Saturday, November 21, 2009

ਮਨ ਦੇ ਵਿਹੜੇ

ਗ਼ਜ਼ਲ/ਹਰਦਮ ਸਿੰਘ ਮਾਨ
ਆਪਣੇ ਘਰ ਦੀ ਪਤਝੜ ਏਦਾਂ ਦੂਰ ਭਜਾਵਾਂ ਮੈਂ।
ਮਨ ਦੇ ਵਿਹੜੇ ਨਿੱਤ ਨਵੇਂ ਕੁੱਝ ਫੁੱਲ ਸਜਾਵਾਂ ਮੈਂ।

ਰੋਜ਼ ਸਵੇਰੇ ਵੇਖਾਂ ਉੱਗੇ, ਦਸ ਸਿਰ ਹੋਰ ਨਵੇਂ
ਆਪਣੇ ਮਨ ਦਾ ਰਾਵਣ ਸ਼ਾਮੀਂ ਰੋਜ਼ ਜਲਾਵਾਂ ਮੈਂ।

ਤਨ-ਧਰਤੀ ਦਾ ਕੋਨਾ ਕੋਨਾ ਇਕ ਪਲ 'ਚ ਗਾਹ ਲਵਾਂ
ਮਨ-ਅੰਬਰ ਦੀ ਪਰਕਰਮਾ ਦੀ ਥਾਹ ਨਾ ਪਾਵਾਂ ਮੈਂ।

ਉਸ ਪੱਥਰ ਦਾ ਮਨ ਵੀ ਸ਼ਾਇਦ ਕਦੇ ਤਾਂ ਪਿਘਲ ਪਵੇ
ਸ਼ਾਮ ਸਵੇਰੇ ਕਿੰਨੇ ਹੀ ਫੁੱਲ ਬਲੀ ਚੜ੍ਹਾਵਾਂ ਮੈਂ।

ਭਟਕੇ ਸੁਪਨੇ ਜਿੱਥੇ ਬਹਿ ਕੇ ਕੁਝ ਪਲ ਕਰਨ ਆਰਾਮ
ਮਨ ਦੀ ਦੁਨੀਆਂ ਅੰਦਰ ਲੱਭਾਂ ਉਹ ਸਿਰਨਾਵਾਂ ਮੈਂ।

ਸ਼ੀਸ਼ਾ ਮੈਨੂੰ 'ਮੁਜਰਿਮ ਮੁਜਰਿਮ' ਆਖੇ ਅਕਸਰ 'ਮਾਨ'
ਨੇਰ੍ਹੇ ਦੀ ਸੱਥ ਅੰਦਰ ਬਹਿ ਕੇ 'ਜੱਜ' ਕਹਾਵਾਂ ਮੈਂ।

ਇਨਸਾਨਾਂ ਦੀ ਖੁਸ਼ਬੂ ਲੱਭਦੈ ਇਸ ਨਗਰੀ ਚੋਂ 'ਮਾਨ'
ਬੱਚਿਆਂ ਵਰਗੇ ਭੋਲੇ ਮਨ ਨੂੰ ਕਿੰਜ ਸਮਝਾਵਾਂ ਮੈਂ।

Sunday, November 8, 2009

ਸਿਦਕ ਦੇ ਸਾਹਵੇਂ

ਗ਼ਜ਼ਲ/ਹਰਦਮ ਸਿੰਘ ਮਾਨ
ਸਿਦਕ ਦੇ ਸਾਹਵੇਂ ਸਿਤਮ ਉਹਦੇ ਨੇ ਹਰਨਾ ਹੈ ਹਰ ਹਾਲ।
ਰਿਸਦੇ ਜ਼ਖ਼ਮਾਂ ਨੇ ਵੀ ਇਕ ਦਿਨ ਭਰਨਾ ਹੈ ਹਰ ਹਾਲ।

ਨੰਗੇ ਪੈਰੀਂ, ਤੱਤੀ ਰੇਤ ਦਾ ਕਣ ਕਣ ਛਾਣ ਲਵੀਂ
ਜੀਵਨ ਦਾ ਇਹ ਮਾਰੂਥਲ ਸਰ ਕਰਨਾ ਹੈ ਹਰ ਹਾਲ।

ਹਰ ਪਾਸੇ ਨੇ ਖੁਸ਼ਕ ਹਵਾਵਾਂ, ਉਤੋਂ ਲੰਮੀ ਔੜ
ਨੈਣਾਂ ਦੇ ਸਾਵਣ ਨੇ ਐਪਰ ਵਰਨ੍ਹਾ ਹੈ ਹਰ ਹਾਲ।

ਡਰ ਨਾ ਏਸ ਹਨੇਰੇ ਤੋਂ, ਜਾਰੀ ਰੱਖ ਇਹ ਪਰਵਾਜ਼
ਕਾਲੀ ਰਾਤ ਦੀ ਹਿੱਕ ਤੇ ਸੂਰਜ ਧਰਨਾ ਹੈ ਹਰ ਹਾਲ।

'ਹਰਦਮ' ਝੁਲਦਾ ਰੱਖਿਆ ਜਿਸ ਨੇ ਜੀਵਨ ਦਾ ਪਰਚਮ
'ਮਾਨ' ਓਸ ਸੁਪਨੇ ਨੂੰ ਸਿਜਦਾ ਕਰਨਾ ਹੈ ਹਰ ਹਾਲ।