Tuesday, October 27, 2009

ਧਰਤ ਤੋਂ ਆਕਾਸ਼ ਤੱਕ

ਗ਼ਜ਼ਲ/ਹਰਦਮ ਸਿੰਘ ਮਾਨ

ਧਰਤ ਤੋਂ ਆਕਾਸ਼ ਤੱਕ ਹੈ ਪਸਰਿਆ ਹੰਕਾਰ ਵੇਖ।
ਰਹਿ ਗਿਆ ਸਿਮਟ ਕੇ ਅੱਜ ਬੰਦੇ ਦਾ ਆਕਾਰ ਵੇਖ।

ਆਦਮੀ ਦੇ ਜ਼ਿਹਨ ਵਿਚ ਕਾਲਾ ਹਨੇਰ ਹੈ ਅਜੇ
ਤਾਂ ਹੀ ਤਾਂ ਹਰ ਸ਼ਹਿਰ, ਪਿੰਡ 'ਤੇ ਧੁੰਦ ਦਾ ਅਧਿਕਾਰ ਵੇਖ।

ਜ਼ਿੰਦਗੀ ਦੀ ਗੋਦ ਵਿਚ ਮਦਹੋਸ਼ ਨਾ ਹੋ ਇਸ ਤਰਾਂ
ਲਟਕਦੀ ਦੀ ਸਿਰ ਤੇ ਹਰ ਪਲ ਵਕਤ ਦੀ ਤਲਵਾਰ ਵੇਖ।

ਤੂੰ ਤਾਂ ਆਪਣੀ ਸੋਚ ਦੇ ਹੀ ਹਾਸ਼ੀਏ ਵਿਚ ਕੈਦ ਹੈਂ?
ਜੇ ਨਜ਼ਾਰਾ ਤੱਕਣੈਂ ਤਾਂ ਜ਼ਿਹਨ ਦੇ ਉਸ ਪਾਰ ਵੇਖ।

ਓਸਨੇ ਆਕਾਸ਼ ਵਿਚ ਭਰਨੀ ਹੈ ਕੀ ਪਰਵਾਜ਼ ਫਿਰ
ਜੋ ਕਬੂਤਰ ਛਤਰੀ ਉਤੇ ਬਹਿ ਗਿਆ ਆਹਾਰ ਵੇਖ।

ਦਹਿਲ ਜਾਊ ਦਿਲ ਤੇਰਾ, ਪਥਰਾ ਜਾਊ ਤੇਰੀ ਨਜ਼ਰ
ਆਪਣੇ ਹੀ ਹਰਫ਼ਾਂ ਹੱਥੋਂ ਮਰ ਰਿਹਾ ਅਖਬਾਰ ਵੇਖ।

Saturday, October 17, 2009

ਵਕਤ ਦੇ ਦਾਅ-ਪੇਚ

ਗ਼ਜ਼ਲ/ਹਰਦਮ ਸਿੰਘ ਮਾਨ
ਵਕਤ ਦੇ ਦਾਅ-ਪੇਚ ਸਾਰੇ ਜੇ ਮੈਂ ਹੁੰਦਾ ਜਾਣਦਾ।
ਮੈਂ ਵੀ ਤਾਂ ਹੋ ਜਾਵਣਾ ਸੀ ਜ਼ਿੰਦਗੀ ਦੇ ਹਾਣਦਾ।

ਉਸ ਨੇ ਕੇਰਾਂ ਸੁਪਨੇ ਅੰਦਰ ਵੇਖੀ ਸੀ ਵਗਦੀ ਨਦੀ
ਰਾਤ ਦਿਨ ਉਹ ਫਿਰ ਰਿਹਾ ਹੈ ਟਿੱਬਿਆਂ ਨੂੰ ਛਾਣਦਾ।

ਸ਼ੋਖ਼ ਰੰਗਾਂ ਦੀ ਅਦਾ ਤੋਂ ਹਰ ਕੋਈ ਕੁਰਬਾਨ ਹੈ
ਕੌਣ ਏਥੇ ਫੁੱਲਾਂ ਦੀ ਖੁਸ਼ਬੋਈ ਨੂੰ ਹੈ ਮਾਣਦਾ।

ਕੀ ਪਤਾ ਸੀ ਲਾਸ਼ ਉਸ ਦੀ ਧੁੱਪ 'ਚ ਇਉਂ ਸੜਦੀ ਰਹੂ
ਆਪਣੇ ਪਰਛਾਵੇਂ ਤੇ ਵੀ ਜੋ ਸੀ ਛਤਰੀ ਤਾਣਦਾ।

ਕਦ ਕਿਸੇ ਨੇ ਸਮਝਿਆ ਹੈ ਟਾਹਣੀਆਂ ਦੇ ਦਰਦ ਨੂੰ
ਧੁੱਪ 'ਚ ਸੜਦੇ ਰੁੱਖਾਂ ਦੀ ਛਾਂ ਹਰ ਕੋਈ ਹੈ ਮਾਣਦਾ।

Wednesday, October 7, 2009

ਚੰਦ ਪਲਾਂ ਦੀ ਖੁਸ਼ਬੂ

ਗ਼ਜ਼ਲ/ਹਰਦਮ ਸਿੰਘ ਮਾਨ
ਹੋਇਆ ਕੀ ਜੇ ਚਾਰ ਚੁਫੇਰੇ ਨੇਰ੍ਹਾ ਹੈ।
ਨੇਰ੍ਹੇ ਦੀ ਕੁੱਖ ਵਿਚ ਹੀ ਸੋਨ ਸਵੇਰਾ ਹੈ।

ਚੰਦ ਪਲਾਂ ਦੀ ਖੁਸ਼ਬੂ ਹੈ, ਅਹੁ ਜਿਸਮਾਂ ਦੀ
ਆਹ ਮੁੜ੍ਹਕੇ ਦਾ ਜੀਵਨ ਬਹੁਤ ਲੰਮੇਰਾ ਹੈ।

ਝੀਥਾਂ ਵਿਚਦੀ ਵੇਖਣ ਜੀਵਨ ਚਿੱਤਰ ਜੋ
ਉਹ ਕੀ ਜਾਣਨ ਇਸ ਦਾ ਕੌਣ ਚਿਤੇਰਾ ਹੈ।

ਬੱਦਲਾਂ ਦੀ ਛਾਂ ਉਤੇ ਤੈਨੂੰ ਮਾਣ ਬੜਾ
ਬੋਹੜਾਂ ਦੀ ਛਾਂ ਵਰਗਾ ਸਾਡਾ ਜੇਰਾ ਹੈ।

ਬੂਹੇ ਉਤੇ ਫੁੱਲਾਂ ਲੱਦੀ ਵੇਲ ਸਜੇ
ਘਰ ਅੰਦਰ ਤਾਂ ਪਤਝੜ ਦਾ ਬਸੇਰਾ ਹੈ।

ਮੜ੍ਹੀਆਂ ਵਿਚ ਨੇ ਜੋਤਾਂ ਲਟ ਲਟ ਬਲ ਰਹੀਆਂ
ਦੀਵੇ ਬਾਝੋਂ ਸੱਖਣਾ ਪਿਆ ਬਨੇਰਾ ਹੈ।

ਦੌਲਤਮੰਦਾਂ ਦੀ ਬਸਤੀ ਵਿਚ ਰਹਿੰਦੈ 'ਮਾਨ'
ਉਸ ਦਾ ਤਾਂ ਹਰ ਪਲ ਹੀ ਡਾਂਗ ਤੇ ਡੇਰਾ ਹੈ।