀ ਸ਼ਾਨ ਲਿਖ।

ਡਲ੍ਹਕਦੇ ਨੈਣਾਂ 'ਚ ਸੁਪਨੇ ਹੋ ਰਹੇ ਨੀਲਾਮ ਨੇ
ਕੱਚੀਆਂ ਲਗਰਾਂ ਦੇ ਥਾਂ ਥਾਂ ਸਿਸਕਦੇ ਅਰਮਾਨ ਲਿਖ।

ਤਿੜਕਦਾ ਵਿਸ਼ਵਾਸ ਤੱਕ, ਨਹੁੰਆਂ ਤੋਂ ਟੁੱਟਦਾ ਮਾਸ ਤੱਕ
ਪਿੰਡ ਵਿਚ ਅੱਜ ਕੱਲ੍ਹ ਕੋਈ ਹੁੰਦਾ ਨਹੀਂ ਹੈਰਾਨ ਲਿਖ।

ਯਾਰ ਨੂੰ, ਦਿਲਦਾਰ ਨੂੰ, ਸਰਕਾਰ ਨੂੰ ਖ਼ਤ ਲਿਖਦੇ ਵਕਤ
ਖਾਹਿਸ਼ਾਂ ਵਿਚ ਜ਼ਜਬ ਹੋਈ ਬੰਦੇ ਦੀ ਪਹਿਚਾਨ ਲਿਖ।

ਜ਼ਰਦ ਚਿਹਰੇ, ਸਹਿਮ, ਡਰ ਤੇ ਚਾਰੇ ਪਾਸੇ ਚੁੱਪ ਚਾਂ
ਸ਼ਹਿਰ ਵੀ ਹੁਣ ਜਾਪਦੇ ਨੇ ਜਿਉਂ ਕੋਈ ਸ਼ਮਸ਼ਾਨ ਲਿਖ।

ਮੁੱਠ ਹੱਡੀਆਂ ਸਾਂਭ ਕੇ, ਸਾਹਾਂ ਦੀ ਪੂੰਜੀ ਜੋੜ ਕੇ
ਜ਼ਿੰਦਗੀ ਤੇ ਕਰ ਰਿਹੈ ਹਰ ਆਦਮੀ ਅਹਿਸਾਨ ਲਿਖ।

ਜੇ ਗ਼ਜ਼ਲ ਦੀ ਮਹਿਕ ਚਾਹੁਨੈ ਪਿੰਡ ਦੀ ਹਰ ਜੂਹ ਤੀਕ
ਕਿਰਤ ਲਿਖ, ਈਮਾਨ ਲਿਖ, ਮਜ਼ਦੂਰ ਲਿਖ, ਕਿਰਸਾਨ ਲਿਖ।

Sunday, January 3, 2010

ਮਿੰਨੀ ਕਹਾਣੀ
ਜ਼ਿੰਦਗੀ / ਹਰਦਮ ਸਿੰਘ ਮਾਨ
ਸੱਠਾਂ ਨੂੰ ਢੁੱਕ ਚੁੱਕੇ ਭਜਨ ਸਿਹੁੰ ਨੇ ਪੂਰੇ ਪੈਂਤੀ ਸਾਲ ਸਮਾਜ ਸੇਵਾ ਦੇ ਕੰਮਾਂ ਨੂੰ ਸਮੱਰਿਪਤ ਕਰ ਦਿੱਤੇ ਸਨ। ਉਸ ਦੇ ਆਂਢ-ਗੁਆਂਢ, ਰਿਸ਼ਤੇਦਾਰੀ ਜਾਂ ਸੱਜਣ-ਮਿੱਤਰਾਂ ਦੇ ਦਾਇਰੇ ਵਿਚ ਕਿਸੇ ਨੂੰ ਕੋਈ ਦੁੱਖ ਤਕਲੀਫ਼ ਹੁੰਦੀ ਤਾਂ ਉਹ ਹਰ ਕਿਸੇ ਲਈ ਦਾਰੂ ਬਣ ਕੇ ਬਹੁੜਦਾ। ਦੂਜਿਆਂ ਦੀ ਖੁਸ਼ੀ ਮੌਕੇ ਵੀ ਉਹ ਖੀਵਾ ਹੋ ਜਾਂਦਾ। ਨਾ ਉਹ ਥਕਦਾ ਸੀ ਅਤੇ ਨਾ ਹੀ ਕਦੇ ਅਕਦਾ। ਦਿਨ ਹੋਵੇ ਜਾਂ ਰਾਤ ਉਸ ਨੂੰ ਕਿਸੇ ਨੇ ਕਿਸੇ ਲੋਕ-ਕਾਜ ਲਈ ਆਵਾਜ਼ ਮਾਰ ਲਈ ਤਾਂ ਉਹ ਝੱਟ ਉਠ ਕੇ ਨਾਲ ਤੁਰ ਪੈਂਦਾ।
ਇਕ ਰਾਤ ਜਦੋਂ ਉਹ ਆਪਣੇ ਗੁਆਂਢੀ ਪ੍ਰੀਤਮ ਸਿੰਘ ਨੂੰ ਬੀਮਾਰੀ ਦੀ ਹਾਲਤ ਵਿਚ ਚੰਡੀਗੜ੍ਹ ਹਸਪਤਾਲ ਲਈ ਲਿਜਾ ਰਿਹਾ ਸੀ ਤਾਂ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਭਜਨ ਸਿੰਘ ਦੀ ਜਾਨ ਤਾਂ ਬਚ ਗਈ ਪਰ ਉਹ ਦੋਹਾਂ ਅੱਖਾਂ ਤੋਂ ਮੁਥਾਜ ਹੋ ਗਿਆ। ਉਹ ਮੰਜੇ ਨਾਲ ਜੁੜ ਕੇ ਰਹਿ ਗਿਆ। ਉਸ ਦੀ ਦੁਨੀਆਂ ਵਿਚ ਹਨੇਰ ਪਸਰਿਆਂ ਪੰਜ ਸਾਲ ਬੀਤ ਗਏ ਸਨ ਪਰ ਉਸ ਦੀ ਦਮਦਾਰ ਆਵਾਜ਼ ਅਜੇ ਵੀ ਉਸ ਦੀ ਜ਼ਿੰਦਾਦਿਲੀ ਦੀ ਹਾਮੀ ਭਰਦੀ ਸੀ। ਲੋਕ ਆਉਂਦੇ, ਉਹਦਾ ਹਲਾ ਚਾਲ ਪੁਛਦੇ ਤਾਂ ਉਸ ਦਾ ਅੱਗੋਂ ਜਵਾਬ ਹੁੰਦਾ 'ਮੈਨੂੰ ਕੀ ਹੋਇਐ। ਮੈਂ ਤਾਂ ਘੋੜੇ ਅਰਗਾ ਕਾਇਮ ਐਂ।'
ਇਕ ਦਿਨ ਅਚਾਨਕ ਭਜਨ ਸਿਹੁੰ ਨੂੰ ਦਿਲ ਵਾਲੇ ਪਾਸੇ ਦਰਦ ਦੀ ਸ਼ਿਕਾਇਤ ਹੋਈ। ਤੁਰੰਤ ਡਾਕਟਰ ਬੁਲਾਇਆ ਪਰ ਖਤਰੇ ਵਾਲੀ ਕੋਈ ਗੱਲ ਨਹੀਂ ਸੀ। ਪਿੰਡ ਵਿਚ ਪਤਾ ਲਗਦਿਆਂ ਹੀ ਉਸ ਦੀ ਖ਼ਬਰਸਾਰ ਲੈਣ ਦੀ ਵਾਲਿਆਂ ਦੀ ਗਿਣਤੀ ਹੋਰ ਵਧ ਗਈ। ਸ਼ਾਮ ਵੇਲੇ ਉਹ ਬਿਸਤਰੇ ਦਾ ਢੋਅ ਲਾ ਕੇ ਮੰਜੇ ਤੇ ਬੈਠਾ ਸੀ ਕਿ ਪਿੰਡ ਚੋਂ ਉਸ ਦੀ ਭਰਜਾਈ ਤੇਜ਼ ਕੌਰ ਵੀ ਉਸ ਦਾ ਪਤਾ ਲੈਣ ਆਈ 'ਵੇ ਭਜਨਿਆਂ!... ਦਿਸਦਾ ਤੈਨੂੰ ਨੀਂ, ਗੁਰਦੇ ਤੇਰੇ ਨੀਂ ਕੰਮ ਕਰਦੇ। ਲਕਵੇ ਤੋਂ ਤੂੰ ਮਸਾਂ ਬਚਿਐਂ ਤੇ ਦਿਲ ਦਾ ਦੌਰੇ ਦੀ ਕਸਰ ਸੀ ਉਹ ਵੀ ਪੂਰੀ ਹੋ ਗਈ। ਹੁਣ ਤਾਂ ਬੱਸ ਮੂੰਹ ਢਕਣਾ ਈ ਬਾਕੀ ਰਹਿ ਗਿਆ...' ਤੇਜ਼ ਕੌਰ ਅਜੇ ਬੋਲ ਹੀ ਰਹੀ ਸੀ ਕਿ ਭਜਨ ਸਿੰਘ ਨੇ ਆਪਣੇ ਵੱਡੇ ਮੁੰਡੇ ਨੂੰ ਆਵਾਜ਼ ਦਿੱਤੀ 'ਆਹ ਕੁਲਹਿਣੀ ਨੂੰ ਮੇਰੇ ਕਮਰੇ ਚੋਂ ਦਫਾ ਕਰ ਓਏ। ਇਹ ਮੇਰਾ ਪਤਾ ਲੈਣ ਆਈ ਐ ਕਿ...।'